ਸੰਜੇ ਵਰਮਾ ਕਤਲ ਕੇਸ ’ਚ ਰਾਜਸਥਾਨ ਤੋਂ ਤਿੰਨ ਗਿ੍ਰਫਤਾਰ

0
97

ਫਾਜ਼ਿਲਕਾ : ਅਬੋਹਰ ਦੇ ਮਸ਼ਹੂਰ ਕਾਰੋਬਾਰੀ ਸੰਜੇ ਵਰਮਾ ਦੇ ਕਤਲ ਮਾਮਲੇ ਵਿੱਚ ਪੁਲਸ ਨੇ ਰਾਜਸਥਾਨ ਦੇ ਬੀਕਾਨੇਰ ਤੋਂ ਤਿੰਨ ਮੁਲਜ਼ਮਾਂ ਨੂੰ ਗਿ੍ਰਫਤਾਰ ਕੀਤਾ ਹੈ।
ਐੱਸ ਐੱਸ ਪੀ ਗੁਰਮੀਤ ਸਿੰਘ, ਡੀ ਐੱਸ ਪੀ ਡੀ ਬਲਕਾਰ ਸਿੰਘ ਅਤੇ ਡੀ ਐੱਸ ਪੀ ਦੇਹਾਤੀ ਤੇਜਿੰਦਰ ਪਾਲ ਸਿੰਘ ਨੇ ਦੱਸਿਆ ਕਿ ਜਿੱਥੇ ਪੁਲਸ ਟੀਮ ਨੇ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਨਾਲ ਮਿਲ ਕੇ ਕੁਝ ਦਿਨ ਪਹਿਲਾਂ ਪਟਿਆਲਾ ਦੇ ਜਸਪ੍ਰੀਤ ਸਿੰਘ ਅਤੇ ਰਾਮ ਰਤਨ ਨੂੰ ਗਿ੍ਰਫਤਾਰ ਕੀਤਾ ਸੀ, ਉੱਥੇ ਹੁਣ ਬੀਕਾਨੇਰ ਦੇ ਥਾਣਾ ਜਗਰਾਸਰ ਦੇ ਪਿੰਡ ਕੁਚੋਰ ਦੇ ਵਸਨੀਕ ਇੰਦਰਪਾਲ ਬਿਸ਼ਨੋਈ, ਸੰਦੀਪ ਖਿੱਚੜ ਅਤੇ ਪਵਨ ਖਿੱਚੜ ਨੂੰ ਗਿ੍ਰਫਤਾਰ ਕੀਤਾ ਹੈ, ਜਦੋਂ ਕਿ ਮੁੱਖ ਮੁਲਜ਼ਮ ਅਜ਼ੀਮਗੜ੍ਹ ਦਾ ਸ਼ਕਤੀ ਕੁਮਾਰ ਅਤੇ ਦੋ ਹੋਰ ਨੌਜਵਾਨ ਗਿ੍ਰਫਤ ਤੋਂ ਬਾਹਰ ਹਨ। ਐੱਸ ਐੱਸ ਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਸੰਜੇ ਵਰਮਾ ਕਤਲ ਕਾਂਡ ਵਿੱਚ ਸ਼ਾਮਲ ਸ਼ੂਟਰ ਫੜੇ ਗਏ ਤਿੰਨ ਨੌਜਵਾਨਾਂ ਨਾਲ ਹੀ ਰਹੇ ਸਨ ਅਤੇ ਇਨ੍ਹਾਂ ਲੋਕਾਂ ਨੇ ਉਨ੍ਹਾਂ ਨੂੰ ਪੈਸੇ ਟਰਾਂਸਫਰ ਕੀਤੇ ਸਨ। ਤਿੰਨ ਨੌਜਵਾਨਾਂ ਵਿੱਚੋਂ ਇੱਕ ਪੀ ਜੀ ਚਲਾਉਂਦਾ ਹੈ ਅਤੇ ਬਾਕੀ ਦੋ ਆਪਣਾ ਕਾਰੋਬਾਰ ਕਰਦੇ ਹਨ। ਐੱਸ ਐੱਸ ਪੀ ਨੇ ਕਿਹਾ ਕਿ ਤਿੰਨਾਂ ਨੇ ਸ਼ੂਟਰਾਂ ਨੂੰ ਲਗਭਗ 1.5 ਲੱਖ ਰੁਪਏ ਦਾ ਭੁਗਤਾਨ ਕੀਤਾ ਸੀ। ਸੰਜੇ ਨੂੰ ਕਿਉਂ ਮਾਰਿਆ ਗਿਆ, ਇਸ ਦਾ ਖੁਲਾਸਾ ਜਲਦੀ ਹੀ ਕੀਤਾ ਜਾਵੇਗਾ। ਉਹ ਬਹੁਤ ਸਾਰੀਆਂ ਅੰਦਰੂਨੀ ਗੱਲਾਂ ਨਹੀਂ ਦੱਸ ਸਕਦੇ, ਕਿਉਂਕਿ ਇਹ ਕੇਸ ਨੂੰ ਪ੍ਰਭਾਵਤ ਕਰ ਸਕਦੀਆਂ ਹਨ।