ਦੌਲਤ ਕਮਾਉਣ ਵਿੱਚ ਨਾਂਅ ਕਮਾਉਣ ਵਾਲੇ ਗੌਤਮ ਅਡਾਨੀ ਦੀ ਤਸਵੀਰ ਰਿਪੋਰਟਰਜ਼ ਸੈਨਜ਼ ਫਰੰਟੀਅਰਜ਼ (ਆਰ ਐੱਸ ਐੱਫ) ਨੇ ਆਪਣੀ 2026 ਦੀ ਪ੍ਰੈੱਸ ਫਰੀਡਮ ਪ੍ਰੀਡੇਟਰਜ਼ ਸੂਚੀ ਵਿੱਚ 33 ਪ੍ਰਮੁੱਖ ਵਿਸ਼ਵ ਸ਼ਖਸੀਅਤਾਂ ਅਤੇ ਕੰਪਨੀਆਂ ਦੇ ਨਾਲ ਸ਼ਾਮਲ ਕੀਤੀ ਹੈ, ਜਿਹੜੇ ਆਪਣੇ ਵਿਰੁੱਧ ਲਿਖਣ-ਬੋਲਣ ਵਾਲਿਆਂ ਦਾ ਸ਼ਿਕਾਰ ਕਰਦੇ ਹਨ | ਇਸ ਸਾਲ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਪਹਿਲੀ ਵਾਰ ਸੂਚੀ ਵਿੱਚ ਥਾਂ ਬਣਾਈ ਹੈ | ਸੁਤੰਤਰ ਮੀਡੀਆ ਦੀ ਆਲੋਚਨਾ ਕਰਨ ਵਾਲੀ ਅਤੇ ਸਥਾਪਤੀ-ਪੱਖੀ ਵਿਚਾਰਾਂ ਨੂੰ ਉਤਸ਼ਾਹਤ ਕਰਨ ਵਾਲੀ ਸੰਸਥਾ ਓਪਇੰਡੀਆ ਨੂੰ ਇੱਕ ਵਾਰ ਫਿਰ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ | ਆਰ ਐੱਸ ਐੱਫ ਇਹ ਸੂਚੀ ਪੱਤਰਕਾਰਾਂ ਵਿਰੁੱਧ ਅਪਰਾਧਾਂ ‘ਚ ਦੰਡਮੁਕਤੀ ਨੂੰ ਖਤਮ ਕਰਨ ਦੇ ਕੌਮਾਂਤਰੀ ਦਿਵਸ, ਜੋ ਕਿ ਹਰ ਸਾਲ 2 ਨਵੰਬਰ ਨੂੰ ਹੁੰਦਾ ਹੈ, ਨੂੰ ਮਨਾਉਣ ਲਈ ਜਾਰੀ ਕਰਦਾ ਹੈ | ਇਸ ਨੇ 2026 ਵਿੱਚ ਪੱਤਰਕਾਰਾਂ ਅਤੇ ਮੀਡੀਆ ਆਉਟਲੈਟਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਜਿਨ੍ਹਾਂ 33 ਵਿਅਕਤੀਆਂ ਅਤੇ ਸੰਗਠਨਾਂ ਦੀ ਸੂਚੀ ਬਣਾਈ ਹੈ, ਉਨ੍ਹਾਂ ਸਾਰਿਆਂ ਵਿੱਚ ਇੱਕ ਚੀਜ਼ ਸਾਂਝੀ ਹੈ : ਪ੍ਰੈੱਸ ਦੀ ਆਜ਼ਾਦੀ ਪ੍ਰਤੀ ਨਫਰਤ |
ਇਹ ਸੂਚੀ ਪੱਤਰਕਾਰੀ ਨੂੰ ਦਬਾਉਣ ਲਈ ਵਰਤੇ ਜਾਣ ਵਾਲੇ ਵੱਖ-ਵੱਖ ਅਤੇ ਬੇਰਹਿਮ ਤਰੀਕਿਆਂ ਨੂੰ ਉਜਾਗਰ ਕਰਦੀ ਹੈ | ਇਸ ਵਿੱਚ ਭਾਰਤ ਤੋਂ ਦੋ ਨਾਂਅ ਸ਼ਾਮਲ ਹਨ | ਪਹਿਲਾ ਗੌਤਮ ਅਡਾਨੀ ਹੈ, ਜੋ ਕਾਰਪੋਰੇਟ ਮਹਾਰਥੀ ਅਡਾਨੀ ਗਰੁੱਪ ਦੀ ਨੁਮਾਇੰਦਗੀ ਕਰਦਾ ਹੈ ਤੇ ਦੂਜਾ ਓਪਇੰਡੀਆ, ਜੋ ਸਰਕਾਰ ਦੀ ਨੁਕਤਾਚੀਨੀ ਕਰਨ ਵਾਲੇ ਪੱਤਰਕਾਰਾਂ ਨੂੰ ਨਿਸ਼ਾਨਾ ਬਣਾਉਂਦੀ ਹੈ |
ਆਰ ਐੱਸ ਐੱਫ ਮੁਤਾਬਕ ਅਡਾਨੀ ਗਰੁੱਪ ਮੀਡੀਆ ਦਾ ‘ਸ਼ਿਕਾਰੀ’ ਹੈ, ਜੋ ਪੱਤਰਕਾਰਾਂ ਨੂੰ ਚੁੱਪ ਕਰਾਉਣ ਲਈ ਮੁਕੱਦਮੇ ਚਲਾਉਂਦਾ ਹੈ | ਭਾਰਤ ਵਿੱਚ ਪੱਤਰਕਾਰਾਂ ਵਿਰੁੱਧ ਅਜੇ ਵੀ ਅਡਾਨੀ ਗਰੁੱਪ ਅਤੇ ਇਸ ਦੀਆਂ ਸਹਾਇਕ ਕੰਪਨੀਆਂ ਨਾਲ ਸੰਬੰਧਤ ਖਬਰਾਂ ਅਤੇ ਰਿਪੋਰਟਿੰਗ ਨਾਲ ਸੰਬੰਧਤ 11 ਦੀਵਾਨੀ ਅਤੇ ਫੌਜਦਾਰੀ ਮਾਮਲੇ ਚੱਲ ਰਹੇ ਹਨ | ਅਡਾਨੀ ਗਰੁੱਪ ਉਨ੍ਹਾਂ ਬਹੁਤ ਸਾਰਿਆਂ ਵਿੱਚੋਂ ਇੱਕ ਹੈ, ਜੋ ਉਨ੍ਹਾਂ ਜਾਂ ਉਨ੍ਹਾਂ ਦੇ ਸਿਸਟਮ ਦੀ ਆਲੋਚਨਾ ਕਰਨ ਵਾਲੇ ਪੱਤਰਕਾਰਾਂ ਨੂੰ ਨਿਸ਼ਾਨਾ ਬਣਾਉਣ ਲਈ ‘ਕਾਨੂੰਨੀ ਯੁੱਧ’ ਦੀ ਵਰਤੋਂ ਕਰਦੇ ਹਨ | ਇਸੇ ਤਰ੍ਹਾਂ ਓਪਇੰਡੀਆ ਸੱਤਾਧਾਰੀ ਲੋਕਾਂ ਦੁਆਰਾ ਸਪਾਂਸਰ ਕੀਤੇ ਜਾਂ ਸਮਰਥਤ ਡਿਜੀਟਲ ਹਮਲਿਆਂ ਰਾਹੀਂ ਸੁਤੰਤਰ ਪੱਤਰਕਾਰੀ ਵਿਰੁੱਧ ਨਫਰਤ ਫੈਲਾਉਂਦੀ ਹੈ | ਜਨਵਰੀ ਤੋਂ ਸਤੰਬਰ 2025 ਦੇ ਵਿਚਕਾਰ, ਵੈੱਬਸਾਈਟ ਨੇ ਪੱਤਰਕਾਰਾਂ ਅਤੇ ਮੀਡੀਆ ਸੰਗਠਨਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ 91 ਲੇਖ ਪ੍ਰਕਾਸ਼ਤ ਕੀਤੇ ਸਨ | ਇਨ੍ਹਾਂ ਵਿੱਚੋਂ 43 ਲੇਖ ਵਿਸ਼ੇਸ਼ ਤੌਰ ‘ਤੇ ਪੰਜ ਪੱਤਰਕਾਰਾਂ ਵਿਰੁੱਧ ਸਨ | ‘ਸਟਾਪ ਫੰਡਿੰਗ ਹੇਟ’ ਮੁਹਿੰਮ ਕਾਰਨ ਓਪਇੰਡੀਆ ਦੇ ਫੰਡਿੰਗ ਬੰਦ ਹੋਣ ਦੇ ਬਾਵਜੂਦ, ਇਸ ਨੂੰ ਅਜੇ ਵੀ ਗੂਗਲ ਐਡਸੈਂਸ ਅਤੇ ਹੋਰ ਸਰੋਤਾਂ ਤੋਂ ਸਮਰਥਨ ਮਿਲ ਰਿਹਾ ਹੈ | ਆਰ ਐੱਸ ਐੱਫ ਦੇ ਸੰਪਾਦਕੀ ਨਿਰਦੇਸ਼ਕ ਐਨੀ ਬੌਕੈਂਡੇ ਨੇ ਕਿਹਾ, ”ਓਪਇੰਡੀਆ ਭਾਰਤ ਵਿੱਚ ਪੱਤਰਕਾਰਾਂ ਵਿਰੁੱਧ ਯੋਜਨਾਬੱਧ ਪਰੇਸ਼ਾਨੀ ਦਾ ਇੱਕ ਮੁੱਖ ਹਿੱਸਾ ਹੈ, ਜੋ ਉਨ੍ਹਾਂ ਨੂੰ ਅਸਲ ਖਤਰੇ ਵਿੱਚ ਪਾਉਂਦੀ ਹੈ | ਓਪਇੰਡੀਆ ‘ਤੇ ਸਭ ਤੋਂ ਵੱਧ ਨਿਸ਼ਾਨਾ ਬਣਾਏ ਗਏ ਪੱਤਰਕਾਰਾਂ ਵਿੱਚ ਰਾਜਦੀਪ ਸਰਦੇਸਾਈ : ਸਲਾਹਕਾਰ ਸੰਪਾਦਕ ਅਤੇ ਐਂਕਰ, ਇੰਡੀਆ ਟੂਡੇ-36 ਲੇਖ, ਅਰਫਾ ਖਾਨਮ ਸ਼ੇਰਵਾਨੀ : ਪੱਤਰਕਾਰ ‘ਦੀ ਵਾਇਰ’-18 ਲੇਖ, ਮੁਹੰਮਦ ਜ਼ੁਬੈਰ : ਤੱਥ-ਜਾਂਚ ਵੈੱਬਸਾਈਟ ਆਲਟ ਨਿਊਜ਼ ਦੇ ਸਹਿ-ਸੰਸਥਾਪਕ-15 ਲੇਖ, ਮਹੇਸ਼ ਲੰਗਾ : ਪੱਤਰਕਾਰ ‘ਦੀ ਹਿੰਦੂ’-13 ਲੇਖ, ਰਵੀਸ਼ ਕੁਮਾਰ : ਆਜ਼ਾਦ ਪੱਤਰਕਾਰ-11 ਲੇਖ, ਰਾਣਾ ਅਯੂਬ : ਕਾਲਮਨਵੀਸ, ਵਾਸ਼ਿੰਗਟਨ ਪੋਸਟ ਅਤੇ ਪ੍ਰਬੀਰ ਪੁਰਕਾਇਸਥ : ਮੁੱਖ ਸੰਪਾਦਕ, ਨਿਊਜ਼ਕਲਿਕ-10-10 ਲੇਖ ਸ਼ਾਮਲ ਹਨ | ਦੀ ਵਾਇਰ, ਨਿਊਜ਼ਕਲਿਕ ਅਤੇ ਨਿਊਜ਼ਲਾਂਡਰੀ ਮੁੱਖ ਨਿਸ਼ਾਨਿਆਂ ਵਿੱਚੋਂ ਇੱਕ ਸਨ, ਜਿਨ੍ਹਾਂ ਵਿਰੁੱਧ ਇਸ ਸਮੇਂ ਦੌਰਾਨ ਕ੍ਰਮਵਾਰ 32, 17 ਅਤੇ 16 ਅਪਮਾਨਜਨਕ ਲੇਖ ਪ੍ਰਕਾਸ਼ਤ ਹੋਏ |
ਆਰ ਐੱਸ ਐੱਫ ਮੁਤਾਬਕ ਭਾਰਤ ਆਜ਼ਾਦੀ ਲਈ ਸਭ ਤੋਂ ਵੱਧ ਜੋਖਮ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ | ਵਰਲਡ ਪ੍ਰੈੱਸ ਫਰੀਡਮ ਇੰਡੈਕਸ ਦੇ ਇਤਿਹਾਸ ਵਿੱਚ ਪਹਿਲੀ ਵਾਰ ਦੁਨੀਆ ਦੇ ਅੱਧੇ ਤੋਂ ਵੱਧ ਦੇਸ਼ ਹੁਣ ਪ੍ਰੈੱਸ ਦੀ ਆਜ਼ਾਦੀ ਲਈ ‘ਮੁਸ਼ਕਲ’ ਜਾਂ ‘ਬਹੁਤ ਗੰਭੀਰ’ ਸ਼੍ਰੇਣੀ ਵਿੱਚ ਹਨ | ਰਿਪੋਰਟ ਮੁਤਾਬਕ ਟਰੰਪ ਪ੍ਰਸ਼ਾਸਨ ਨੇ ਪੱਤਰਕਾਰਾਂ ਦੀ ਸਰਕਾਰੀ ਅਤੇ ਫੌਜੀ ਸੰਸਥਾਵਾਂ ਤੱਕ ਪਹੁੰਚ ਨੂੰ ਸੀਮਤ ਕਰ ਦਿੱਤਾ ਹੈ, ਜਨਤਕ ਪ੍ਰਸਾਰਕਾਂ ਦੀ ਆਜ਼ਾਦੀ ਨੂੰ ਕਮਜ਼ੋਰ ਕੀਤਾ ਹੈ ਅਤੇ ਪ੍ਰਸਾਰਣ ਰੈਗੂਲੇਟਰੀ ਸੰਸਥਾ ਨੂੰ ਪ੍ਰੈੱਸ ਦੇ ਵਿਰੁੱਧ ਇੱਕ ਹਥਿਆਰ ਵਜੋਂ ਵਰਤਿਆ ਹੈ |



