ਪਾਰਟੀ ਕਾਂਗਰਸ ਫੰਡ ਲਈ ਉਤਸ਼ਾਹਜਨਕ ਹੁੰਗਾਰਾ

0
80

ਚੰਡੀਗੜ੍ਹ : ਕਾਮਰੇਡ ਗੁਰਨਾਮ ਸਿੰਘ, ਜੋ ਪਹਿਲਾਂ ਬੀ ਬੀ ਐੱਮ ਬੀ ਵਰਕਰਜ਼ ਯੂਨੀਅਨ ਵਿਚ ਏਟਕ ਦੇ ਆਗੂ ਰਹੇ ਅਤੇ ਲਗਾਤਾਰ ਸਰਗਰਮੀਆਂ ਕਰਦੇ ਰਹੇ ਅਤੇ ਹੁਣ ਰੋਪੜ ਜ਼ਿਲ੍ਹਾ ਪਾਰਟੀ ਆਗੂ ਦੇ ਤੌਰ ’ਤੇ ਸਰਗਰਮ ਹਨ, ਨੇ ਸ਼ੁੱਕਰਵਾਰ ਸੂਬਾ ਦਫਤਰ ਵਿਚ ਆ ਕੇ ਸੂਬਾ ਸਕੱਤਰ ਬੰਤ ਸਿੰਘ ਬਰਾੜ ਨੂੰ ਇਕ ਪੰਜਾਹ ਹਜ਼ਾਰ ਰੁਪਏ ਦਾ ਚੈੱਕ ਆਪਣੇ ਵੱਲੋਂ ਅਤੇ ਇਕ ਦਸ ਹਜ਼ਾਰ ਰੁਪਏ ਦਾ ਚੈੱਕ ਆਪਣੀ ਲੜਕੀ ਵੱਲੋਂ ਅਤੇ ਉਨੀ ਹਜ਼ਾਰ ਇਕ ਸੌ ਰੁਪਏ ਜ਼ਿਲ੍ਹਾ ਰੋਪੜ ਦੀ ਪਾਰਟੀ ਵੱਲੋਂ ਪੇਸ਼ ਕੀਤੇ (ਉਹਨਾ ਕਿਹਾ ਕਿ ਉਹ ਹੋਰ ਵੀ ਫੰਡ ਇਕੱਠਾ ਕਰਨਗੇ ਅਤੇ ਆਪਣੇ ਵੱਲੋਂ ਹੋਰ ਸਹਾਇਤਾ ਵੀ ਦੇਣਗੇ). ਸਾਥੀ ਬਰਾੜ ਨੇ ਉਹਨਾ ਦੇ ਇਸ ਹੰਭਲੇ ਦੀ ਪ੍ਰਸੰਸਾ ਕਰਦਿਆਂ ਪਾਰਟੀ ਕਾਂਗਰਸ ਲਈ ਹੋਰ ਯੋਗਦਾਨ ਦਾ ਭਰੋਸਾ ਪ੍ਰਗਟ ਕੀਤਾ।
ਮਰਹੂਮ ਕਮਿਊਨਿਸਟ ਤੇ ਕਿਸਾਨ ਆਗੂ ਕਾਮਰੇਡ ਅੱਛਰਾ ਸਿੰਘ ਕਿਸੇ ਜਾਣਕਾਰੀ ਦੇ ਮੁਥਾਜ ਨਹੀਂ। 1936 ’ਚ ਕਿਸਾਨ ਪਰਵਾਰ ’ਚ ਜਨਮੇ ਕਾਮਰੇਡ ਅੱਛਰਾ ਸਿੰਘ ਨੇ ਮੁਢਲੀ ਵਿਦਿਆ ਅਮਰਗੜ੍ਹ ਤੇ ਡਿਗਰੀ ਗੌਰਮਿੰਟ ਕਾਲਜ ਮਾਲੇਰਕੋਟਲਾ ਤੋਂ ਕਰਨ ਉਪਰੰਤ ਅਰਥ ਸ਼ਾਸਤਰ (ਇਕਨਾਮਿਕਸ) ਦੀ ਐੱਮ ਏ ਪਹਿਲਾਂ ਗੌਰਮਿੰਟ ਕਾਲਜ ਹੁਸ਼ਿਆਰਪੁਰ ਤੇ ਬਾਅਦ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਕੀਤੀ, ਜਿਥੇ ਉਹ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਵਿਦਿਆਰਥੀ ਵੀ ਰਹੇ। ਕਾਲਜ ਵਿੱਚ ਬਤੌਰ ਲੈਕਚਰਾਰ ਦੀ ਚੋਣ ਹੋਣ ਦੇ ਬਾਵਜੂਦ ਉਹਨਾ ਨੌਕਰੀ ਜੁਆਇੰਨ ਨਹੀਂ ਕੀਤੀ, ਸਗੋਂ ਲੋਕ ਸੇਵਾ ਨੂੰ ਪਹਿਲ ਦਿੰਦਿਆਂ ਭਾਰਤੀ ਕਮਿਊਨਿਸਟ ਪਾਰਟੀ ਲਈ ਕੰਮ ਸ਼ੁਰੂ ਕਰ ਦਿੱਤਾ। ਇਹ ਉਹਨਾ ਦੀ ਹਰਮਨਪਿਆਰਤਾ ਦਾ ਸਬੂਤ ਹੈ ਕਿ ਉਹ ਦੋ ਵਾਰ ਪਿੰਡ ਦੇ ਸਰਪੰਚ, ਬਲਾਕ ਸੰਮਤੀ ਮਾਲੇਰਕੋਟਲਾ ਦੇ ਮੈਂਬਰ, ਸੰਗਰੂਰ ਸਹਿਕਾਰੀ ਬੈਂਕ ਦੇ ਡਾਇਰੈਕਟਰ ਅਤੇ ਫਿਰ ਧੂਰੀ ਵਿਧਾਨ ਸਭਾ ਹਲਕੇ ਤੋਂ 1972-1977 ਵਿੱਚ ਪੰਜਾਬ ਵਿਧਾਨ ਸਭਾ ਲਈ ਚੁਣੇ ਗਏ।ਉਹ ਲੰਮਾ ਸਮਾਂ ਪਾਰਟੀ ਦੀ ਪੰਜਾਬ ਸ਼ਾਖਾ ਦੇ ਸੂਬਾ ਕੌਂਸਲ ਮੈਂਬਰ ਤੇ ਬਾਅਦ ਵਿੱਚ ਕੰਟਰੋਲ ਕਮਿਸ਼ਨ ਦੇ ਚੇਅਰਮੈਨ ਰਹੇ। ਉਹਨਾ ਦੇ ਬੱਚੇ ਪਿਤਾ ਦੀ ਤਰ੍ਹਾਂ ਭਾਰਤੀ ਕਮਿਊਨਿਸਟ ਪਾਰਟੀ ਦੀ ਹਰ ਤਰ੍ਹਾਂ ਦੀ ਮਦਦ ਕਰਨ ਵਿੱਚ ਖੁਸ਼ੀ ਮਹਿਸੂਸ ਕਰਦੇ ਹਨ। ਸੰਗਰੂਰ ਪਾਰਟੀ ਦੇ ਜ਼ਿਲ੍ਹਾ ਸਕੱਤਰ ਸੁਖਦੇਵ ਸ਼ਰਮਾ ਨੇ ਦੱਸਿਆ ਕਿ ਡਾਕਟਰ ਇੰਦਰਵੀਰ ਗਿੱਲ ਦੀ ਅਪੀਲ ’ਤੇ ਕਾਮਰੇਡ ਅੱਛਰਾ ਸਿੰਘ ਦੀ ਸਪੁੱਤਰੀ ਡਾਕਟਰ ਬਲਜੀਤ ਗਰੇਵਾਲ, ਜੋ ਕਿ ਸਿਹਤ ਵਿਭਾਗ ਪੰਜਾਬ ’ਚੋਂ ਡਿਪਟੀ ਡਾਇਰੈਕਟਰ ਦੇ ਉੱਚੇ ਅਹੁਦੇ ਤੋਂ ਰਿਟਾਇਰ ਹੋਏ ਹਨ, ਨੇ ਕਮਿਊਨਿਸਟ ਪਿਤਾ ਦੀ ਯਾਦ ਵਿੱਚ 50 ਹਜ਼ਾਰ ਰੁਪਏ ਪਾਰਟੀ ਸੰਮੇਲਨ ਲਈ ਭੇਜੇ ਹਨ।
ਸੀ ਪੀ ਆਈ ਦੇ ਸੂਬਾ ਸਕੱਤਰ ਬੰਤ ਸਿੰਘ ਬਰਾੜ ਨੇ ਪਰਵਾਰ ਦਾ ਪਾਰਟੀ ਮਹਾਂ-ਸੰਮੇਲਨ ਜਿਹੇ ਮਹਾਨ ਕਾਰਜ ਵਾਸਤੇ ਵੱਡੀ ਮਦਦ ਲਈ ਸ਼ੁਕਰੀਆ ਅਦਾ ਕਰਦਿਆਂ ਕਿਹਾ ਕਿ ਪਰਵਾਰ ਦਾ ਇਹ ਕਦਮ ਸਿਰਫ ਸਲਾਹੁਣਯੋਗ ਹੀ ਨਹੀਂ, ਸਗੋਂ ਬਾਕੀ ਪਰਵਾਰਾਂ ਲਈ ਵੀ ਪ੍ਰੇਰਨਾਸਰੋਤ ਹੈ। ਉਹਨਾ ਟੈਲੀਫੋਨ ਰਾਹੀਂ ਡਾਕਟਰ ਬਲਜੀਤ ਗਰੇਵਾਲ ਤੇ ਪਰਵਾਰ ਦਾ ਆਪਣੇ ਵੱੱਲੋਂ ਨਿੱਜੀ ਤੌਰ ’ਤੇ ਅਤੇ ਸਮੁੱਚੀ ਪਾਰਟੀ ਵੱਲੋਂ ਧੰਨਵਾਦ ਕੀਤਾ।