ਨਾਟੋ ਦੀ ਭਾਰਤ, ਚੀਨ ਤੇ ਬ੍ਰਾਜ਼ੀਲ ਨੂੰ ਧਮਕੀ

0
135

ਵਾਸ਼ਿੰਗਟਨ : ਨਾਟੋ ਦੇ ਸਕੱਤਰ ਜਨਰਲ ਮਾਰਕ ਰੂਟੇ ਨੇ ਬੁੱਧਵਾਰ ਚੇਤਾਵਨੀ ਦਿੱਤੀ ਕਿ ਭਾਰਤ, ਬ੍ਰਾਜ਼ੀਲ ਤੇ ਚੀਨ ਵਰਗੇ ਮੁਲਕ ਜੇ ਰੂਸ ਨਾਲ ਕਾਰੋਬਾਰ ਜਾਰੀ ਰੱਖਦੇ ਹਨ ਤਾਂ ਉਨ੍ਹਾਂ ਨੂੰ ਸਖਤ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਰੂਟੇ ਨੇ ‘ਬਿ੍ਰਕਸ’ ਸਮੂਹ ’ਚ ਸ਼ਾਮਲ ਇਨ੍ਹਾਂ ਮੁਲਕਾਂ ਨੂੰ ਚੇਤਾਵਨੀ ਦਿੱਤੀ ਕਿ ਉਹ ਪੁਤਿਨ ਨੂੰ ਸ਼ਾਂਤੀ ਵਾਰਤਾ ਲਈ ਸੰਜੀਦਾ ਹੋਣ ਵਾਸਤੇ ਕਹਿਣ ਜਾਂ ਫਿਰ ਰੂਸ ਸਖਤ ਪਾਬੰਦੀਆਂ ਲਈ ਤਿਆਰ ਰਹੇ।
ਰੂਟੇ ਨੇ ਇਹ ਟਿੱਪਣੀ ਅਮਰੀਕੀ ਕਾਂਗਰਸ ਵਿੱਚ ਸੈਨੇਟਰਾਂ ਨਾਲ ਮੁਲਾਕਾਤ ਦੌਰਾਨ ਕੀਤੀ, ਜਦੋਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਯੂਕਰੇਨ ਲਈ ਨਵੇਂ ਹਥਿਆਰਾਂ ਦਾ ਐਲਾਨ ਕੀਤਾ ਅਤੇ 50 ਦਿਨਾਂ ਵਿੱਚ ਸ਼ਾਂਤੀ ਸਮਝੌਤਾ ਨਾ ਹੋਣ ’ਤੇ ਰੂਸੀ ਬਰਾਮਦਾਂ ਦੇ ਖਰੀਦਦਾਰਾਂ ’ਤੇ 100 ਫੀਸਦੀ ਸੈਕੰਡਰੀ ਟੈਰਿਫ ਲਾਉਣ ਦੀ ਧਮਕੀ ਦਿੱਤੀ।
ਰੂਟੇ ਨੇ ਪੱਤਰਕਾਰਾਂ ਨੂੰ ਕਿਹਾ, ‘ਇਨ੍ਹਾਂ ਤਿੰਨਾਂ ਦੇਸ਼ਾਂ ਨੂੰ ਮੇਰੀ ਸਲਾਹ ਹੈ, ਖਾਸ ਕਰਕੇ, ਜੇ ਤੁਸੀਂ ਹੁਣ ਬੀਜਿੰਗ ਵਿੱਚ ਰਹਿੰਦੇ ਹੋ ਜਾਂ ਦਿੱਲੀ ਵਿੱਚ ਜਾਂ ਤੁਸੀਂ ਬ੍ਰਾਜ਼ੀਲ ਦੇ ਰਾਸ਼ਟਰਪਤੀ ਹੋ, ਤਾਂ ਤੁਸੀਂ ਇਸ ’ਤੇ ਇੱਕ ਨਜ਼ਰ ਮਾਰਨਾ ਚਾਹੋਗੇ, ਕਿਉਂਕਿ ਇਹ ਤੁਹਾਨੂੰ ਅਸਰਅੰਦਾਜ਼ ਕਰ ਸਕਦਾ ਹੈ।’
ਰੂਟੇ ਨੇ ਟਰੰਪ ਨਾਲ ਮੁਲਾਕਾਤ ਕੀਤੀ ਅਤੇ ਟੈਰਿਫ ਨੂੰ ਲੈ ਕੇ ਨਵੀਂ ਪੇਸ਼ਕਦਮੀ ’ਤੇ ਸਹਿਮਤੀ ਪ੍ਰਗਟਾਈ। ਰੂਟੇ ਨੇ ਕਿਹਾ, ‘ਇਸ ਲਈ ਕਿ੍ਰਪਾ ਕਰਕੇ ਪੁਤਿਨ ਨੂੰ ਫੋਨ ਕਰੋ ਤੇ ਦੱਸੋ ਕਿ ਉਨ੍ਹਾ ਨੂੰ ਸ਼ਾਂਤੀ ਵਾਰਤਾ ਬਾਰੇ ਸੰਜੀਦਾ ਹੋਣਾ ਹੋਵੇਗਾ, ਜੇ ਅਜਿਹਾ ਨਹੀਂ ਹੁੰਦਾ ਤਾਂ ਭਾਰਤ, ਬ੍ਰਾਜ਼ੀਲ ਤੇ ਚੀਨ ’ਤੇ ਇਸ ਦਾ ਵਿਆਪਕ ਅਸਰ ਪਏਗਾ।’