ਦੋਰਾਹਾ (ਐੱਮ ਐੱਸ ਭਾਟੀਆ, ਹਰਮਿੰਦਰ ਸੇਠ)
ਭਾਰਤੀ ਕਮਿਊਨਿਸਟ ਪਾਰਟੀ ਦੀ ਸ਼ਤਾਬਦੀ (1925-2025) ਦੇ ਅਵਸਰ ’ਤੇ ਦੇਸ਼ ਦੀ ਏਕਤਾ-ਅਖੰਡਤਾ ਅਤੇ ਸਮਾਜਿਕ-ਆਰਥਿਕ ਨਿਆਂ ਦੀ ਰਾਖੀ ਲਈ ਸੰਘਰਸ਼ਸ਼ੀਲ ਰਹੇ ਕਾਮਰੇਡ ਹਰਪਾਲ ਸਿੰਘ ਮਜਾਲੀਆਂ ਦੀ 5ਵੀਂ ਬਰਸੀ ਦੇ ਮੌਕੇ ਹਿੰਦੂ ਧਰਮਸ਼ਾਲਾ ਦੋਰਾਹਾ ਵਿਖੇ ਇੱਕ ਸਮਾਗਮ ਕੀਤਾ ਗਿਆ। ਕਾਮਰੇਡ ਹਰਪਾਲ ਦੀ ਜੀਵਨੀ ਨੂੰ ਚੇਤੇ ਕਰਾਉਦਿਆਂ ਕਾਮਰੇਡ ਬੰਤ ਬਰਾੜ ਸੂਬਾ ਸਕੱਤਰ ਸੀ ਪੀ ਆਈ, ਜੋ ਕਿ ਲੰਮਾ ਸਮਾਂ ਉਹਨਾਂ ਦੇ ਨਾਲ ਕੰਮ ਕਰਦੇ ਰਹੇ, ਨੇ ਦੱਸਿਆ ਕਿ ਉਹ ਬਹੁਤ ਮਿਹਨਤੀ ਤੇ ਸਿਰੜੀ ਵਿਦਿਆਰਥੀ ਅਤੇ ਬਾਅਦ ਵਿੱਚ ਟਰੇਡ ਯੂਨੀਅਨ ਆਗੂ ਸਨ। ਜਦੋਂ ਅੱਤਵਾਦੀਆਂ ਨੇ ਉਹਨਾਂ ਨੂੰ ਗੋਲੀ ਮਾਰੀ ਤੇ ਉਹਨਾਂ ਨੂੰ ਗੰਭੀਰ ਕਸ਼ਟਾਂ ਵਿੱਚੋਂ ਗੁਜ਼ਰਨਾ ਪਿਆ ਪਰ ਉਸ ਤੋਂ ਬਾਅਦ ਵੀ ਜਦੋਂ ਇਸ ਸਮਰੱਥ ਹੋ ਗਏ ਕਿ ਉਹ ਕੰਮ ਕਰ ਸਕਣ, ਉਹਨਾਂ ਨੇ ਮੁੜ ਕੇ ਟਰੇਡ ਯੂਨੀਅਨ ਦਫਤਰ ਵਿੱਚ ਬੈਠ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੇ 30 ਸਾਲ ਵ੍ਹੀਲ ਚੇਅਰ ’ਤੇ ਰਹੇ। ਇਹੋ ਹੀ ਨਹੀਂ, ਉਹ ਪਾਰਟੀ ਮੀਟਿੰਗਾਂ ਵਿੱਚ ਵੀ ਲਗਾਤਾਰ ਆਉਂਦੇ ਰਹੇ ਤੇ ਆਪਣੇ ਵਿਚਾਰ ਵੀ ਦਿੰਦੇ ਰਹੇ। ਇਸ ਸਮੇਂ ਉਹਨਾਂ ਦੀ ਪਤਨੀ ਰਣਜੀਤ ਕੌਰ ਨੇ ਉਹਨਾਂ ਦਾ ਪੂਰਾ ਸਾਥ ਨਿਭਾਇਆ ਤੇ ਜ਼ਰਾ ਵੀ ਚਿਹਰੇ ’ਤੇ ਸ਼ਿਕਨ ਪਾਏ ਬਿਨਾਂ ਉਹਨਾਂ ਨੂੰ ਹਮੇਸ਼ਾ ਇਸ ਔਂਕੜ ਭਰੇ ਸਮੇਂ ਵਿੱਚ ਵੀ ਉਹ ਉਤਸ਼ਾਹਤ ਕਰਦੇ ਰਹੇ। ਮਨਪ੍ਰੀਤ ਤੇ ਚਰਨ ਪ੍ਰੀਤ ਉਹਨਾਂ ਦੇ ਬੇਟਾ ਬੇਟੀ ਉਸ ਵੇਲੇ ਬਹੁਤ ਛੋਟੇ ਸਨ ਤੇ ਬੜੇ ਹਿੰਮਤ ਨਾਲ ਭੈਣ ਰਣਜੀਤ ਕੌਰ ਨੇ ਉਹਨਾਂ ਨੂੰ ਪਾਲ ਪੋਸ ਕੇ ਵੱਡਾ ਕੀਤਾ। ਕਾਮਰੇਡ ਬੰਤ ਬਰਾੜ ਨੇ ਕਿਹਾ ਕਿ ਅਜੋਕੇ ਸਮੇਂ ਸਾਮਰਾਜੀ ਸਾਜਿਸ਼ਾਂ ਬਹੁਤ ਵਧ ਗਈਆਂ ਹਨ ਤੇ ਮੋਦੀ ਸਰਕਾਰ ਉਹਨਾਂ ਦੀ ਸੇਵਾ ਕਰਨ ’ਚ ਲੱਗੀ ਹੋਈ ਹੈ ਤੇ ਦੇਸ਼ ’ਚ ਫੁੱਟ ਪਾਊ ਕੰਮ ਕਰ ਰਹੀ ਹੈ। ਸਾਮਰਾਜੀ ਦੁਨੀਆ ਦੇ ਵੱਖ-ਵੱਖ ਸੋਮਿਆਂ ’ਤੇ ਕਬਜ਼ੇ ਕਰਨ ਲਈ ਜੰਗਾਂ ਲਾਈ ਜਾ ਰਹੇ ਹਨ ਜਿਹਨਾਂ ਕਰਕੇ ਲੱਖਾਂ ਲੋਕ ਅਜਾਈਂ ਮਾਰੇ ਜਾ ਰਹੇ ਹਨ। ਮੱਧ ਪੂਰਬ ਵਿੱਚ ਖਾਸ ਤੌਰ ’ਤੇ ਗਾਜ਼ਾ ਵਿੱਚ ਜੋ ਨਸਲਕੁਸ਼ੀ ਹੋ ਰਹੀ ਹੈ ਅਤੀ ਨਿਖੇਧੀ ਯੋਗ ਹੈ।ਉਹਨਾਂ ਦੇ ਸਹਿਯੋਗੀ ਰਹੇ ਕਾਮਰੇਡ ਸਤਨਾਮ ਸਿੰਘ ਚਾਨਾ ਨੇ ਉਹਨਾਂ ਦੇ ਅਣਥੱਕ ਮਿਹਨਤ ਕਰਨ ਦੇ ਜਜ਼ਬੇ ਨੂੰ ਯਾਦ ਕੀਤਾ ਤੇ ਦੱਸਿਆ ਕਿ ਵਿਦਿਆਰਥੀ ਜੀਵਨ ਵਿੱਚ ਅੰਦੋਲਨ ਦੇ ਦੌਰਾਨ ਜਦੋਂ ਅਨੇਕਾਂ ਸਾਥੀ ਡੋਲ ਜਾਂਦੇ ਸਨ, ਹਰਪਾਲ ਸਿੰਘ ਨੇ ਕਦੇ ਵੀ ਮੂੰਹ ਪਿੱਛੇ ਨਹੀਂ ਮੋੜਿਆ।ਉਹਨਾਂ ਨੇ ਖੱਬੀਆਂ ਪਾਰਟੀਆਂ ਦੇ ਏਕੇ ’ਤੇ ਜ਼ੋਰ ਦਿੱਤਾ ਤਾਂ ਜੋ ਫਾਸ਼ੀਵਾਦੀ ਸਰਕਾਰ ਨੂੰ ਇੱਕਮੁੱਠ ਹੋ ਕੇ ਲੜਾਈ ਦਿੱਤੀ ਜਾ ਸਕੇ।ਪਾਰਟੀ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਡੀ ਪੀ ਮੌੜ ਨੇ ਕਿਹਾ ਕਿ ਅਜੋਕੇ ਸਮੇਂ ਜਦੋਂ ਮੋਦੀ ਸਰਕਾਰ ਵੱਲੋਂ ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ ਤੇ ਹੋਰ ਕਾਮਿਆਂ ਦੇ ਅਧਿਕਾਰਾਂ ਦਾ ਘਾਣ ਕੀਤਾ ਜਾ ਰਿਹਾ ਹੈ, ਇਸ ਵੇਲੇ ਕਾਮਰੇਡ ਹਰਪਾਲ ਵਰਗੇ ਸਿਰੜੀ ਆਗੂ ਦੀ ਬਹੁਤ ਯਾਦ ਆਉਦੀ ਹੈ।ਉਹਨਾਂ ਦੇ ਦੱਸੇ ਹੋਏ ਰਸਤੇ ’ਤੇ ਚੱਲ ਕੇ ਹੀ ਅਸੀਂ ਸਮਾਜ ਵਿੱਚ ਨਿਆਂ ਤੇ ਬਰਾਬਰੀ ਦੇ ਸੰਘਰਸ਼ ਨੂੰ ਅੱਗੇ ਵਧਾਵਾਂਗੇ।ਇਸ ਸੰਦਰਭ ਵਿੱਚ ਉਹਨਾਂ ਨੇ 9 ਜੁਲਾਈ ਦੀ ਸਫਲ ਹੜਤਾਲ ਦਾ ਹਵਾਲਾ ਦਿੱਤਾ ਜਿਸ ਵਿੱਚ ਦੇਸ਼ ਦੇ 25 ਕਰੋੜ ਕਾਮਿਆਂ ਨੇ ਹਿੱਸਾ ਲਿਆ।ਕਾਮਰੇਡ ਗੁਲਜਾਰ ਗੋਰੀਆ ਮੈਂਬਰ ਕੌਮੀ ਕਾਰਜਕਾਰਨੀ ਭਾਰਤੀ ਕਮਿਊਨਿਸਟ ਪਾਰਟੀ ਨੇ ਕਿਹਾ ਕਿ ਦੇਸ਼ ਵਿੱਚ ਖੇਤ ਮਜ਼ਦੂਰ, ਮਨਰੇਗਾ ਮਜ਼ਦੂਰ ਤੇ ਹੋਰ ਕਾਮਿਆਂ ਦੇ ਸੰਘਰਸ਼ ਬੜੇ ਜ਼ੋਰ ਸ਼ੋਰ ਨਾਲ ਅੱਗੇ ਵਧਾਉਣ ਦੀ ਲੋੜ ਹੈ।ਡਾਕਟਰ ਅਰੁਣ ਮਿੱਤਰਾ ਨੇ ਕਿਹਾ ਕਿ ਹਰ ਪੱਖੋਂ ਅਸਫਲ ਹੋ ਚੁੱਕੀ ਸਰਕਾਰ ਸਮਾਜ ਵਿੱਚ ਫਿਰਕੂ ਲੀਹਾਂ ਤੇ ਵੰਡੀਆਂ ਪਾ ਕੇ ਰਾਜ ਕਰਨਾ ਚਾਹੁੰਦੀ ਹੈ ਤੇ ਹਰ ਹੀਲੇ ਵਰਤ ਕੇ ਸੱਤਾ ਵਿੱਚ ਰਹਿਣਾ ਚਾਹੁੰਦੀ ਹੈ। ਇਸ ਖਿਲਾਫ ਬੜੀ ਲੜਾਈ ਦੀ ਲੋੜ ਹੈ ਤੇ ਸਦਭਾਵਨਾ, ਪਿਆਰ ਦਾ ਸੁਨੇਹਾ ਥੱਲੇ ਤੱਕ ਪਹੁੰਚਾਉਣ ਦੀ ਲੋੜ ਹੈ। ਸਾਡੀ ਵਿਦੇਸ਼ ਨੀਤੀ ਪੂਰੀ ਤਰ੍ਹਾਂ ਖੋਖਲੀ ਸਾਬਿਤ ਹੋਈ ਹੈ ਕਿਉਕਿ ਪਹਿਲਗਾਮ ਵਿੱਚ ਆਤੰਕੀ ਹਮਲੇ ਤੋਂ ਬਾਅਦ ਕੋਈ ਵੀ ਦੇਸ਼ ਸਾਡੇ ਨਾਲ ਖੁੱਲ੍ਹ ਕੇ ਨਹੀਂ ਖੜ੍ਹਿਆ। ਇਹਨਾਂ ਹਾਲਾਤ ਵਿੱਚ ਸਾਡੇ ਇਜ਼ਰਾਈਲ ਦੇ ਨਾਲ ਖੜ੍ਹੇ ਹੋਣ ਜਦੋਂ ਕਿ ਇਜ਼ਰਾਈਲ ਵੱਲੋਂ ਗਾਜ਼ਾ ਵਿੱਚ ਬੱਚਿਆਂ ਤੇ ਔਰਤਾਂ ਦਾ ਸ਼ਰੇਆਮ ਕਤਲੇਆਮ ਕੀਤਾ ਜਾ ਰਿਹਾ ਹੈ ਤੇ ਫਿਲਸਤੀਨੀਆਂ ਦੀ ਨਸਲਕੁਸ਼ੀ ਕੀਤੀ ਜਾ ਰਹੀ ਹੈ, ਨੇ ਸਾਰੀ ਦੁਨੀਆ ਵਿੱਚ ਸਾਨੂੰ ਨੀਵਾਂ ਕਰ ਦਿੱਤਾ ਹੈ।ਕਾਮਰੇਡ ਹਰਪਾਲ ਦੇ ਪਰਵਾਰ ਵੱਲੋਂ ਬੋਲਦਿਆਂ ਉਹਨਾਂ ਦੇ ਬੇਟੇ ਨੇ ਕਿਹਾ ਕਿ ਉਹਨਾਂ ਦਾ ਸਾਰਾ ਪਰਵਾਰ ਆਉਣ ਵਾਲੇ ਸਮੇਂ ਵਿੱਚ ਵੀ ਪਾਰਟੀ ਦੇ ਨਾਲ ਵਿਚਾਰਕ ਤੌਰ ’ਤੇ ਮਜ਼ਬੂਤੀ ਨਾਲ ਖੜ੍ਹਾ ਰਹੇਗਾ। ਕਾਮਰੇਡ ਐਮ ਐਸ ਭਾਟੀਆ ਨੇ ਕਿਹਾ ਕਿ ਕਾਮਰੇਡ ਹਰਪਾਲ ਆਪਣੇ ਬਜ਼ੁਰਗਾਂ ਵੱਲੋਂ ਦਿਖਾਏ ਗਏ ਰਸਤੇ ਤੇ ਹਮਉਮਰਾਂ ਵੱਲੋਂ ਦਿੱਤੇ ਗਏ ਪਿਆਰ ਦਾ ਸਦਕਾ ਉਹ ਲੰਮੇ ਸਮੇਂ ਤੱਕ ਸੰਘਰਸ਼ ਵੀ ਕਰ ਪਾਏ ਤੇ ਅਤੀ ਔਂਕੜ ਭਰੇ ਜੀਵਨ ਵਿੱਚ ਵੀ ਮਜ਼ਦੂਰ ਜਮਾਤ ਲਈ ਜ਼ੋਰ ਲਾਉਦੇ ਰਹੇ। ਬਲਾਕ ਸਕੱਤਰ ਕਾਮਿਲ ਨਿਰੰਜਨ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ।
ਸਮਾਗਮ ਦੀ ਕਾਰਵਾਈ ਦੀ ਪ੍ਰਧਾਨਗੀ ਬੀਬੀ ਰਣਜੀਤ ਕੌਰ ਪਤਨੀ ਕਾਮਰੇਡ ਹਰਪਾਲ, ਕਾਮਰੇਡ ਹਰਪਾਲ ਸਿੰਘ ਦੇ ਭਰਾਵਾਂ ਸੁਖਦੇਵ ਸਿੰਘ ਤੇ ਜੋਗਿੰਦਰ ਸਿੰਘ ਨੇ ਕੀਤੀ।ਕਾਮਰੇਡ ਰਮੇਸ਼ ਰਤਨ ਕਾਮਰੇ, ਜਸਬੀਰ ਝੱਜ, ਕਾਮਰੇਡ ਚਮਕੌਰ ਸਿੰਘ, ਕਾਮਰੇਡ ਭਗਵਾਨ ਸਿੰਘ, ਪਰਮਜੀਤ ਸਿੰਘ ਐਡਵੋਕੇਟ ਖੰਨਾ, ਸੁਦਰਸ਼ਨ ਪੱਪੂ ਪ੍ਰਧਾਨ ਨਗਰ ਪਾਲਿਕਾ ਦੋਰਾਹਾ ਨੇ ਵੀ ਆਪਣੇ ਵਿਚਾਰ ਰੱਖੇ। ਕਾਮਰੇਡ ਜਗਦੀਸ਼, ਕਾਮਰੇਡ ਹਰਭੂਲ ਸਿੰਘ ਅਤੇ ਕਾਮਰੇਡ ਭਗਵਾਨ ਵੱਡੇ ਜਥੇ ਲੈ ਕੇ ਸ਼ਾਮਲ ਹੋਏ। ਐਸ ਪੀ ਸੂਦ ਨੇ 50 ਹਜ਼ਾਰ ਰੁਪਏ ਪਾਰਟੀ ਕਾਂਗਰਸ ਲਈ ਕਾਮਰੇਡ ਬੰਤ ਬਰਾੜ ਨੂੰ ਦਿੱਤੇ।ਕੇਵਲ ਸਿੰਘ ਮਜਾਲੀਆਂ ਨੇ ਜਸਬੀਰ ਝੱਜ ਵੱਲੋਂ ਲਿਖੀ ਕਵਿਤਾ ਦਾ ਪਾਠ ਕੀਤਾ।





