ਦੁਨੀਆ ਬਦਲ ਰਹੀ ਹੈ

0
153

ਇਸ ਸਮੇਂ ਦੁਨੀਆ ਇੱਕ ਨਵੀਂ ਕਰਵਟ ਲੈ ਰਹੀ ਹੈ। ਸੋਵੀਅਤ ਯੂਨੀਅਨ ਦੀ ਅਗਵਾਈ ਵਾਲੇ ਸਮਾਜਵਾਦੀ ਕੈਂਪ ਦੇ ਢਹਿ-ਢੇਰੀ ਹੋਣ ਤੋਂ ਬਾਅਦ ਅਮਰੀਕਾ ਨੇ ਦੁਨੀਆ ਦਾ ਚੌਧਰੀ ਬਣ ਕੇ ਸਮੁੱਚੇ ਦੇਸ਼ਾਂ ’ਤੇ ਸਾਮਰਾਜੀ ਲੁੱਟ ਅਧਾਰਤ ਆਰਥਕ ਵਿਵਸਥਾ ਥੋਪ ਦਿੱਤੀ ਸੀ। ਇਸ ਵਿਵਸਥਾ ਰਾਹੀਂ ਸਾਮਰਾਜੀ ਮੁਲਕਾਂ ਵੱਲੋਂ ਗਰੀਬ ਤੇ ਤਰੱਕੀ ਕਰ ਰਹੇ ਮੁਲਕਾਂ ਅੰਦਰ ਲੁੱਟ ਦਾ ਅਜਿਹਾ ਢਾਂਚਾਗਤ ਚੱਕਰ ਚਲਾਇਆ ਗਿਆ, ਜਿਸ ਨੇ ਇਨ੍ਹਾਂ ਨਵੇਂ ਅਜ਼ਾਦ ਮੁਲਕਾਂ ਨੂੰ ਆਰਥਕ ਗੁਲਾਮੀ ਵਿੱਚ ਜਕੜਨਾ ਸ਼ੁਰੂ ਕਰ ਦਿੱਤਾ। ਨਤੀਜੇ ਵਜੋਂ ਇਨ੍ਹਾਂ ਦੇਸ਼ਾਂ ਅੰਦਰ ਮਹਿੰਗਾਈ, ਬੇਰੁਜ਼ਗਾਰੀ ਤੇ ਧਨ ਦੀ ਕਾਣੀ ਵੰਡ ਦੇ ਸੰਤਾਪ ਨੇ ਆਮ ਲੋਕਾਂ ਦਾ ਜੀਣਾ ਮੁਹਾਲ ਕਰ ਦਿੱਤਾ। ਇੱਕੋ-ਇੱਕ ਦੇਸ਼ ਚੀਨ ਸੀ, ਜਿਹੜਾ ਆਪਣੇ ਵਿਰੁੱਧ ਹੋ ਰਹੀਆਂ ਸਾਮਰਾਜੀ ਮੁਲਕਾਂ ਦੀਆਂ ਸਾਜ਼ਿਸ਼ਾਂ ਨੂੰ ਪਛਾੜ ਕੇ ਸਮਾਜਵਾਦੀ ਰਾਹ ’ਤੇ ਅੱਗੇ ਵਧਦਾ ਰਿਹਾ। ਚੀਨ ਇੱਕ ਪਾਸੇ ਆਪਣੀ ਆਰਥਕਤਾ ਮਜ਼ਬੂਤ ਕਰਦਾ ਰਿਹਾ, ਦੂਜੇ ਪਾਸੇ ਗਰੀਬ ਦੇਸ਼ਾਂ ਦੇ ਵਿਕਾਸ ਵਿੱਚ ਹਿੱਸਾ ਪਾ ਕੇ ਉਨ੍ਹਾਂ ਨੂੰ ਸਾਮਰਾਜੀ ਜੂਲੇ ਤੋਂ ਮੁਕਤੀ ਦਿਵਾਉਣ ਵਿੱਚ ਹਿੱਸਾ ਪਾਉਂਦਾ ਰਿਹਾ। ਨਤੀਜੇ ਵਜੋਂ ਚੀਨ ਵੱਲੋਂ ਸ਼ੁਰੂ ਕੀਤੀ ਗਈ ਬੈੱਲਟ ਐਂਡ ਰੋਡ ਇੰਨੀਸ਼ੇਟਿਵ (ਬੀ ਆਰ ਆਈ) ਵਿੱਚ ਹੁਣ ਤੱਕ 150 ਦੇਸ਼ ਸ਼ਾਮਲ ਹੋ ਚੁੱਕੇ ਹਨ।
ਚੀਨ ਦੀ ਇਸ ਪਹਿਲ ਨੇ ਸਾਮਰਾਜੀ ਮੁਲਕਾਂ, ਖਾਸ ਕਰ ਅਮਰੀਕਾ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਾ ਦਿੱਤੀ ਹੈ। ਅਮਰੀਕਾ, ਜੋ ਡਾਲਰ ਛਾਪ-ਛਾਪ ਕੇ ਵਰਲਡ ਬੈਂਕ ਤੇ ਇੰਟਰਨੈਸ਼ਨਲ ਮੌਨੇਟਰੀ ਫੰਡ ਵਰਗੀਆਂ ਸੰਸਥਾਵਾਂ ਰਾਹੀਂ ਗਰੀਬ ਦੇਸ਼ਾਂ ਨੂੰ ਕਰਜ਼ੇ ਦੇ ਜਾਲ ਵਿੱਚ ਫਸਾ ਕੇ ਲੁੱਟਦਾ ਰਿਹਾ ਸੀ, ਨੂੰ ਹੁਣ ਆਪਣੀ ਸਰਦਾਰੀ ਖੁਸਦੀ ਜਾਪ ਰਹੀ ਹੈ। ਟਰੰਪ ਦੇ ਅਮਰੀਕਾ ਦਾ ਰਾਸ਼ਟਰਪਤੀ ਬਣਨ ਤੋਂ ਬਾਅਦ ਅਮਰੀਕਾ ਦੀ ਚੌਧਰ ਬਚਾਉਣ ਲਈ ਉਸ ਨੇ ਸਭ ਦੇਸ਼ਾਂ ਵਿਰੁੱਧ ਟੈਰਿਫ ਜੰਗ ਛੇੜ ਦਿੱਤੀ ਹੈ, ਇਹ ਜੰਗ ਸਿਰਫ ਇੱਕ ਵਪਾਰ ਜੰਗ ਨਹੀਂ, ਸਗੋਂ ਗਰੀਬ ਦੇਸ਼ਾਂ ’ਤੇ ਆਪਣੀ ਲੁੱਟ ਕਾਇਮ ਰੱਖਣ ਦੀ ਆਖਰੀ ਕੋਸ਼ਿਸ਼ ਹੈ। ਦੂਜੇ ਪਾਸੇ ਚੀਨ ਤੇ ਰੂਸ ਦੀ ਅਗਵਾਈ ਵਿੱਚ ਉਹ ਦੇਸ਼ ਹਨ, ਜਿਹੜੇ ਸਮਝਦੇ ਹਨ ਕਿ ਹੁਣ ਇੱਕ-ਧਰੁਵੀ ਸੰਸਾਰ ਵਾਲੀ ਆਰਥਕਤਾ ਦਾ ਵੇਲਾ ਮੁੱਕ ਚੁੱਕਾ ਹੈ ਤੇ ਨਵੀਂ ਬਹੁ-ਧਰੁਵੀ ਵਿਵਸਥਾ ਹੀ ਮਨੁੱਖਤਾ ਦੇ ਵਿਕਾਸ ਨੂੰ ਅੱਗੇ ਵਧਾ ਸਕਦੀ ਹੈ।
ਪਿਛਲੇ ਕੁਝ ਸਮੇਂ ਦੌਰਾਨ ਵੱਖ-ਵੱਖ ਦੇਸ਼ਾਂ ਦੀਆਂ ਦੋ ਸੰਸਥਾਵਾਂ ਦੇ ਇਕੱਠਾਂ ਦਾ ਝਲਕਾਰਾ ਇਸ ਹਕੀਕਤ ਨੂੰ ਸਾਹਮਣੇ ਲਿਆਉਂਦਾ ਹੈ। ਪਹਿਲਾ ਇਕੱਠ ਜੀ-7 ਦੇਸ਼ਾਂ, ਜਿਨ੍ਹਾਂ ਵਿੱਚ ਅਮਰੀਕਾ, ਬਰਤਾਨੀਆ, ਫਰਾਂਸ, ਜਰਮਨੀ, ਇਟਲੀ, ਕੈਨੇਡਾ ਤੇ ਜਪਾਨ ਸ਼ਾਮਲ ਹਨ, ਦਾ 17 ਜੂਨ ਨੂੰ ਕੈਨੇਡਾ ਵਿੱਚ ਹੋਇਆ ਸੀ। ਇਨ੍ਹਾਂ 7 ਦੇਸ਼ਾਂ ਨੂੰ ਸਾਮਰਾਜ ਦੀ ਧੁਰੀ ਕਿਹਾ ਜਾ ਸਕਦਾ ਹੈ। ਇਨ੍ਹਾਂ ਦੇਸ਼ਾਂ ਦੀ ਅਬਾਦੀ ਦੁਨੀਆ ਦੀ ਕੁੱਲ ਅਬਾਦੀ ਦਾ ਮਸਾਂ 10 ਫੀਸਦੀ ਹੈ, ਪਰ ਦੁਨੀਆ ਦੀ ਕੁੱਲ ਜੀ ਡੀ ਪੀ ਦਾ ਹਿੱਸਾ 44 ਫੀਸਦੀ ਹੈ। ਦੁਨੀਆ ਵਿੱਚ ਪੈਦਾ ਹੋ ਰਹੇ ਕੁਲ ਆਰਥਕ ਮੁੱਲ ਦਾ ਬਹੁਤਾ ਹਿੱਸਾ ਇਹ 7 ਧਨੀ ਦੇਸ਼ ਹੂੰਝ ਕੇ ਲੈ ਜਾਂਦੇ ਹਨ। ਇਹ ਦੁਨੀਆ ਦੀ ਅਰਥ ਵਿਵਸਥਾ ਤੇ ਵਪਾਰ ’ਤੇ ਉਨ੍ਹਾਂ ਦੇ ਕਬਜ਼ੇ ਕਾਰਨ ਹੁੰਦਾ ਰਿਹਾ ਹੈ। ਹੁਣ ਜਦੋਂ ਇਨ੍ਹਾਂ ਦੇ ਮੁਕਾਬਲੇ ਵਿੱਚ ਚੀਨ ਤੇ ਰੂਸ ਦੀ ਅਗਵਾਈ ਵਿੱਚ ਬਿ੍ਰਕਸ ਵਰਗੇ ਸੰਗਠਨ ਆ ਗਏ ਹਨ ਤਾਂ ਇਹ ਕੰਬਣ ਲੱਗ ਪਏ ਹਨ। ਕੈਨੇਡਾ ਦੇ ਸ਼ਹਿਰ ਕਾਨਾਨਾਂਸਿਕਸ ਵਿੱਚ ਜੁੜੇ 7 ਦੇਸ਼ਾਂ ਦੇ ਪ੍ਰਮੁੱਖਾਂ ਵਿੱਚ ਹਾਲਾਤ ਨੇ ਏਨੀ ਬੇਯਕੀਨੀ ਪੈਦਾ ਕਰ ਦਿੱਤੀ ਕਿ ਉਹ ਕੋਈ ਸਾਂਝਾ ਐਲਾਨਨਾਮਾ ਵੀ ਜਾਰੀ ਨਹੀਂ ਕਰ ਸਕੇ। ਡੋਨਾਲਡ ਟਰੰਪ ਨੇ ਤਾਂ ਇਹ ਕਹਿ ਕੇ ਕਿ ਇਸ ਸੰਗਠਨ ਵਿੱਚੋਂ ਰੂਸ ਨੂੰ ਨਹੀਂ ਕੱਢਣਾ ਚਾਹੀਦਾ ਸੀ ਤੇ ਚੀਨ ਨੂੰ ਵੀ ਇਸ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ, ਆਪਣੀ ਖੁਸ ਰਹੀ ਚੌਧਰ ਦੇ ਡਰ ਨੂੰ ਖੁੱਲੇ੍ਹਆਮ ਪ੍ਰਗਟ ਕਰ ਦਿੱਤਾ। ਡੋਨਾਲਡ ਟਰੰਪ ਤਾਂ ਸੰਮੇਲਨ ਨੂੰ ਇਹ ਕਹਿ ਕੇ ਵਿੱਚੇ ਛੱਡ ਗਿਆ ਸੀ ਕਿ ਉਸ ਨੇ ਜੋ ਕਰਨਾ ਹੈ, ਉਹ ਵਾਸ਼ਿੰਗਟਨ ਜਾ ਕੇ ਕਰੇਗਾ। ਇਸ ਤਰ੍ਹਾਂ ਆਪਣੇ 51ਵੇਂ ਸੰਮੇਲਨ ਵਿੱਚ ਧਨੀ ਦੇਸ਼ਾਂ ਦੇ ਇਸ ਗਰੁੱਪ ਨੇ ਸਾਬਤ ਕਰ ਦਿੱਤਾ ਹੈ ਕਿ ਦੁਨੀਆ ਦੇ ਭਵਿੱਖੀ ਨਕਸ਼ੇ ਵਿੱਚ ਹੁਣ ਉਸ ਦੀ ਕੋਈ ਪ੍ਰਸੰਗਕਤਾ ਨਹੀਂ ਰਹੀ। ਦੂਜਾ ਸੰਮੇਲਨ ਬਿ੍ਰਕਸ ਦੇਸ਼ਾਂ ਦਾ 6-7 ਜੁਲਾਈ ਨੂੰ ਬ੍ਰਾਜ਼ੀਲ ਦੇ ਰਿਓ ਡੀ ਜਨੇਰੀਓ ਵਿੱਚ ਹੋਇਆ ਸੀ। ਸ਼ੁਰੂ ਵਿੱਚ ਇਸ ਦਾ ਨਾਂਅ ਬਿ੍ਰਕ ਸੀ ਤੇ ਇਸ ਵਿੱਚ ਬਰਾਜ਼ੀਲ, ਰੂਸ, ਭਾਰਤ ਤੇ ਚੀਨ ਸ਼ਾਮਲ ਸਨ। ਫਿਰ ਇਸ ਵਿੱਚ ਸਾਊਥ ਅਫਰੀਕਾ ਸ਼ਾਮਲ ਹੋਇਆ ਤੇ ਇਹ ਬਿ੍ਰਕਸ ਬਣ ਗਿਆ। ਪਿਛਲੇ ਸਾਲ ਇਸ ਵਿੱਚ ਈਰਾਨ, ਸੰਯੁਕਤ ਅਰਬ ਅਮੀਰਾਤ, ਮਿਸਰ, ਇਥੋਪੀਆ, ਸਾਊਦੀ ਅਰਬ ਸ਼ਾਮਲ ਹੋ ਗਏ ਤੇ ਇਸ ਵਰ੍ਹੇ ਇੰਡੋਨੇਸ਼ੀਆ ਦੇ ਸ਼ਾਮਲ ਹੋਣ ਨਾਲ ਇਸ ਗਰੁੱਪ ਵਿਚਲੇ ਦੇਸ਼ਾਂ ਦੀ ਗਿਣਤੀ 11 ਹੋ ਗਈ ਹੈ। ਇਸ ਤੋਂ ਬਿਨਾਂ ਬੇਲਾਰੂਸ, ਬੋਲੀਵੀਆ, ਕਜ਼ਾਕਿਸਤਾਨ, ਕਿਊਬਾ, ਨਾਇਜੇਰੀਆ, ਮਲੇਸ਼ੀਆ, ਥਾਈਲੈਂਡ, ਵੀਅਤਨਾਮ, ਯੁਗਾਂਡਾ ਤੇ ਉਜ਼ਬੇਕਿਸਤਾਨ ਇਸ ਦੀ ਮੈਂਬਰਸ਼ਿਪ ਲੈਣ ਲਈ ਲਾਈਨ ਵਿੱਚ ਲੱਗੇ ਹੋਏ ਹਨ। ਇਸ ਸੰਸਥਾ ਵਿਚਲੇ 11 ਦੇਸ਼ਾਂ ਵਿੱਚ ਦੁਨੀਆ ਦੀ 45 ਫੀਸਦੀ ਅਬਾਦੀ ਵਸਦੀ ਹੈ, ਇਹ ਦੁਨੀਆ ਦੀ ਜੀ ਡੀ ਪੀ ਦਾ 37.3 ਫ਼ੀਸਦੀ ਹਿੱਸਾ ਰੱਖਦੇ ਹਨ। ਇਹ ਦੁਨੀਆ ਦੇ 44 ਫੀਸਦੀ ਕੱਚੇ ਤੇਲ ਦਾ ਉਤਪਾਦਨ ਕਰਦੇ ਹਨ। ਇਸ ਨੇ ਮੈਂਬਰ ਦੇਸ਼ਾਂ ਦੀਆਂ ਲੋੜਾਂ ਲਈ ਨਿਊ ਡਿਵੈੱਲਪਮੈਂਟ ਬੈਂਕ ਦੀ ਸਥਾਪਨਾ ਕਰ ਲਈ ਹੈ। ਰਿਓ ਡੀ ਜਨੇਰੀਓ ਵਿੱਚ ਹੋਏ 17ਵੇਂ ਸੰਮੇਲਨ ਵਿੱਚ ਬਿ੍ਰਕਸ ਨੇ ਆਪਣੇ ਐਲਾਨਨਾਮੇ ਵਿੱਚ ਟਰੰਪ ਦੇ ਵਪਾਰ ਯੁੱਧ ਦੀ ਅਲੋਚਨਾ, ਈਰਾਨ ’ਤੇ ਹਮਲੇ ਦੀ ਨਿੰਦਾ, ਪਹਿਲਗਾਮ ਹਮਲੇ ਦੀ ਨਿੰਦਾ, ਅਮਰੀਕੀ ਡਾਲਰ ਉੱਤੇ ਨਿਰਭਰਤਾ ਘੱਟ ਕਰਨ ਲਈ ਸਥਾਨਕ ਕਰੰਸੀ ਵਿੱਚ ਲੈਣ-ਦੇਣ ਬਾਰੇ ਅੱਗੇ ਵਧਣ, ਮੈਂਬਰ ਦੇਸ਼ਾਂ ਵਿੱਚ ਖੋਜ, ਸਿਹਤ ਤੇ ਸਮਾਜਕ ਵਿਕਾਸ ਵਿੱਚ ਸਹਿਯੋਗ ਆਦਿ ਮੁੱਦਿਆਂ ਨੂੰ ਸ਼ਾਮਲ ਕੀਤਾ ਹੈ।
ਬਿ੍ਰਕਸ ਸੰਮੇਲਨ ਦੇ ਐਲਾਨਨਾਮੇ ਤੋਂ ਬਾਅਦ ਟਰੰਪ ਏਨਾ ਡਰ ਗਿਆ ਹੈ ਕਿ ਉਸ ਨੇ ਸੰਬੰਧਤ ਦੇਸ਼ਾਂ ਉੱਤੇ 10 ਫੀਸਦੀ ਵਾਧੂ ਟੈਰਿਫ ਲਾਉਣ ਦੀ ਧਮਕੀ ਦੇ ਦਿੱਤੀ ਹੈ। ਟਰੰਪ ਦੀ ਧਮਕੀ ਅਮਰੀਕੀ ਹਿੱਤਾਂ ਨੂੰ ਬਚਾਉਣ ਲਈ ਦਬਾਅ ਬਣਾਉਣ ਦੀ ਕੋਸ਼ਿਸ਼ ਵੀ ਹੋ ਸਕਦੀ ਹੈ, ਕਿਉਂਕਿ ਟੈਰਿਫ ਨਾਲ ਅਮਰੀਕੀ ਅਰਥ ਵਿਵਸਥਾ ਵੀ ਸੰਕਟ ਵਿੱਚ ਫਸ ਸਕਦੀ ਹੈ।
ਭਾਰਤ ਬਿ੍ਰਕਸ ਦਾ ਇੱਕ ਪ੍ਰਮੁੱਖ ਦੇਸ਼ ਹੈ। ਇਸ ਦੇ ਹਾਕਮਾਂ ਦਾ ਸਾਮਰਾਜੀਆਂ ਪ੍ਰਤੀ ਝੁਕਾਅ ਰਿਹਾ ਹੈ। ਇਹ ਹਮੇਸ਼ਾ ਦੋ ਬੇੜੀਆਂ ਵਿੱਚ ਸਵਾਰ ਹੋ ਕੇ ਦੋਵੇਂ ਪਾਸਿਓਂ ਲਾਹਾ ਲੈਣ ਦੀ ਨੀਤੀ ’ਤੇ ਚਲਦੇ ਰਹੇ ਹਨ। ਅੱਜ ਹਾਲਾਤ ਬਦਲ ਚੁੱਕੇ ਹਨ। ਜਦੋਂ ਜੰਗ ਸਿਖਰ ’ਤੇ ਪੁੱਜੀ ਹੋਵੇ ਤਾਂ ਦੋ ਬੇੜੀਆਂ ’ਤੇ ਸਵਾਰ ਕਿਸੇ ਪਾਸੇ ਦਾ ਵੀ ਨਹੀਂ ਰਹਿੰਦਾ। ਹਿੰਦ ਤੇ ਪਾਕਿਸਤਾਨ ਵਿਚਾਲੇ ਹੁਣੇ ਹੋਈ ਜੰਗ ਦੌਰਾਨ ਅਸੀਂ ਇਸ ਦਾ ਨਜ਼ਾਰਾ ਦੇਖ ਚੁੱਕੇ ਹਾਂ। ਇਹ ਪਹਿਲੀ ਵਾਰ ਸੀ, ਜਦੋਂ ਭਾਰਤ ਦੇ ਹੱਕ ’ਚ ਇੱਕ ਵੀ ਦੇਸ਼ ਨਹੀਂ ਖੜ੍ਹਿਆ। ਭਾਰਤੀ ਹਾਕਮਾਂ ਨੂੰ ਸਮੇਂ ਦੀ ਨਬਜ਼ ਪਛਾਣਨੀ ਚਾਹੀਦੀ ਹੈ। ਅੱਜ ਮੌਕਾ ਹੈ ਬਿ੍ਰਕਸ ਦੇਸ਼ਾਂ ਦਾ ਮੋਹਰੀ ਬਣਨ ਦਾ, ਜੇ ਇੱਥੋਂ ਪਛੜ ਗਏ ਤਾਂ ਨਾ ਘਰ ਦੇ ਰਹਾਂਗੇ ਨਾ ਘਾਟ ਦੇ। ਅਗਲਾ ਬਿ੍ਰਕਸ ਸੰਮੇਲਨ 2026 ਵਿੱਚ ਭਾਰਤ ਅੰਦਰ ਹੋਣਾ ਹੈ। ਆਸ ਕਰਨੀ ਚਾਹੀਦੀ ਹੈ ਕਿ ਅਸੀਂ ਬਿ੍ਰਕਸ ਸੰਗ ਮਜ਼ਬੂਤੀ ਨਾਲ ਖੜ੍ਹੀਏ।
-ਚੰਦ ਫਤਹਿਪੁਰੀ