ਨਾਗਪੁਰੀ ਬਿਆਨ

0
95

ਜਿਵੇਂ-ਜਿਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 75 ਸਾਲ ਪੂਰੇ ਕਰਨ ਦੀ ਤਰੀਕ 17 ਸਤੰਬਰ ਨੇੜੇ ਆ ਰਹੀ ਹੈ, ਆਰ ਐੱਸ ਐੱਸ ਦੇ ਹੈੱਡਕੁਆਰਟਰ ਵਾਲੇ ਸ਼ਹਿਰ ਨਾਗਪੁਰ ਤੋਂ ਅਜਿਹੇ ਬਿਆਨ ਆਉਣ ਲੱਗੇ ਹਨ, ਜਿਹੜੇ ਇਸ਼ਾਰੇ ਕਰ ਰਹੇ ਹਨ ਕਿ ਪ੍ਰਧਾਨ ਮੰਤਰੀ ਬੋਰੀ-ਬਿਸਤਰਾ ਬੰਨ੍ਹਣ ਲੱਗ ਪੈਣ, ਜਿਵੇਂ ਕਿ ਉਨ੍ਹਾ ਐੱਲ ਕੇ ਅਡਵਾਨੀ ਤੇ ਮੁਰਲੀ ਮਨੋਹਰ ਜੋਸ਼ੀ ਵਰਗਿਆਂ ਨੂੰ ਮਾਰਗਦਰਸ਼ਕ ਮੰਡਲ ਵਿੱਚ ਬਿਠਾ ਦਿੱਤਾ ਸੀ। ਕੁਝ ਦਿਨ ਪਹਿਲਾਂ ਆਰ ਐੱਸ ਐੱਸ ਦੇ ਮੁਖੀ ਮੋਹਨ ਭਾਗਵਤ ਨੇ ਸਾਫ ਹੀ ਕਹਿ ਦਿੱਤਾ ਸੀ ਕਿ 75 ਸਾਲ ਅਜਿਹੀ ਉਮਰ ਹੈ, ਜਦ ਇਨਸਾਨ ਨੂੰ ਸਰਗਰਮੀ ਕਰਨੀ ਛੱਡ ਦੇਣੀ ਚਾਹੀਦੀ ਹੈ। ਇਸ ਟਿੱਪਣੀ ਨੂੰ ਪ੍ਰਧਾਨ ਮੰਤਰੀ ਮੋਦੀ ਦੀ ਰਿਟਾਇਰਮੈਂਟ ਨਾਲ ਜੋੜ ਕੇ ਦੇਖਿਆ ਗਿਆ ਸੀ।
ਪਿਛਲੇ ਦਿਨੀਂ ਦੇਸ਼ ਵਿੱਚ ਆਰਥਿਕ ਨਾਬਰਾਬਰੀ ਵਧਣ ਦਾ ਬਿਆਨ ਦੇਣ ਵਾਲੇ ਕੇਂਦਰੀ ਮੰਤਰੀ ਨਿਤਿਨ ਗਡਕਰੀ, ਜਿਹੜੇ ਲੋਕ ਸਭਾ ਵਿੱਚ ਨਾਗਪੁਰ ਦੀ ਨੁਮਾਇੰਦਗੀ ਕਰਦੇ ਹਨ, ਨੇ ਹੁਣ ਇੱਕ ਹੋਰ ਬਿਆਨ ਦਾਗਦਿਆਂ ਕਿਹਾ ਹੈ, ‘‘ਸਨਮਾਨ ਮੰਗਿਆ ਨਹੀਂ ਜਾਂਦਾ, ਇਸ ਨੂੰ ਹਾਸਲ ਕੀਤਾ ਜਾਂਦਾ ਹੈ। ਜੇ ਤੁਸੀਂ ਇਸ ਦੇ ਲਾਇਕ ਹੋ ਤਾਂ ਇਹ ਤੁਹਾਨੂੰ ਮਿਲੇਗਾ। ਜਿਸ ਵਿਅਕਤੀ ਨੂੰ ਤਾਕਤ, ਧਨ, ਗਿਆਨ ਤੇ ਸੁੰਦਰਤਾ ਦਾ ਹੰਕਾਰ ਹੁੰਦਾ ਹੈ, ਉਹ ਕਿਸੇ ਦੇ ਕੰਮ ਨਹੀਂ ਆਉਦਾ।’’ ਉਨ੍ਹਾ ਵਿਸ਼ਵ ਇਤਿਹਾਸ ਦਾ ਹਵਾਲਾ ਦਿੰਦਿਆਂ ਕਿਹਾ ਕਿ ਜਿਨ੍ਹਾਂ ਨੂੰ ਲੋਕਾਂ ਨੇ ਸਵੀਕਾਰ ਕੀਤਾ, ਉਨ੍ਹਾਂ ਨੂੰ ਦੂਜਿਆਂ ’ਤੇ ਖੁਦ ਨੂੰ ਥੋਪਣ ਦੀ ਲੋੜ ਨਹੀਂ ਪਈ। ਗਡਕਰੀ ਦੇ ਇਸ ਬਿਆਨ ਨੂੰ ਭਾਜਪਾ ਦੀ ਟਾਪ ਲੀਡਰਸ਼ਿਪ ਵੱਲ ਸੇਧਤ ਮੰਨਿਆ ਜਾ ਰਿਹਾ ਹੈ। ਗਡਕਰੀ ਇੱਥੇ ਹੀ ਨਹੀਂ ਰੁਕੇ, ਉਨ੍ਹਾ ਇਹ ਵੀ ਕਿਹਾ, ‘‘ਮੈਂ ਸਭ ਤੋਂ ਹੁਸ਼ਿਆਰ ਹਾਂ। ਮੈਂ ‘ਸਾਹਬ’ ਬਣ ਗਿਆ ਹਾਂ…ਮੈਂ ਦੂਜਿਆਂ ਨੂੰ ਟਿੱਚ ਸਮਝਦਾ ਹਾਂ।’’ ਭਾਜਪਾ ਵਿੱਚ ਸਾਹਬ ਸ਼ਬਦ ਦਾ ਇਸਤੇਮਾਲ ਕਿਸ ਲਈ ਕੀਤਾ ਜਾਂਦਾ ਹੈ, ਇਹ ਕੋਈ ਲੁਕੀ-ਛਿਪੀ ਗੱਲ ਨਹੀਂ ਹੈ।
ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਮੋਦੀ ਤੇ ਆਰ ਐੱਸ ਐੱਸ ਵਿਚਾਲੇ ਰਿਸ਼ਤੇ ਖੱਟੇ ਹੀ ਚਲੇ ਆਏ ਹਨ। ਸੱਤਾ ਵਿੱਚ ਹੁੰਦਿਆਂ ਮੋਦੀ ਸਿਰਫ ਇੱਕ ਵਾਰ ਹੀ ਨਾਗਪੁਰ ਮੱਥਾ ਟੇਕਣ ਗਏ ਹਨ। ਇਹ ਖਬਰਾਂ ਆਮ ਹਨ ਕਿ ਆਰ ਐੱਸ ਐੱਸ ਮੋਦੀ ਦੀ ਥਾਂ ਨਿਤਿਨ ਗਡਕਰੀ ਜਾਂ ਯੋਗੀ ਆਦਿਤਿਆਨਾਥ ਨੂੰ ਪ੍ਰਧਾਨ ਮੰਤਰੀ ਦੇਖਣਾ ਚਾਹੁੰਦਾ ਹੈ। ਗਡਕਰੀ ਦੀ ਆਰ ਐੱਸ ਐੱਸ ਨਾਲ ਨੇੜਤਾ ਜੱਗ-ਜ਼ਾਹਰ ਹੈ। ਆਰ ਐੱਸ ਐੱਸ ਨੇ ਪ੍ਰਧਾਨ ਮੰਤਰੀ ਲਈ ਉਨ੍ਹਾ ਦਾ ਨਾਂਅ ਬਕਾਇਦਾ ਚਲਾਇਆ ਵੀ ਸੀ। ਹਾਲਾਂਕਿ ਮੋਦੀ ਤੇ ਅਮਿਤ ਸ਼ਾਹ ਦੀ ਜੋੜੀ ਯੋਗੀ ਆਦਿਤਿਆਨਾਥ ਨੂੰ ਵੱਡਾ ਖਤਰਾ ਮੰਨਦੀ ਹੈ, ਕਿਉਕਿ ਉਨ੍ਹਾ ਦਾ ਅਕਸ ਕੱਟੜ ਹਿੰਦੂ ਆਗੂ ਦਾ ਬਣ ਚੁੱਕਾ ਹੈ, ਜੋ ਆਰ ਐੱਸ ਐੱਸ ਦੀ ਭਾਵੀ ਰਣਨੀਤੀ ਨਾਲ ਮੇਲ ਖਾਂਦਾ ਹੈ, ਪਰ ਯੋਗੀ ਵਿੱਚ ਲੀਡਰਸ਼ਿਪ ਸਮਰੱਥਾ ਦੀ ਕਮੀ ਹੈ। ਉਨ੍ਹਾ ਦੇ ਮੁਕਾਬਲੇ ਗਡਕਰੀ ਨੂੰ ਕੁਸ਼ਲ ਲੀਡਰ ਮੰਨਿਆ ਜਾਂਦਾ ਹੈ। ਇੱਥੋਂ ਤੱਕ ਕਿ ਆਪੋਜ਼ੀਸ਼ਨ ਵਾਲੇ ਵੀ ਉਨ੍ਹਾ ਨੂੰ ਸਰਬ-ਪ੍ਰਵਾਨਤ ਅਕਸ ਵਾਲਾ ਆਗੂ ਮੰਨਦੇ ਹਨ। ਗਡਕਰੀ ਦੀਆਂ ਟਿੱਪਣੀਆਂ ਨੂੰ ਭਾਗਵਤ ਦੀ ਟਿੱਪਣੀ ਦੇ ਵਿਸਥਾਰ ਵਜੋਂ ਦੇਖਿਆ ਜਾ ਰਿਹਾ ਹੈ, ਯਾਨੀ ਕਿ ਆਰ ਐੱਸ ਐੱਸ ਹੁਣ ਯੋਗੀ ਦੀ ਥਾਂ ਗਡਕਰੀ ’ਤੇ ਦਾਅ ਖੇਡਣ ਲਈ ਤਿਆਰ ਹੈ।