ਚੰਡੀਗੜ੍ਹ : ਗੁਰੂਗ੍ਰਾਮ ਦੇ ਸੈਕਟਰ 57 ਦੇ ਸੁਸ਼ਾਂਤ ਲੋਕ ਸਥਿਤ ਘਰ ਵਿੱਚ ਵੀਰਵਾਰ ਦੁਪਹਿਰ ਦੀਪਕ ਯਾਦਵ ਵੱਲੋਂ ਆਪਣੀ ਸਾਬਕਾ ਸੂਬਾ ਪੱਧਰੀ ਟੈਨਿਸ ਖਿਡਾਰਨ ਰਾਧਿਕਾ ਯਾਦਵ (25) ਦੀ ਗੋਲੀ ਮਾਰ ਕੇ ਹੱਤਿਆ ਨੂੰ ਉਸ ਦੇ ਇੰਸਟਾਗ੍ਰਾਮ ਰੀਲਾਂ ਬਣਾਉਣ ਨਾਲ ਜੋੜਨ ਦੇ ਸ਼ੁਰੂਆਤੀ ਦਾਅਵਿਆਂ ਦੇ ਉਲਟ ਪੁਲਸ ਨੇ ਇੰਕਸ਼ਾਫ ਕੀਤਾ ਹੈ ਕਿ ਦਰਅਸਲ ਬਾਪ-ਬੇਟੀ ਵਿਚਾਲੇ ਉਸ ਟੈਨਿਸ ਅਕੈਡਮੀ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ, ਜਿਸ ਨੂੰ ਰਾਧਿਕਾ ਚਲਾ ਰਹੀ ਸੀ। ਦੀਪਕ ਅਕੈਡਮੀ ਦੇ ਪ੍ਰਬੰਧਨ ਤੋਂ ਨਾਖੁਸ਼ ਸੀ, ਸਮਾਜੀ ਦਬਾਅ ਅਤੇ ਰਿਸ਼ਤੇਦਾਰਾਂ ਦੇ ਤਾਅਨਿਆਂ-ਮਿਹਣਿਆਂ ਤੋਂ ਨਿਰਾਸ਼ ਸੀ, ਜੋ ਉਸ ਦਾ ਇਕ ਕਹਿ ਕੇ ਮਜ਼ਾਕ ਉਡਾਉਂਦੇ ਸਨ ਕਿ ਉਹ ਆਪਣੀ ਧੀ ਦੇ ਪੈਸਿਆਂ ਉਤੇ ਨਿਰਭਰ ਹੈ। ਏ ਸੀ ਪੀ ਯਸ਼ਵੰਤ ਯਾਦਵ ਨੇ ਕਿਹਾ, ‘ਉਹ (ਦੀਪਕ ਯਾਦਵ) ਚਾਹੁੰਦਾ ਸੀ ਕਿ ਉਹ ਅਕੈਡਮੀ ਬੰਦ ਕਰ ਦੇਵੇ, ਪਰ ਉਸ ਨੇ ਇਨਕਾਰ ਕਰ ਦਿੱਤਾ। ਉਸ ਨੇ ਅਖੀਰ ਇਸੇ ਵਿਵਾਦ ਕਾਰਨ ਉਸ ਨੂੰ ਗੋਲੀ ਮਾਰ ਦਿੱਤੀ।’
ਸੈਕਟਰ 56 ਪੁਲਸ ਸਟੇਸ਼ਨ ਵਿੱਚ ਦਰਜ ਕੀਤੀ ਗਈ ਇੱਕ ਐੱਫ ਆਈ ਆਰ ਵਿੱਚ ਦੀਪਕ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਉਹ ਘਟਨਾ ਤੋਂ 15 ਦਿਨਾਂ ਪਹਿਲਾਂ ਤੋਂ ਉਦਾਸ ਸੀ। ਲਗਾਤਾਰ ਆਲੋਚਨਾ ਕਾਰਨ ਉਹ ਬੇਇੱਜ਼ਤੀ ਮਹਿਸੂਸ ਕਰ ਰਿਹਾ ਸੀ। ਗੋਲੀਬਾਰੀ ਪਰਵਾਰ ਦੀ ਰਸੋਈ ਵਿੱਚ ਹੋਈ। ਦੀਪਕ ਨੇ ਆਪਣੇ ਲਸੰਸੀ .32 ਬੋਰ ਰਿਵਾਲਵਰ ਨਾਲ ਰਾਧਿਕਾ ’ਤੇ ਪੰਜ ਗੋਲੀਆਂ ਚਲਾਈਆਂ, ਜਿਨ੍ਹਾਂ ਵਿੱਚੋਂ ਤਿੰਨ ਗੋਲੀਆਂ ਉਸ ਦੀ ਪਿੱਠ ਵਿੱਚ ਲੱਗੀਆਂ। ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪਰਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਯਾਦਵ ਨੂੰ ਥੋੜ੍ਹੀ ਦੇਰ ਬਾਅਦ ਗਿ੍ਰਫਤਾਰ ਕਰ ਲਿਆ ਗਿਆ। ਰਾਧਿਕਾ ਦੀ ਮਾਂ ਮੰਜੂ ਯਾਦਵ ਨੇ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ। ਉਸ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਜਦੋਂ ਘਟਨਾ ਵਾਪਰੀ ਤਾਂ ਉਹ ਬਿਮਾਰ ਸੀ ਅਤੇ ਘਰ ਵਿੱਚ ਨਹੀਂ ਸੀ। ਉਧਰ, ਮਿ੍ਰਤਕਾ ਦੇ ਚਾਚਾ ਕੁਲਦੀਪ ਯਾਦਵ ਦੀ ਸ਼ਿਕਾਇਤ ਦੇ ਆਧਾਰ ’ਤੇ ਦਰਜ ਕੀਤੀ ਗਈ ਐੱਫ ਆਈ ਆਰ ਦੇ ਅਨੁਸਾਰ ਮੰਜੂ ਯਾਦਵ ਘਟਨਾ ਵੇਲੇ ਘਰ ਦੀ ਪਹਿਲੀ ਮੰਜ਼ਲ ’ਤੇ ਮੌਜੂਦ ਸੀ। ਕੁਲਦੀਪ ਯਾਦਵ ਨੇ ਕਿਹਾ ਕਿ ਦੀਪਕ, ਮੰਜੂ ਅਤੇ ਰਾਧਿਕਾ ਸੈਕਟਰ 57 ਵਿੱਚ ਘਰ ਦੀ ਪਹਿਲੀ ਮੰਜ਼ਲ ’ਤੇ ਰਹਿੰਦੇ ਸਨ, ਜਦੋਂ ਕਿ ਉਹ (ਕੁਲਦੀਪ) ਆਪਣੇ ਪਰਵਾਰ ਨਾਲ ਜ਼ਮੀਨੀ ਮੰਜ਼ਲ ’ਤੇ ਰਹਿੰਦਾ ਸੀ।
ਐੱਫ ਆਈ ਆਰ ਵਿੱਚ ਕੁਲਦੀਪ ਯਾਦਵ ਨੇ ਕਿਹਾ ਕਿ ਵੀਰਵਾਰ ਨੂੰ ਸਵੇਰੇ 10.30 ਵਜੇ ਦੇ ਕਰੀਬ ਉਸ ਨੇ ਅਚਾਨਕ ਇੱਕ ਜ਼ੋਰਦਾਰ ਧਮਾਕਾ ਸੁਣਿਆ ਅਤੇ ਪਹਿਲੀ ਮੰਜ਼ਲ ਵੱਲ ਭੱਜਿਆ। ਉਸ ਨੇ ਕਿਹਾ, ‘ਮੈਂ ਆਪਣੀ ਭਤੀਜੀ ਰਾਧਿਕਾ ਨੂੰ ਰਸੋਈ ਵਿੱਚ ਖੂਨ ਨਾਲ ਲੱਥਪੱਥ ਪਈ ਦੇਖਿਆ ਅਤੇ ਰਿਵਾਲਵਰ ਡਰਾਇੰਗ ਰੂਮ ਵਿੱਚੋਂ ਮਿਲਿਆ। ਮੇਰਾ ਪੁੱਤਰ ਪੀਯੂਸ਼ ਯਾਦਵ ਵੀ ਪਹਿਲੀ ਮੰਜ਼ਲ ਵੱਲ ਭੱਜਿਆ। ਅਸੀਂ ਦੋਵਾਂ ਨੇ ਰਾਧਿਕਾ ਨੂੰ ਚੁੱਕਿਆ ਅਤੇ ਉਸ ਨੂੰ ਆਪਣੀ ਕਾਰ ਵਿੱਚ ਸੈਕਟਰ 56 ਦੇ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਰਤਕ ਐਲਾਨ ਦਿੱਤਾ।’
ਇਸ ਤੋਂ ਪਹਿਲਾਂ ਪੁਲਸ ਨੇ ਕਿਹਾ ਕਿ ਇਹ ਘਟਨਾ ਦੁਪਹਿਰ 2 ਵਜੇ ਦੇ ਕਰੀਬ ਵਾਪਰੀ, ਜਦੋਂ ਰਾਧਿਕਾ ਪਹਿਲੀ ਮੰਜ਼ਲ ’ਤੇ ਰਸੋਈ ਵਿੱਚ ਖਾਣਾ ਬਣਾ ਰਹੀ ਸੀ। ਕੁਲਦੀਪ ਯਾਦਵ ਨੇ ਕਿਹਾ ਕਿ ਜਦੋਂ ਘਟਨਾ ਵਾਪਰੀ ਤਾਂ ਸਿਰਫ ਦੀਪਕ, ਉਸਦੀ ਪਤਨੀ ਅਤੇ ਧੀ ਘਰ ਦੀ ਪਹਿਲੀ ਮੰਜ਼ਲ ’ਤੇ ਸਨ। ਘਟਨਾ ਸਮੇਂ ਦੀਪਕ ਦਾ ਪੁੱਤਰ ਧੀਰਜ ਉੱਥੇ ਮੌਜੂਦ ਨਹੀਂ ਸੀ। ਪਹਿਲਾਂ ਕਿਹਾ ਗਿਆ ਸੀ ਕਿ ਉਸ ਦੀ ਮਾਂ ਜ਼ਮੀਨੀ ਮੰਜ਼ਲ ’ਤੇ ਸੀ ਅਤੇ ਗੋਲੀਆਂ ਦੀ ਆਵਾਜ਼ ਸੁਣ ਕੇ ਉਹ ਉੱਪਰ ਵੱਲ ਭੱਜੀ ਸੀ।



