ਪੀ ਆਰ ਟੀ ਸੀ ਮੈਨੇਜਮੈਂਟ ਖਿਲਾਫ ਭਲਕੇ ਜ਼ੋਰਦਾਰ ਪ੍ਰਦਰਸ਼ਨ

0
139

ਪਟਿਆਲਾ : ਪੀ ਆਰ ਟੀ ਸੀ ਵਰਕਰਜ਼ ਐਕਸ਼ਨ ਕਮੇਟੀ ਦੇ ਵੱਖ-ਵੱਖ ਜਥੇਬੰਦੀਆਂ ਦੇ ਬੁਲਾਰਿਆਂ ਨਿਰਮਲ ਸਿੰਘ ਧਾਲੀਵਾਲ ਕਨਵੀਨਰ ਅਤੇ ਮੈਂਬਰਾਨ ਬਲਦੇਵ ਰਾਜ ਬੱਤਾ, ਹਰਪ੍ਰੀਤ ਸਿੰਘ ਖਟੜਾ, ਰਾਕੇਸ਼ ਕੁਮਾਰ ਦਾਤਾਰਪੁਰੀ ਅਤੇ ਮੁਹੰਮਦ ਖਲੀਲ ਨੇ ਬੁੱਧਵਾਰ ਕਿਹਾ ਕਿ 18 ਜੁਲਾਈ (ਸ਼ੁੱਕਰਵਾਰ) ਨੂੰ ਪੰਜਾਬ ਸਰਕਾਰ ਅਤੇ ਪੀ ਆਰ ਟੀ ਸੀ ਦੀ ਮੈਨੇਜਮੈਂਟ ਵਿਰੁੱਧ ਨਵਾਂ ਬੱਸ ਸਟੈਂਡ ਪਟਿਆਲਾ ਵਿਖੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਮੁੱਖ ਮੰਤਰੀ, ਖਜ਼ਾਨਾ ਮੰਤਰੀ ਅਤੇ ਵਿੱਤ ਸਕੱਤਰ ਦੇ ਪੁਤਲੇ ਫੂਕੇ ਜਾਣਗੇ, ਕਿਉਕਿ ਇਹ ਸਰਕਾਰ ਪੀ ਆਰ ਟੀ ਸੀ ਦੇ ਵਰਕਰਾਂ ਅਤੇ ਸੇਵਾ-ਮੁਕਤ ਕਰਮਚਾਰੀਆਂ ਦੀਆਂ ਤਨਖਾਹਾਂ ਅਤੇ ਪੈਨਸ਼ਨਾਂ ਹਰ ਮਹੀਨੇ ਤਰਸਾ-ਤਰਸਾ ਕੇ ਅੱਧਾ ਮਹੀਨਾ ਲੰਘੇ ਤੋਂ ਬਾਅਦ ਦਿੰਦੀ ਆ ਰਹੀ ਹੈ। ਪਿਛਲੇ ਮਹੀਨੇ ਵੀ ਅਦਾਇਗੀ 27 ਤਰੀਕ ਨੂੰ ਹੋਈ ਸੀ, ਇਸ ਵਾਰ ਫਿਰ ਜੂਨ ਦੀ ਅਦਾਇਗੀ ਜੁਲਾਈ ਦਾ ਅੱਧਾ ਮਹੀਨਾ ਲੰਘ ਜਾਣ ਦੇ ਬਾਵਜੂਦ ਵੀ ਕੋਈ ਸੰਕੇਤ ਨਹੀਂ ਮਿਲ ਰਹੇ ਕਿ ਕਦੋਂ ਤਨਖਾਹ-ਪੈਨਸ਼ਨ ਨਸੀਬ ਹੋਵੇਗੀ। ਆਗੂਆਂ ਕਿਹਾ ਕਿ ਇਸ ਨਾ ਤਜਰਬੇਕਾਰ, ਅਸੰਵੇਦਨਸ਼ੀਲ, ਗੈਰਸੰਜੀਦਾ ਅਤੇ ਗਪੌੜੀਆਂ ਦੀ ਸਰਕਾਰ ਨੇ ਜਿੱਥੇ ਆਪਣੇ ਵਿੱਤੀ ਦੁਰਪ੍ਰਬੰਧ ਰਾਹੀਂ ਸਮੁੱਚੇ ਮੁਲਾਜ਼ਮਾਂ, ਮਜ਼ਦੂਰਾਂ, ਸਕੀਮ ਵਰਕਰਾਂ, ਨਰੇਗਾ ਕਾਮਿਆਂ ਆਦਿ ਵਰਗਾਂ ਦੇ ਆਰਥਕ ਮਸਲਿਆਂ ਨੂੰ ਢੀਠਤਾਈ ਦੀਆਂ ਹੱਦਾਂ ਪਾਰ ਕਰਕੇ ਪੈਰਾਂ ਹੇਠ ਲਤਾੜਿਆ ਹੋਇਆ ਹੈ, ਉੱਥੇ ਇਸ ਤੋਂ ਵੀ ਵੱਧ ਜ਼ੁਲਮ ਪੀ ਆਰ ਟੀ ਸੀ ਦੇ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਠੇਕਾ ਪ੍ਰਣਾਲੀ ਅਧੀਨ ਕੰਮ ਕਰਦੇ ਵਰਕਰਾਂ ਦੇ ਵਿਰੁੱਧ ਹਰ ਮਹੀਨੇ ਤਨਖਾਹਪੈਨਸ਼ਨਾਂ ਦੀ ਅਦਾਇਗੀ ਸਮੇਂ ਸਿਰ ਨਾ ਕਰਕੇ ਕੀਤਾ ਜਾ ਰਿਹਾ ਹੈ। ਤਨਖਾਹ-ਪੈਨਸ਼ਨ ਤੋਂ ਇਲਾਵਾ 125 ਕਰੋੜ ਰੁਪਏ ਦੇ ਪੇ ਕਮਿਸ਼ਨ ਦੇ ਬਕਾਏ ਵਿਚੋਂ ਅਜੇ ਤੱਕ ਧੇਲਾ ਵੀ ਨਹੀਂ ਦਿੱਤਾ, ਸੇਵਾ-ਮੁਕਤ ਕਰਮਚਾਰੀਆਂ ਨੂੰ ਸੇਵਾ-ਮੁਕਤੀ ਲਾਭ ਨਹੀਂ ਦਿੱਤੇ ਜਾ ਰਹੇ, ਮੈਡੀਕਲ ਬਿੱਲਾਂ ਦਾ ਭੁਗਤਾਨ ਨਹੀਂ ਹੁੰਦਾ ਅਤੇ ਹੋਰ ਕਈ ਤਰ੍ਹਾਂ ਦੇ ਬਕਾਏ ਹਨ, ਜਿਹੜੇ ਸਾਲਾਂਬੱਧੀ ਸਮੇਂ ਤੋਂ ਲਮਕ ਰਹੇ ਹਨ। ਚਾਰ ਸਾਲ ਦਾ ਸਮਾਂ ਲੰਘ ਚੁੱਕਾ ਹੈ, ਪਰ ਇਸ ਸਰਕਾਰ ਨੇ ਪ੍ਰਾਈਵੇਟ ਬੱਸ ਮਾਫੀਏ ਦੇ ਦਬਾਅ ਥੱਲੇ ਸਰਕਾਰੀ ਅਦਾਰਿਆਂ ਵਿੱਚ ਇੱਕ ਵੀ ਨਵੀਂ ਬੱਸ ਨਹੀਂ ਪੈਣ ਦਿੱਤੀ, ਕੱਚੇ ਕਾਮੇ ਪੱਕੇ ਨਹੀਂ ਕੀਤੇ ਗਏ, ਪੁਰਾਣੀ ਪੈਨਸ਼ਨ ਸਕੀਮ ਬਹਾਲ ਨਹੀਂ ਕੀਤੀ ਗਈ, 12 ਸਾਲਾਂ ਤੋਂ ਘੱਟੋ-ਘੱਟ ਉਜਰਤਾਂ ਵਿੱਚ ਸਰਮਾਏਦਾਰਾਂ ਦੇ ਦਬਾਅ ਥੱਲੇ ਵਾਧਾ ਨਹੀਂ ਕੀਤਾ, ਮੁਫ਼ਤ ਸਫਰ ਬਦਲੇ ਪੀ ਆਰ ਟੀ ਸੀ ਦੇ ਬਣਦੇ 600 ਕਰੋੜ ਰੁਪਏ ਤੋਂ ਵੱਧ ਦੇ ਬਣਦੇ ਪੈਸੇ ਨਹੀਂ ਦਿੱਤੇ ਜਾ ਰਹੇ। ਅਦਾਰੇ ਵਿੱਚ ਸਿਆਸੀ ਨਿਯੁਕਤੀਆਂ ਦੀ ਬੇਲੋੜੀ ਭਰਮਾਰ ਦਾ ਵੱਖਰਾ ਵਿੱਤੀ ਬੋਝ ਲਗਾਤਾਰ ਵਧਾਇਆ ਜਾ ਰਿਹਾ ਹੈ।ਐਕਸ਼ਨ ਕਮੇਟੀ ਨੇ ਪੀ ਆਰ ਟੀ ਸੀ ਦੇ ਸਮੁੱਚੇ ਵਰਕਰਾਂ ਨੂੰ ਅਪੀਲ ਕੀਤੀ ਕਿ ਤਹਿ ਕੀਤੇ ਪ੍ਰੋਗਰਾਮ ਵਿੱਚ ਪੂਰੇ ਜੋਸ਼ ਅਤੇ ਤਾਕਤ ਨਾਲ 18 ਜੁਲਾਈ ਨੂੰ ਬੱਸ ਸਟੈੈਂਡ ਪਟਿਆਲਾ ’ਤੇ ਠੀਕ 11:00 ਵਜੇ ਹੁੰਮ-ਹੁਮਾ ਕੇ ਪੁੱਜੋ, ਤਾਂ ਕਿ ਬੱਸ ਸਟੈਂਡ ’ਤੇ ਹਜ਼ਾਰਾਂ ਲੋਕਾਂ ਦੀ ਕਚਹਿਰੀ ਵਿੱਚ ਸਰਕਾਰ ਦੇ ਜ਼ੁਲਮ ਦਾ ਭਾਂਡਾ ਭੰਨਿਆ ਜਾ ਸਕੇ।