ਬਠਿੰਡਾ : ਸ਼ਹਿਰ ਵਿੱਚੋਂ ਲੰਘਦੇ ਰਜਵਾਹੇ ਵਿੱਚ ਬੁਰਜੀ ਨੰਬਰ 40 ਨੇੜੇ ਸੱਜੇ ਪਾਸੇ ਕਰੀਬ 100 ਫੁੱਟ ਪਾੜ ਪੈਣ ਨਾਲ ਹਾਊਸਫੈੱਡ ਕਲੋਨੀ, ਗਣਪਤੀ ਖੇਤਰ ਤੇ ਸਾਈ ਨਗਰ ਦੇ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪਈ। ਸਭ ਤੋਂ ਵੱਧ ਮਾਰ ਸਾਈ ਨਗਰ ਨੂੰ ਪਈ, ਜਿੱਥੇ 3 ਤੋਂ 5 ਫੁੱਟ ਤੱਕ ਪਾਣੀ ਘਰਾਂ ਵਿੱਚ ਵੜ ਗਿਆ। ਲੋਕ ਘਰਾਂ ਨੂੰ ਛੱਡਣ ਲਈ ਮਜਬੂਰ ਹੋ ਗਏ। ਘਰੇਲੂ ਸਮਾਨ ਦੇ ਨਾਲ ਵਾਹਨ ਵੀ ਨੁਕਸਾਨੇ ਗਏ।
ਨਹਿਰੀ ਮਹਿਕਮੇ ਦੇ ਕਰਮਚਾਰੀਆਂ ਨੂੰ ਪਾੜ ਵੱਡਾ ਹੋਣ ਕਾਰਨ ਬੰਨ੍ਹ ਮਾਰਨ ਲਈ ਮੁਸ਼ੱਕਤ ਕਰਨੀ ਪੈ ਰਹੀ ਹੈ। ਇਲਾਕੇ ਦੇ ਕੌਂਸਲਰ ਬਲਰਾਜ ਸਿੰਘ ਪੱਕਾ ਨੇ ਕਿਹਾ ਕਿ ਪਾੜ ਤੜਕੇ 2 ਵਜੇ ਪਿਆ, ਪਰ ਵਿਭਾਗੀ ਟੀਮ ਦਿਨ ਚੜ੍ਹਨ ਤੋਂ ਬਾਅਦ ਹੀ ਮੌਕੇ ’ਤੇ ਪਹੁੰਚੀ। ਇਸ ਕਾਰਨ ਲੋਕ ਰੋਹ ਵਿੱਚ ਹਨ। ਲੋਕਾਂ ਨੇ ਨਹਿਰੀ ਵਿਭਾਗ ਖਿਲਾਫ ਨਾਰਾਜ਼ਗੀ ਜਤਾਉਂਦੇ ਹੋਏ ਅਣਗਹਿਲੀ ਦੇ ਦੋਸ਼ ਲਾਏ ਹਨ। ਲੋਕਾਂ ਦਾ ਕਹਿਣਾ ਹੈ ਕਿ ਵਿਭਾਗ ਵੱਲੋਂ ਕਾਫੀ ਲੰਮੇ ਸਮੇਂ ਤੋਂ ਸੂਏ ਦੀ ਸਫਾਈ ਨਹੀਂ ਕਰਵਾਈ ਗਈ। ਐਕਸੀਅਨ ਸੁਖਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਰਜਵਾਹੇ ਉੱਪਰੋਂ ਲੰਘਦੀ ਵਾਟਰ ਸਪਲਾਈ ਦੀ ਪਾਈਪ ਲਾਈਨ ਟੁੱਟ ਜਾਣ ਕਾਰਨ ਪਟੜੀ ਦੀ ਮਿੱਟੀ ਖੁਰ ਗਈ, ਜਿਸ ਕਾਰਨ ਪਾੜ ਪੈ ਗਿਆ। ਪਿੱਛੋਂ ਪਾਣੀ ਬੰਦ ਕਰਵਾ ਦਿੱਤਾ ਗਿਆ ਹੈ ਤੇ ਰਜਵਾਹੇ ਦੀ ਕੰਧ ਨੂੰ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।





