ਪਾਰਟੀ ਕਾਂਗਰਸ ’ਚ ਖੱਬੀਆਂ, ਧਰਮ ਨਿਰਪੱਖ ਤੇ ਪ੍ਰਗਤੀਸ਼ੀਲ ਧਿਰਾਂ ਦਾ ਸਾਂਝਾ ਮੰਚ ਉਸਾਰਨ ਦੀ ਰਣਨੀਤੀ ਤਿਆਰ ਕੀਤੀ ਜਾਵੇਗੀ : ਅਮਰਜੀਤ ਕੌਰ

0
68

ਸ਼ਾਹਕੋਟ (ਗਿਆਨ ਸੈਦਪੁਰੀ)
ਭਾਰਤੀ ਕਮਿਊਨਿਸਟ ਪਾਰਟੀ ਦੀ 25ਵੀਂ ਪਾਰਟੀ ਕਾਂਗਰਸ ਦੇ ਅਵਸਰ ’ਤੇ 21 ਸਤੰਬਰ ਨੂੰ ਮੁਹਾਲੀ ਵਿੱਚ ਹੋਣ ਵਾਲੀ ਰੈਲੀ ਵਿੱਚ ਹਰਿਆਣਾ ਤੋਂ ਹਜ਼ਾਰਾਂ ਕਮਿਊਨਿਸਟ ਕਾਰਕੁਨ ਸ਼ਾਮਲ ਹੋਣਗੇ। ਇਹ ਫੈਸਲਾ ਪਾਣੀਪਤ ਵਿੱਚ ਭਗਤ ਸਿੰਘ ਯਾਦਗਾਰ ਵਿੱਚ ਟੀਕਾ ਰਾਮ ਸੁਖਨ ਹਾਲ ਅੰਦਰ ਹਰਿਆਣਾ ਦੀ ਸੂਬਾ ਕੌਂਸਲ ਦੀ ਮੀਟਿੰਗ ਦੌਰਾਨ ਲਿਆ ਗਿਆ। ਮੀਟਿੰਗ ਦੀ ਪ੍ਰਧਾਨਗੀ ਨਰੇਸ਼ ਕੁਮਾਰ ਠੋਲ ਨੇ ਕੀਤੀ। ਮੀਟਿੰਗ ਵਿੱਚ ਭਾਰਤੀ ਕਮਿਊਨਿਸਟ ਪਾਰਟੀ ਦੀ ਕੌਮੀ ਸਕੱਤਰ ਅਮਰਜੀਤ ਕੌਰ ਨੇ ਮੌਜੂਦਾ ਸਿਆਸੀ ਸਥਿਤੀ ’ਤੇ ਵਿਸਥਾਰ ਨਾਲ ਚਾਨਣਾ ਪਾਇਆ। ਸੀ ਪੀ ਆਈ ਦੀ ਹਰਿਆਣਾ ਇਕਾਈ ਦੇ ਸਕੱਤਰ ਦਰਿਆਓ ਸਿੰਘ ਨੇ ਪਾਰਟੀ ਦੀਆਂ ਸੂਬਾ ਸਰਗਰਮੀਆਂ ਦੀ ਰਿਪੋਰਟ ਪੇਸ਼ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਅਮਰਜੀਤ ਕੌਰ ਨੇ ਸੀ ਪੀ ਆਈ ਦੇ ਚੰਡੀਗੜ੍ਹ ਵਿੱਚ ਹੋਣ ਵਾਲੇ ਮਹਾਂ-ਸੰਮੇਲਨ ਵਿੱਚ ਪੇਸ਼ ਹੋਣ ਵਾਲੇ ਸਿਆਸੀ ਪ੍ਰਸਤਾਵ ’ਤੇ ਚਰਚਾ ਕਰਦਿਆਂ ਕਿਹਾ ਕਿ ਪਾਰਟੀ ਸ਼ਕਤੀਸ਼ਾਲੀ, ਜੀਵੰਤ ਅਤੇ ਸੰਘਰਸ਼ਸ਼ੀਲ ਹੋ ਕੇ ਉਭਰੇ, ਜੋ ਲੋਕ ਮੁੱਦਿਆਂ ਦੇ ਸੰਘਰਸ਼ਾਂ ਦੀਆਂ ਮੋਹਰਲੀਆਂ ਕਤਾਰਾਂ ਵਿੱਚ ਨਜ਼ਰ ਆਵੇ।ਸੀ ਪੀ ਆਈ ਮਜ਼ਦੂਰਾਂ, ਕਿਸਾਨਾਂ, ਨੌਜਵਾਨਾਂ, ਵਿਦਿਆਰਥੀਆਂ, ਔਰਤਾਂ ਸਮੇਤ ਹਾਸ਼ੀਏ ’ਤੇ ਖੜੇ ਲੋਕਾਂ ਵਿੱਚ ਆਪਣੀ ਪਹੁੰਚ ਵਧਾਏਗੀ। ਜਨ-ਸੰਗਠਨਾਂ ਨੂੰ ਮਜ਼ਬੂਤ ਕਰੇਗੀ ਅਤੇ ਪਾਰਟੀ ਦੇ ਪ੍ਰਗਤੀਸ਼ੀਲ ਤੇ ਕ੍ਰਾਂਤੀਕਾਰੀ ਸੰਦੇਸ਼ ਨੂੰ ਦੇਸ਼ ਦੇ ਕੋਨੇ-ਕੋਨੇ ਤੱਕ ਪਹੁੰਚਾਏਗੀ।ਉਹਨਾ ਕਿਹਾ ਕਿ ਆਰ ਐੱਸ ਐੱਸ ਦੇ ਦਿਸ਼ਾ-ਨਿਰਦੇਸ਼ਾਂ ’ਤੇ ਚੱਲਣ ਵਾਲੀ ਭਾਜਪਾ ਸਰਕਾਰ ਦੇਸ਼ ਦੀ ਮਿਹਨਤਕਸ਼ ਜਨਤਾ ਵਿਰੁੱਧ ਨੀਤੀਆਂ ਬਣਾ ਕੇ ਕਾਰਪੋਰੇਟ ਘਰਾਣਿਆਂ ਦੀਆਂ ਤਜੌਰੀਆਂ ਨੂੰ ਭਰ ਰਹੀ ਹੈ। ਉਹਨਾ ਕਿਹਾ ਕਿ ਮਹਾਂ-ਸੰਮੇਲਨ ਵਿੱਚ ਖੱਬੇ ਪੱਖੀ ਧਿਰਾਂ, ਧਰਮ ਨਿਰਪੱਖ ਸਿਆਸੀ ਪਾਰਟੀਆਂ ਅਤੇ ਪ੍ਰਗਤੀਸ਼ੀਲ ਤਾਕਤਾਂ ਨੂੰ ਇੱਕਜੁੱਟ ਕਰਕੇ ਵੱਡਾ ਅੰਦੋਲਨ ਚਲਾਉਣ ਦੀ ਰਣਨੀਤੀ ਤਿਆਰ ਕਰੇਗੀ।ਸੀ ਪੀ ਆਈ ਦੀ ਸੂਬਾ ਕੌਂਸਲ ਨੇ ਹਰਿਆਣਾ ਸਰਕਾਰ ਵੱਲੋਂ ਬਿਜਲੀ ਦਰਾਂ ਵਧਾਉਣ, ਰਾਸ਼ਨ ਕਾਰਡ ’ਤੇ ਮਿਲਣ ਵਾਲੇ ਸਰੋ੍ਹਂ ਦੇ ਤੇਲ ਦੀਆਂ ਦਰਾਂ ਵਿੱਚ ਭਾਰੀ ਵਾਧਾ ਕਰਨ ਅਤੇ ਕੁਝ ਹੀ ਦਿਨਾਂ ਵਿੱਚ ਲੱਖਾਂ ਪਰਵਾਰਾਂ ਦੇ ਬੀ ਪੀ ਐੱਲ ਸੂਚੀ ਵਿੱਚੋਂ ਨਾਂਅ ਕੱਟਣ ਦੀ ਨਿਖੇਧੀ ਕੀਤੀ ਹੈ। ਮੀਟਿੰਗ ਵਿੱਚ ਸੰਗਠਨ ਦੇ ਸਵਾਲਾਂ ’ਤੇ ਵਿਸਥਾਰ ਨਾਲ ਚਰਚਾ ਕਰਦਿਆਂ ਕਿਹਾ ਗਿਆ ਕਿ ਸੀ ਪੀ ਆਈ ਦੀ ਸਥਾਪਨਾ ਦੇ ਸੌ ਸਾਲ ਪੂਰੇ ਹੋਣ ’ਤੇ ਆਉਣ ਵਾਲੀ 26 ਦਸੰਬਰ ਨੂੰ ਨਗੌਰ ਵਿੱਚ ਸੂਬਾ ਪੱਧਰੀ ਸਨਮਾਨ ਕੀਤਾ ਜਾਵੇਗਾ।ਮੀਟਿੰਗ ਵਿੱਚ ਧਰਮਪਾਲ ਸਿੰਘ ਚੌਹਾਨ, ਤਿਲਕ ਰਾਜ ਵਿਨਾਇਕ, ਹਰਭਜਨ ਸਿੰਘ ਸੰਧੂ, ਸਤਿੰਦਰ ਗਿਰੀ, ਆਰ ਐੱਨ ਸਿੰਘ, ਪਵਨ ਕੁਮਾਰ ਸੈਨੀ, ਸੰਤੋਸ਼ ਸੈਨੀ, ਡਾ. ਸੁਖਦੇਵ ਸਿੰਘ ਜੰਮੂ, ਮਨੀ ਰੱਖਾ, ਬੇਲ ਰੱਖਾ, ਰਾਜੀਵ ਵਰਮਾ, ਅਰੁਣ ਕੁਮਾਰ, ਸਤੀਸ਼ ਕੁਮਾਰ ਨਹਾਡ, ਫੂਲ ਸਿੰਘ ਇੰਦੌਰਾ, ਨੀਰਜ ਚੌਹਾਨ ਆਦਿ ਨੇ ਵੀ ਵਿਚਾਰ-ਚਰਚਾ ’ਚ ਹਿੱਸਾ ਲਿਆ।