ਰਾਹੁਲ ਨੂੰ ਫਾਰੇਨ ਪਾਲਿਸੀ ਦਾ ‘ਐੱਫ’ ਵੀ ਨਹੀਂ ਪਤਾ : ਭਾਜਪਾ

0
81

ਨਵੀਂ ਦਿੱਲੀ : ਭਾਜਪਾ ਨੇ ਬੁੱਧਵਾਰ ਰਾਹੁਲ ਗਾਂਧੀ ’ਤੇ ਹਥਿਆਰਬੰਦ ਸੈਨਾਵਾਂ ਦਾ ਨਿਰਾਦਰ ਕਰਨ ਦੇ ਮਾਮਲੇ ਵਿੱਚ ਆਦਤਨ ਝੂਠੇ ਅਤੇ ਅਪਰਾਧੀ ਹੋਣ ਦਾ ਦੋਸ਼ ਲਗਾਇਆ ਹੈ। ਭਾਜਪਾ ਦੇ ਕੌਮੀ ਬੁਲਾਰੇ ਅਜੈ ਆਲੋਕ ਨੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਦੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਤੋਂ ਬਾਅਦ ਕਾਂਗਰਸੀ ਆਗੂ ਦੇ ‘ਸਰਕਸ’ ਵਾਲੇ ਤਨਜ਼ ’ਤੇ ਪਲਟਵਾਰ ਕਰਦੇ ਹੋਏ ਕਿਹਾ ਕਿ ਉਹ ਫਾਰੇਨ ਪਾਲਿਸੀ ਦਾ ਐੱਫ ਵੀ ਨਹੀਂ ਜਾਣਦੇ, ਪਰ ਸਵਾਲ ਚੁੱਕਦੇ ਰਹਿੰਦੇ ਹਨ। ਆਲੋਕ ਨੇ ਕਿਹਾ, ‘ਜਦੋਂ ਸਾਡੇ ਵਿਦੇਸ਼ ਮੰਤਰੀ ਮੀਟਿੰਗ ਲਈ ਚੀਨ ਜਾਂਦੇ ਹਨ, ਜੇ ਉਹ ਆਪਣੇ ਚੀਨੀ ਹਮਰੁਤਬਾ ਅਤੇ ਦੇਸ਼ ਦੇ ਰਾਸ਼ਟਰਪਤੀ ਨੂੰ ਨਹੀਂ ਮਿਲਦੇ, ਤਾਂ ਉਹ ਕਿਸ ਨੂੰ ਮਿਲਣਗੇ? ਇਟਲੀ ਦੇ ਪ੍ਰਧਾਨ ਮੰਤਰੀ ਨੂੰ? ਜੈਸ਼ੰਕਰ ਵੱਲੋਂ ਸ਼ੀ ਨੂੰ ਮਿਲਣ ਅਤੇ ਉਨ੍ਹਾ ਨੂੰ ਭਾਰਤ-ਚੀਨ ਸੰਬੰਧਾਂ ਵਿੱਚ ਹਾਲੀਆ ਘਟਨਾਕ੍ਰਮ ਬਾਰੇ ਜਾਣੂ ਕਰਵਾਉਣ ਬਾਰੇ ਇੱਕ ਮੀਡੀਆ ਰਿਪੋਰਟ ਨੂੰ ਟੈਗ ਕਰਦੇ ਹੋਏ ਰਾਹੁਲ ਨੇ ਮੰਗਲਵਾਰ ਕਿਹਾ ਸੀ ਕਿ ਵਿਦੇਸ਼ ਮੰਤਰੀ ਭਾਰਤ ਦੀ ਵਿਦੇਸ਼ ਨੀਤੀ ਨੂੰ ਤਬਾਹ ਕਰਨ ਦੇ ਉਦੇਸ਼ ਨਾਲ ਪੂਰੀ ਤਰ੍ਹਾਂ ਸਰਕਸ ਚਲਾ ਰਹੇ ਹਨ। ਉਨ੍ਹਾ ਕਿਹਾ, ‘ਮੈਨੂੰ ਲੱਗਦਾ ਹੈ ਕਿ ਚੀਨੀ ਵਿਦੇਸ਼ ਮੰਤਰੀ ਆਉਣਗੇ ਅਤੇ ਮੋਦੀ ਨੂੰ ਚੀਨ-ਭਾਰਤ ਸੰਬੰਧਾਂ ਵਿੱਚ ਹਾਲੀਆ ਘਟਨਾਕ੍ਰਮ ਬਾਰੇ ਜਾਣੂ ਕਰਵਾਉਣਗੇ। ਵਿਦੇਸ਼ ਮੰਤਰੀ ਹੁਣ ਭਾਰਤ ਦੀ ਵਿਦੇਸ਼ ਨੀਤੀ ਨੂੰ ਤਬਾਹ ਕਰਨ ਦੇ ਉਦੇਸ਼ ਨਾਲ ਇੱਕ ਪੂਰੀ ਤਰ੍ਹਾਂ ਸਰਕਸ ਚਲਾ ਰਹੇ ਹਨ।’
ਲਖਨਊ ਦੀ ਇੱਕ ਅਦਾਲਤ ਵੱਲੋਂ ਹਥਿਆਰਬੰਦ ਸੈਨਾਵਾਂ ਦੇ ਵਿਰੁੱਧ ਟਿੱਪਣੀਆਂ ਨੂੰ ਲੈ ਕੇ ਦਾਇਰ ਮਾਣਹਾਨੀ ਦੇ ਕੇਸ ਵਿੱਚ ਰਾਹੁਲ ਨੂੰ ਜ਼ਮਾਨਤ ਦਿੱਤੇ ਜਾਣ ਦੇ ਦੋ ਦਿਨ ਬਾਅਦ ਆਲੋਕ ਨੇ ਰਾਹੁਲ ’ਤੇ ਆਦਤਨ ਝੂਠੇ ਅਤੇ ਅਪਰਾਧੀ ਹੋਣ ਦਾ ਦੋਸ਼ ਲਗਾਇਆ। ਉਨ੍ਹਾ ਕਿਹਾ ਕਿ ਰਾਹੁਲ ਨੇ ਅਕਸਰ ਹਥਿਆਰਬੰਦ ਸੈਨਾਵਾਂ ਦੇ ਖਿਲਾਫ ਨਿਰਾਦਰ ਭਰੀਆਂ ਟਿੱਪਣੀਆਂ ਕੀਤੀਆਂ ਹਨ।