ਨਾਗਪੁਰ : ਰਾਸ਼ਟਰੀ ਸੋਇਮਸੇਵਕ ਸੰਘ (ਆਰ ਐੱਸ ਐੱਸ) ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਹੈ ਕਿ 75 ਦੀ ਉਮਰ ਹੋਣ ਦੇ ਬਾਅਦ ਦੂਜਿਆਂ ਨੂੰ ਵੀ ਮੌਕਾ ਦੇਣਾ ਚਾਹੀਦਾ ਹੈ। ਜਦੋਂ ਤੁਹਾਨੂੰ 75 ਸਾਲ ਪੂਰੇ ਹੋਣ ’ਤੇ ਸ਼ਾਲ ਓਡਾਈ ਜਾਂਦੀ ਹੈ ਤਾਂ ਇਸ ਦਾ ਮਤਲਬ ਹੁੰਦਾ ਹੈ ਕਿ ਤੁਹਾਡੀ ਉਮਰ ਹੋ ਚੁੱਕੀ ਹੈ, ਹੁਣ ਥੋੜ੍ਹਾ ਪਾਸੇ ਹੋ ਜਾਣਾ ਚਾਹੀਦਾ ਹੈ। ਭਾਗਵਤ ਨੇ ਇਹ ਗੱਲ 9 ਜੁਲਾਈ ਨੂੰ ਰਾਮ ਜਨਮ ਭੂਮੀ ਅੰਦੋਲਨ ਦੇ ਪ੍ਰੇਰਕ ਮਰਹੂਮ ਮੋਰੋਪੰਤ ਪਿੰਗਲੇ ’ਤੇ ਲਿਖੀ ਪੁਸਤਕ ਦੇ ਵਿਮੋਚਨ ਪ੍ਰੋਗਰਾਮ ਵਿੱਚ ਕਹੀ। ਹਾਲਾਂਕਿ ਭਾਗਵਤ ਨੇ ਮੋਦੀ ਦਾ ਨਾਂਅ ਨਹੀਂ ਲਿਆ, ਪਰ ਲੋਕ ਇਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਜੋੜ ਰਹੇ ਹਨ। ਮੋਦੀ ਤੇ ਭਾਗਵਤ ਇਸ ਸਾਲ ਸਤੰਬਰ ਵਿੱਚ 75 ਸਾਲ ਦੇ ਹੋ ਜਾਣਗੇ। ਭਾਗਵਤ 11 ਸਤੰਬਰ ਤੇ ਮੋਦੀ 17 ਸਤੰਬਰ ਨੂੰ 75 ਪੂਰੇ ਕਰਨਗੇ।
ਸ਼ਿਵ ਸੈਨਾ (ਯੂ ਬੀ ਟੀ) ਦੇ ਆਗੂ ਸੰਜੇ ਰਾਉਤ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਜਸਵੰਤ ਸਿੰਘ ਵਰਗੇ ਵੱਡੇ ਆਗੂਆਂ ਨੂੰ ਜਬਰੀ ਰਿਟਾਇਰ ਕਰਵਾ ਦਿੱਤਾ ਸੀ। ਹੁਣ ਦੇਖਦੇ ਹਾਂ ਕਿ ਮੋਦੀ ਇਸ ਦੀ ਖੁਦ ਪਾਲਣਾ ਕਰਨਗੇ ਜਾਂ ਨਹੀਂ।
ਭਾਜਪਾ ਵਿੱਚ ਇੱਕ ਨਿਸਚਿਤ ਉਮਰ ਤੱਕ ਅਹੁਦੇ ’ਤੇ ਬਣੇ ਰਹਿਣ ਨੂੰ ਲੈ ਕੇ ਕੋਈ ਅਧਿਕਾਰਤ ਨਿਯਮ ਨਹੀਂ ਹੈ। ਹਾਲਾਂਕਿ ਕੁਝ ਪੱਧਰਾਂ ’ਤੇ ਉਮਰ ਸੀਮਾ ਲਾਗੂ ਕੀਤੀ ਗਈ ਹੈ। ਮਿਸਾਲ ਲਈ ਛੱਤੀਸਗੜ੍ਹ ਭਾਜਪਾ ਨੇ ਮੰਡਲ ਪ੍ਰਧਾਨ ਦੇ ਅਹੁਦੇ ਲਈ 35 ਤੋਂ 45 ਸਾਲ ਅਤੇ ਜ਼ਿਲ੍ਹਾ ਪ੍ਰਧਾਨ ਲਈ 45 ਤੋਂ 60 ਸਾਲ ਤੱਕ ਦੀ ਉਮਰ ਸੀਮਾ ਨਿਰਧਾਰਤ ਕੀਤੀ ਹੈ। ਉੱਥੇ ਭਾਜਪਾ ਨੇ 2019 ਦੀਆਂ ਲੋਕ ਸਭਾ ਚੋਣਾਂ ਵਿੱਚ 75 ਸਾਲ ਤੋਂ ਵੱਧ ਉਮਰ ਦੇ ਸੀਨੀਅਰ ਆਗੂਆਂ ਨੂੰ ਟਿਕਟ ਨਹੀਂ ਦਿੱਤੀ ਸੀ। ਇਨ੍ਹਾਂ ਵਿੱਚ ਲਾਲ �ਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਸੁਮਿੱਤਰਾ ਮਹਾਜਨ ਤੇ ਕਲਰਾਜ ਮਿਸ਼ਰਾ ਵਰਗੇ ਕਈ ਆਗੂ ਸ਼ਾਮਲ ਸਨ।
2014 ਦੀਆਂ ਲੋਕ ਸਭਾ ਚੋਣਾਂ ਦੇ ਬਾਅਦ ਭਾਜਪਾ ਵਿੱਚ 75 ਸਾਲ ਦੀ ਉਮਰ ਤੋਂ ਵੱਧ ਦੇ ਆਗੂਆਂ ਨੂੰ ਰਿਟਾਇਰ ਕਰਨ ਦਾ ਰੁਝਾਨ ਸ਼ੁਰੂ ਹੋਇਆ ਸੀ। ਪਹਿਲੀ ਵਾਰ ਪ੍ਰਧਾਨ ਮੰਤਰੀ ਬਣੇ ਨਰਿੰਦਰ ਮੋਦੀ ਨੇ ਆਪਣੀ ਕੈਬਨਿਟ ਵਿੱਚ ਇਸ ਤੋਂ ਘੱਟ ਉਮਰ ਦੇ ਆਗੂਆਂ ਨੂੰ ਹੀ ਥਾਂ ਦਿੱਤੀ ਸੀ। ਅਡਵਾਨੀ ਤੇ ਜੋਸ਼ੀ ਨੂੰ ਮਾਰਗ-ਦਰਸ਼ਕ ਮੰਡਲ ਵਿੱਚ ਸ਼ਾਮਲ ਕੀਤਾ ਗਿਆ। 2016 ਵਿੱਚ ਜਦ ਗੁਜਰਾਤ ਦੀ ਮੁੱਖ ਮੰਤਰੀ ਆਨੰਦੀ ਬੇਨ ਪਟੇਲ ਨੇ ਅਸਤੀਫਾ ਦਿੱਤਾ ਤਾਂ ਉਸ ਸਮੇਂ ਉਨ੍ਹਾ ਦੀ ਉਮਰ ਵੀ 75 ਸਾਲ ਸੀ। ਉਸੇ ਸਾਲ ਨਜਮਾ ਹੈਪਤੁਲਾ ਨੇ ਵੀ ਮੋਦੀ ਕੈਬਨਿਟ ਤੋਂ ਅਸਤੀਫਾ ਦਿੱਤਾ, ਜਿਨ੍ਹਾ ਦੀ ਉਮਰ 76 ਸਾਲ ਸੀ। 2019 ਲੋਕ ਸਭਾ ਚੋਣਾਂ ਤੋਂ ਪਹਿਲਾਂ ਵੇਲੇ ਦੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ 75 ਸਾਲ ਤੋਂ ਉੱਪਰ ਦੇ ਕਿਸੇ ਵੀ ਵਿਅਕਤੀ ਨੂੰ ਟਿਕਟ ਨਹੀਂ ਦਿੱਤੀ ਗਈ। ਇਹ ਪਾਰਟੀ ਦਾ ਫੈਸਲਾ ਹੈ। ਉਸ ਚੋਣ ਵਿੱਚ ਸੁਮਿੱਤਰਾ ਮਹਾਜਨ ਤੇ ਹੁਕਮਦੇਵ ਨਾਰਾਇਣ ਯਾਦਵ ਵਰਗੇ ਆਗੂਆਂ ਨੂੰ ਟਿਕਟ ਨਹੀਂ ਦਿੱਤੀ ਗਈ ਸੀ।
ਇਸੇ ਤਰ੍ਹਾਂ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਰਜਿੰਦਰ ਅਗਰਵਾਲ, ਸੰਤੋਸ਼ ਗੰਗਵਾਰ, ਸੱਤਿਆਦੇਵ ਪਚੌਰੀ, ਰੀਟਾ ਬਹੁਗੁਣਾ ਜੋਸ਼ੀ ਦੀ ਟਿਕਟ 75 ਸਾਲ ਪਾਰ ਕਰ ਜਾਣ ਕਾਰਨ ਕੱਟ ਦਿੱਤੀ ਗਈ ਸੀ।
ਲੋਕ ਸਭਾ ਚੋਣਾਂ ਦੌਰਾਨ ਵੀ ਮੋਦੀ ਦੀ ਰਿਟਾਇਰਮੈਂਟ ਨੂੰ ਲੈ ਕੇ ਖੂਬ ਬਿਆਨਬਾਜ਼ੀ ਹੋਈ ਸੀ। ਮਈ 2024 ਵਿੱਚ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਜੇ ਭਾਜਪਾ ਲੋਕ ਸਭਾ ਚੋਣ ਜਿੱਤ ਵੀ ਗਈ ਤਾਂ ਮੋਦੀ ਅਗਲੇ ਸਾਲ ਤੱਕ ਹੀ ਪ੍ਰਧਾਨ ਮੰਤਰੀ ਰਹਿਣਗੇ। ਮੋਦੀ ਨੇ ਖੁਦ 75 ਸਾਲ ਪੂਰੇ ਹੋਣ ’ਤੇ ਰਿਟਾਇਰਮੈਂਟ ਦਾ ਨਿਯਮ ਬਣਾਇਆ ਹੈ। ਉਸੇ ਦਿਨ ਅਮਿਤ ਸ਼ਾਹ ਨੇ ਕਿਹਾ ਸੀਮੈਂ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਭਾਜਪਾ ਦੇ ਸੰਵਿਧਾਨ ਵਿੱਚ ਅਜਿਹੀ ਕੋਈ ਮੱਦ ਨਹੀਂ ਹੈ। ਮੋਦੀ ਜੀ 2029 ਤੱਕ ਦੇਸ਼ ਦੀ ਨੁਮਾਇੰਦਗੀ ਕਰਨਗੇ। ਮੋਦੀ ਜੀ ਆਉਣ ਵਾਲੀਆਂ ਚੋਣਾਂ ਵਿੱਚ ਵੀ ਅਗਵਾਈ ਕਰਨਗੇ।
ਇਸੇ ਤਰ੍ਹਾਂ ਪਾਰਟੀ ਪ੍ਰਧਾਨ ਜੇ ਪੀ ਨੱਢਾ ਨੇ ਕਿਹਾ ਸੀਭਾਜਪਾ ਦੇ ਸੰਵਿਧਾਨ ਵਿੱਚ ਕਿਤੇ ਵੀ ਉਮਰ ਨੂੰ ਲੈ ਕੇ ਅਜਿਹੀ ਕੋਈ ਮੱਦ ਨਹੀਂ ਹੈ। ਅਗਲੇ ਪੰਜ ਸਾਲ ਦੇ ਕਾਰਜਕਾਲ ਵਿੱਚ ਮੋਦੀ ਜੀ ਦੇਸ਼ ਨੂੰ ਨਵੀਂਆਂ ਬੁਲੰਦੀਆਂ ਤੱਕ ਪਹੁੰਚਾਉਣਗੇ। ਮੋਦੀ ਜੀ ਸਾਡੇ ਆਗੂ ਹਨ। ਭਵਿੱਖ ਵਿੱਚ ਵੀ ਸਾਡੀ ਅਗਵਾਈ ਕਰਦੇ ਰਹਿਣਗੇ।



