ਬਲਵਿੰਦਰ ਸਿੰਘ ਸੇਲਬਰਾਹ ਨੂੰ ਸੈਂਕੜੇ ਲੋਕਾਂ ਵੱਲੋਂ ਅੰਤਮ ਵਿਦਾਈ

0
66

ਬਠਿੰਡਾ (ਬਖਤੌਰ ਢਿੱਲੋਂ)
ਟੀਚਰਜ਼ ਹੋਮ ਟਰੱਸਟ (ਰਜਿ.) ਬਠਿੰਡਾ ਦੇ ਬਹੁਤ ਹੀ ਸਰਗਰਮ ਮੈਂਬਰ ਤੇ ਸੇਵਾ-ਮੁਕਤ ਮੁੱਖ ਅਧਿਆਪਕ ਕਾਮਰੇਡ ਬਲਵਿੰਦਰ ਸਿੰਘ ਸੇਲਬਰਾਹ ਜਿਹੜੇ ਸੋਮਵਾਰ ਸਦੀਵੀ ਵਿਛੋੜਾ ਦੇ ਗਏ ਸਨ, ਦਾ ਅੰਤਮ ਸੰਸਕਾਰ ਮੰਗਲਵਾਰ ਰਾਮਪੁਰਾ ਦੇ ਸ਼ਮਸ਼ਾਨਘਾਟ ਵਿਖੇ ਭਰਵੇਂ ਇਕੱਠ ਵਿਚ ਕੀਤਾ ਗਿਆ। ਕਾਮਰੇਡ ਬਲਵਿੰਦਰ ਸਿੰਘ ਜਿੱਥੇ ਇੱਕ ਵਧੀਆ ਅਧਿਆਪਕ ਤੇ ਵਧੀਆ ਇਨਸਾਨ ਸਨ, ਉੱਥੇ ਉਹ ਸਮਰਪਿਤ ਕਮਿਊਨਿਸਟ ਵਜੋਂ ਆਪਣੇ ਆਖ਼ਰੀ ਸਾਹਾਂ ਤੱਕ ਭਾਰਤੀ ਕਮਿਊਨਿਸਟ ਪਾਰਟੀ ਦੇ ਵਫਾਦਾਰ ਸਿਪਾਹੀ ਵਜੋਂ ਵਿਚਰਦੇ ਰਹੇ। ਜਿੱਥੇ ਉਹਨਾ ਅਧਿਆਪਨ ਦੇ ਸਮੇਂ ਵੱਖ-ਵੱਖ ਸਕੂਲਾਂ ਵਿੱਚ ਪੂਰੀ ਮਿਹਨਤ ਤੇ ਜ਼ਿੰਮੇਵਾਰੀ ਨਾਲ਼ ਬਹੁਤ ਵਧੀਆ ਕੰਮ ਕੀਤੇ, ਉਥੇ ਉਹ ਅਧਿਆਪਕਾਂ ਦੀ ਸਿਰਮੌਰ ਜਥੇਬੰਦੀ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਤੇ ਸੂਬਾ ਪੱਧਰ ਦੇ ਪ੍ਰਪੱਕ ਆਗੂ ਵਜੋਂ ਵੀ ਭੂਮਿਕਾ ਅਦਾ ਕਰਦੇ ਰਹੇ।ਉਹਨਾ ਕੁਸ਼ਲ ਜਥੇਬੰਦਕ ਵਜੋਂ ਪੂਰੀ ਜ਼ਿੰਮੇਵਾਰੀ ਨਾਲ ਜਥੇਬੰਦੀ ਨੂੰ ਚਲਾਇਆ ਅਤੇ ਅਧਿਆਪਕ ਘੋਲਾਂ ਦੀ ਅਗਵਾਈ ਕੀਤੀ। ਉਹਨਾ ਦੇ ਅੰਤਮ ਸੰਸਕਾਰ ਮੌਕੇ ਜਿੱਥੇ ਉਹਨਾ ਦੀ ਧਰਮ ਪਤਨੀ ਗੁਰਚਰਨ ਕੌਰ, ਦੋਵੇਂ ਡਾਕਟਰ ਬੇਟੇ, ਰਿਸ਼ਤੇਦਾਰ ਤੇ ਸਾਕ-ਸੰਬੰਧੀ ਗਮ ਵਿੱਚ ਡੁੱਬੇ ਹੋਏ ਸਨ, ਉੱਥੇ ਵੱਡੀ ਗਿਣਤੀ ਵਿਚ ਅਧਿਆਪਕਾਂ ਤੇ ਸ਼ਹਿਰ ਨਿਵਾਸੀਆਂ ਨੇ ਵੀ ਉਹਨਾਂ ਨੂੰ ਨਮ ਅੱਖਾਂ ਨਾਲ ਵਿਦਾ ਕੀਤਾ। ਭਾਰਤੀ ਕਮਿਊਨਿਸਟ ਪਾਰਟੀ ਦੇ ਸਾਬਕਾ ਸੂਬਾ ਸਕੱਤਰ ਜਗਰੂਪ ਸਿੰਘ, ਜ਼ਿਲ੍ਹਾ ਬਠਿੰਡਾ ਦੇ ਸਕੱਤਰ ਬਲਕਰਨ ਬਰਾੜ, ਜ਼ਿਲ੍ਹਾ ਮੋਗਾ ਦੇ ਸਕੱਤਰ ਕੁਲਦੀਪ ਭੋਲਾ, ਡਾ: ਇੰਦਰਵੀਰ ਗਿੱਲ, ਭੋਲਾ ਸਿੰਘ, ਟੀਚਰਜ਼ ਹੋਮ ਟਰੱਸਟ ਦੇ ਚੇਅਰਮੈਨ ਬੀਰਬਲ ਦਾਸ, ਲਛਮਣ ਮਲੂਕਾ, ਪਰਮਜੀਤ ਰਾਮਾਂ, ਹਰਭਜਨ ਸਿੰਘ ਤੇ ਅਮਰ ਸਿੰਘ ਨੇ ਪਾਰਟੀ ਦਾ ਲਾਲ਼ ਝੰਡਾ ਪਾ ਕੇ ਬਲਵਿੰਦਰ ਸਿੰਘ ਸੇਲਬਰਾਹ ਨੂੰ ਸਨਮਾਨ ਦਿੱਤਾ। ਇਸ ਮੌਕੇ ਸਾਥੀ ਬਲਵਿੰਦਰ ਸਿੰਘ ਨੂੰ ਲਾਲ ਸਲਾਮ, ਸਾਥੀ ਬਲਵਿੰਦਰ ਸਿੰਘ ਅਮਰ ਹੈ, ਭਾਰਤੀ ਕਮਿਊਨਿਸਟ ਪਾਰਟੀ ਜ਼ਿੰਦਾਬਾਦ, ਇਨਕਲਾਬ ਜ਼ਿੰਦਾਬਾਦ ਦੇ ਨਾਅਰਿਆਂ ਨਾਲ ਉਹਨਾ ਨੂੰ ਸਲਾਮੀ ਦਿੱਤੀ ਗਈ।