ਪਾਇਲਟ ਐਸੋਸੀਏਸ਼ਨ ਨੇ ਚੁੱਕਿਆ ਸਵਾਲ

0
122

ਨਵੀਂ ਦਿੱਲੀ : ਅਹਿਮਦਾਬਾਦ ਜਹਾਜ਼ ਹਾਦਸੇ ਦੀ ਮੁਢਲੀ ਰਿਪੋਰਟ ’ਤੇ ਏਅਰਲਾਈਨ ਪਾਇਲਟ ਐਸੋਸੀਏਸ਼ਨ ਨੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ। ਐਸੋਸੀਏਸ਼ਨ ਦੇ ਪ੍ਰਧਾਨ ਸੈਮ ਥਾਮਸ ਨੇ ਜਾਂਚ ਦੀ ਆਲੋਚਨਾ ਕਰਦਿਆਂ ਕਿਹਾ ਕਿ ਰਿਪੋਰਟ ਵਿੱਚ ਪਾਇਲਟਾਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਥਾਮਸ ਨੇ ਅੱਗੇ ਕਿਹਾ ਕਿ ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ ਨੇ ਪਾਇਲਟਾਂ ਨੂੰ ਹਨੇਰੇ ਵਿੱਚ ਰੱਖਦੇ ਹੋਏ ਮੀਡੀਆ ਨਾਲ ਮੁੱਢਲੀ ਰਿਪੋਰਟ ਸਾਂਝੀ ਕੀਤੀ ਹੈ। ਉਨ੍ਹਾ ਕਿਹਾ, ‘ਅਸੀਂ ਇੱਕ ਵਾਰ ਫਿਰ ਇਨ੍ਹਾਂ ਜਾਂਚਾਂ ਵਿੱਚ ਬਣਾਏ ਗਏ ਭੇਦ ਤੋਂ ਹੈਰਾਨ ਹਾਂ।’ ਉਨ੍ਹਾ 10 ਜੁਲਾਈ ਦੇ ‘ਵਾਲ ਸਟਰੀਟ ਜਰਨਲ’ ਦੇ ਇੱਕ ਲੇਖ ਦਾ ਵੀ ਹਵਾਲਾ ਦਿੱਤਾ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਇਹ ਹਾਦਸਾ ਇੰਜਣ ਫਿਊਲ ਕੰਟਰੋਲ ਸਵਿੱਚ ਦੀ ਅਣਜਾਣੇ ਵਿੱਚ ਹਰਕਤ ਕਾਰਨ ਹੋਇਆ ਸੀ। ਉਨ੍ਹਾ ਕਿਹਾ ਕਿ ਏਨੀ ਸੰਵੇਦਨਸ਼ੀਲ ਜਾਣਕਾਰੀ ਪ੍ਰੈੱਸ ਤੱਕ ਕਿਵੇਂ ਪਹੁੰਚੀ? ਉਨ੍ਹਾ ਕਿਹਾ, ‘ਅਸੀਂ ਹੈਰਾਨ ਹਾਂ ਕਿ ਏਨਾ ਮਹੱਤਵਪੂਰਨ ਦਸਤਾਵੇਜ਼ ਮੀਡੀਆ ਨੂੰ ਕਿਸੇ ਵੀ ਜ਼ਿੰਮੇਵਾਰ ਵਿਅਕਤੀ ਦੇ ਦਸਤਖਤ ਤੋਂ ਬਿਨਾਂ ਜਾਰੀ ਕੀਤਾ ਗਿਆ। ਇਨ੍ਹਾਂ ਗੱਲਾਂ ਦੇ ਮੱਦੇਨਜ਼ਰ ਅਸੀਂ ਇੱਕ ਵਾਰ ਫਿਰ ਅਧਿਕਾਰੀਆਂ ਨੂੰ ਬੇਨਤੀ ਕਰਦੇ ਹਾਂ ਕਿ ਸਾਨੂੰ ਨਿਗਰਾਨਾਂ ਵਜੋਂ ਸ਼ਾਮਲ ਕੀਤਾ ਜਾਵੇ, ਤਾਂ ਜੋ ਜਾਂਚ ਵਿੱਚ ਪਾਰਦਰਸ਼ਤਾ ਬਣਾਈ ਰੱਖੀ ਜਾ ਸਕੇ।’