ਚੰਡੀਗੜ੍ਹ (ਗੁਰਜੀਤ ਬਿੱਲਾ, ਸੁਰਜੀਤ ਸੁਮਨ) : ਪੰਜਾਬ ਸਰਕਾਰ ਨੇ 8 ਲੱਖ ਸਰਕਾਰੀ ਮੁਲਾਜ਼ਮਾਂ ਨੂੰ ਡੀ ਏ ਦੀ ਹੋਰ ਤਿੰਨ ਫੀਸਦੀ ਕਿਸ਼ਤ ਦੇਣ ਦਾ ਫੈਸਲਾ ਕੀਤਾ ਹੈ | ਇਸ ਦਾ ਐਲਾਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਦਸੰਬਰ ਦੀ ਤਨਖਾਹ ਅਤੇ ਪੈਨਸ਼ਨ ਵਿੱਚ ਇਹ ਵਾਧਾ ਮਿਲੇਗਾ | ਇਸ ਫੈਸਲੇ ਦੇ ਨਾਲ ਹੀ ਸੂਬਾ ਸਰਕਾਰ ਨੇ ਦੋ ਮਹੀਨਿਆਂ ਵਿੱਚ ਮੁਲਾਜ਼ਮਾਂ ਦੇ ਡੀ ਏ ਵਿੱਚ 11 ਫੀਸਦੀ ਦਾ ਵਾਧਾ ਕਰ ਦਿੱਤਾ ਹੈ | ਮਾਨ ਨੇ ਕਿਹਾ ਕਿ ਸਾਲ 2022 ਵਿੱਚ ਮੁਲਾਜ਼ਮਾਂ ਨੂੰ 28 ਫੀਸਦ ਡੀ ਏ ਦਿੱਤਾ ਜਾਂਦਾ ਸੀ, ਜੋ ਸਾਲ 2026 ਵਿੱਚ ਵਧ ਕੇ 53 ਫੀਸਦ ਹੋ ਗਿਆ ਹੈ | ਇਸ ਨਾਲ ਮੁਲਾਜ਼ਮਾਂ ਨੂੰ ਹਰੇਕ ਮਹੀਨੇ 363 ਕਰੋੜ ਰੁਪਏ ਦਾ ਲਾਭ ਹੋਵੇਗਾ, ਜਦਕਿ ਕੁੱਲ 11 ਫੀਸਦ ਡੀ ਏ ਨਾਲ ਮੁਲਾਜ਼ਮਾਂ ਨੂੰ ਸਾਲਾਨਾ 3988 ਕਰੋੜ ਰੁਪਏ ਦਾ ਲਾਭ ਹੋਵੇਗਾ | ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਦੇ ਵੀ ਇਹ ਨਹੀਂ ਕਿਹਾ ਕਿ ਪੰਜਾਬ ਦਾ ਖਜ਼ਾਨਾ ਖ਼ਾਲੀ ਹੈ, ਜਦਕਿ ਪੁਰਾਣੀਆਂ ਸਰਕਾਰਾਂ ਨੇ ਹਮੇਸ਼ਾ ਹੀ ਖਜ਼ਾਨਾ ਖ਼ਾਲੀ ਹੋਣ ਦਾ ਦਾਅਵਾ ਕੀਤਾ | ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹੁਣ ਤੱਕ ਸੂਬੇ ਵਿੱਚ 71,777 ਨੌਜਵਾਨਾਂ ਨੂੰ ਨਵੀਆਂ ਨੌਕਰੀਆਂ ਦਿੱਤੀਆਂ ਹਨ | ਮੁੱਖ ਮੰਤਰੀ ਨੇ ਤਿੰਨ ਵਿਧਾਇਕਾਂ ਦੇ ਭਾਜਪਾ ਵਿੱਚ ਜਾਣ ‘ਤੇ ਕਿਹਾ ਕਿ ਐੱਮ ਐੱਲ ਏ ਬਣਨਾ ਸਿਰਫ ਰਾਜਨੀਤੀ ਨਹੀਂ ਹੈ, ਪਾਰਟੀ ਦੇ ਨਾਲ ਖੜ੍ਹਨਾ ਵੀ ਜ਼ਰੂਰੀ ਹੁੰਦਾ ਹੈ | ਭਾਜਪਾ ਵਿੱਚ ਜਾਣ ਵਾਲਿਆਂ ਨੂੰ ਪਤਾ ਲੱਗ ਜਾਵੇਗਾ ਕਿ ਉੱਥੇ ਆਗੂਆਂ ਦੀ ਕਿੰਨੀ ਕੁ ਇੱਜ਼ਤ ਹੁੰਦੀ ਹੈ | ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵੀ ਭਾਜਪਾ ਵਿੱਚ ਗਏ ਸਨ, ਜਿਨ੍ਹਾ ਨੂੰ ਕਦੇ ਵੀ ਪੁੱਛਿਆ ਨਹੀਂ ਗਿਆ, ਬਲਕਿ ਕੈਪਟਨ ਅਮਰਿੰਦਰ ਸਿੰਘ ਖੁਦ ਕਹਿ ਰਹੇ ਹਨ ਕਿ ਉਨ੍ਹਾ ਤੋਂ ਪਟਿਆਲਾ ਬਾਰੇ ਵੀ ਕੋਈ ਸਲਾਹ ਨਹੀਂ ਲਈ ਜਾਂਦੀ | ਮੁੱਖ ਮੰਤਰੀ ਨੇ ਈ ਡੀ ਦੀ ਛਾਪੇਮਾਰੀ ‘ਤੇ ਕਿਹਾ ਕਿ ਈ ਡੀ ਅਤੇ ਸੀ ਬੀ ਆਈ ਦੇ ਛਾਪਿਆਂ ਤੋਂ ਸਪੱਸ਼ਟ ਹੁੰਦਾ ਹੈ ਕਿ ਪੰਜਾਬ ਵਿੱਚ ਚੋਣਾਂ ਕਰੀਬ ਆ ਗਈਆਂ ਹਨ, ਕਿਉਂਕਿ ਭਾਜਪਾ ਵੱਲੋਂ ਚੋਣਾਂ ਕਰੀਬ ਆਉਣ ‘ਤੇ ਈ ਡੀ ਅਤੇ ਸੀ ਬੀ ਆਈ ਦੀ ਛਾਪੇਮਾਰੀ ਵਧਾ ਦਿੱਤੀ ਜਾਂਦੀ ਹੈ |





