ਗੁਜਰਾਤ ਤੋਂ ਆਉਣ ਵਾਲੇ ਨਸ਼ੇ ਨੇ ਪੰਜਾਬ ਬਰਬਾਦ ਕੀਤਾ : ਰਾਹੁਲ

0
5

ਸੰਗਰੂਰ (ਪ੍ਰਵੀਨ ਸਿੰਘ) : ਰਾਹੁਲ ਗਾਂਧੀ ਨੇ ਬੁੱਧਵਾਰ ‘ਚਿੱਟੇ’ ਨੂੰ ਪੰਜਾਬ ਦਾ ਬਹੁਤ ਵੱਡਾ ਮੁੱਦਾ ਕਰਾਰ ਦਿੱਤਾ | ਵਿਧਾਨ ਸਭਾ ਚੋਣਾਂ ਲਈ ਕਾਂਗਰਸ ਦੇ ਚੋਣ ਪ੍ਰਚਾਰ ਦੀ ਸ਼ੁਰੂਆਤ ਕਰਦਿਆਂ ਨੇੜਲੇ ਪਿੰਡ ਫੱਗੂਵਾਲਾ ਵਿਖੇ ‘ਇਨਸਾਫ ਰੈਲੀ’ ਦੌਰਾਨ ਰਾਹੁਲ ਗਾਂਧੀ ਨੇ ਕਿਹਾ, ”ਪੰਜਾਬ ਵਿੱਚ ਚਿੱਟਾ ਇੱਕ ਬਹੁਤ ਵੱਡਾ ਮੁੱਦਾ ਹੈ |” ਸਾਲਾਂ ਪਹਿਲਾਂ ਸੂਬੇ ਵਿੱਚ ਨਸ਼ਿਆਂ ਦਾ ਮੁੱਦਾ ਸਭ ਤੋਂ ਪਹਿਲਾਂ ਚੁੱਕਣ ਦੀ ਗੱਲ ਯਾਦ ਕਰਵਾਉਂਦਿਆਂ ਉਨ੍ਹਾ ਕਿਹਾ ਕਿ ਉਸ ਸਮੇਂ ਉਨ੍ਹਾ ਦੀ ਗੱਲ ‘ਤੇ ਕਿਸੇ ਨੇ ਵਿਸ਼ਵਾਸ ਨਹੀਂ ਕੀਤਾ ਸੀ | ਹੁਣ ਆਏ ਦਿਨ ਨਸ਼ਿਆਂ ਨਾਲ ਸੰਬੰਧਤ ਅਪਰਾਧ ਵਾਪਰ ਰਹੇ ਹਨ ਅਤੇ ਪੰਜਾਬ ਸਰਕਾਰ ਇਸ ਬੁਰਾਈ ਨੂੰ ਠੱਲ੍ਹ ਪਾਉਣ ਵਿੱਚ ਅਸਮਰੱਥ ਸਿੱਧ ਹੋ ਰਹੀ ਹੈ | ਭਾਰੀ ਬਹੁਮਤ ਨਾਲ ਸੱਤਾ ਵਿੱਚ ਆਉਣ ਦੇ ਬਾਵਜੂਦ ‘ਆਪ’ ਦੇ ਲੀਡਰ ਲੋਕਾਂ ਦੀਆਂ ਉਮੀਦਾਂ ‘ਤੇ ਖਰੇ ਨਹੀਂ ਉੱਤਰ ਸਕੇ | ਰਾਹੁਲ ਗਾਂਧੀ ਨੇ ਕਿਹਾ ਕਿ ਪੰਜਾਬ ਦੇ ਵਿਕਾਸ ਲਈ ਨਸ਼ਾ ਤੇ ਗੈਂਗਸਟਰਵਾਦ ਨੂੰ ਜੜ੍ਹੋਂ ਖਤਮ ਕਰਨਾ ਹੋਵੇਗਾ¢ਇਹ ਕੰਮ ਕਾਂਗਰਸ ਪਾਰਟੀ ਦੀ ਸਰਕਾਰ ਹੀ ਕਰ ਸਕੇਗੀ¢ਉਨ੍ਹਾ ਕਿਹਾ ਕਿ ਪੰਜਾਬ ਨੂੰ ਗੈਂਗਸਟਰਵਾਦ ਤੇ ਗੁਜਰਾਤ ਤੋਂ ਆਉਣ ਵਾਲੇ ਨਸ਼ੇ ਨੇ ਪੂਰੀ ਤਰ੍ਹਾਂ ਬਰਬਾਦ ਕਰ ਦਿੱਤਾ ਹੈ | ਪੰਜਾਬ ਅੰਦਰ ਨਸ਼ਾ ਅਡਾਨੀ ਦੀ ਪੋਰਟ ਤੋਂ ਆਉਂਦਾ ਹੈ, ਜਿਸ ਨੂੰ ਨਰਿੰਦਰ ਮੋਦੀ ਦੀ ਸਰਕਾਰ ਤੇ ਅਮਿਤ ਸ਼ਾਹ ਦੀ ਸਰਪ੍ਰਸਤੀ ਹਾਸਲ ਹੈ¢ਉਨ੍ਹਾ ਕਿਹਾ ਪੰਜਾਬ ਸਰਕਾਰ ਦਿੱਲੀ ਤੋਂ ਕੇਜਰੀਵਾਲ ਹੀ ਚਲਾ ਰਹੇ ਹਨ | ਭਗਵੰਤ ਮਾਨ ਤਾਂ ਮੋਹਰਾ ਹਨ | ਕਾਂਗਰਸ ਨੂੰ ਦੇਸ਼ ਵਿਰੋਧੀ ਕਹਿਣ ਦੇ ਦੋਸ਼ਾਂ ‘ਤੇ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖੁੱਲ੍ਹੀ ਬਹਿਸ ਦੀ ਚੁਣੌਤੀ ਦਿੱਤੀ | ਉਨ੍ਹਾ ਕਿਹਾ, ”ਕਿਸੇ ਵੀ ਥਾਂ ਆਓ, ਮੇਰੇ ਨਾਲ ਬੈਠੋ ਅਤੇ ਇਸ ਮੁੱਦੇ ‘ਤੇ ਬਹਿਸ ਕਰੋ |” ਰਾਹੁਲ ਗਾਂਧੀ ਨੇ ਜਿਵੇਂ ਹੀ ਆਪਣੇ ਭਾਸ਼ਣ ਦੀ ਸ਼ੁਰੂਆਤ ‘ਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਜ਼ਿਕਰ ਕੀਤਾ, ਤਾਂ ਰੈਲੀ ‘ਚ ਪੁੱਜੇ ਇਕੱਠ ਨੇ ਤਾੜੀਆਂ ਦੀ ਗੂੰਜ ਨਾਲ ਉਨ੍ਹਾ ਦਾ ਸਵਾਗਤ ਕੀਤਾ | ਰੈਲੀ ਦੌਰਾਨ ਰਾਹੁਲ ਗਾਂਧੀ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਵੀ ਮੰਚ ‘ਤੇ ਲੈ ਕੇ ਆਏ | ਉਨ੍ਹਾ ਦੋਸ਼ ਲਾਇਆ ਕਿ ਪੰਜਾਬ ਸਰਕਾਰ ਦਿੱਲੀ ਤੋਂ ਚਲਾਈ ਜਾ ਰਹੀ ਹੈ | ਸੂਬੇ ਨੂੰ ਅਜਿਹੀ ਸਰਕਾਰ ਦੀ ਲੋੜ ਹੈ ਜੋ ਸਿਰਫ ਪੰਜਾਬ ਅਤੇ ਪੰਜਾਬੀਆਂ ਦੇ ਹਿੱਤਾਂ ਲਈ ਕੰਮ ਕਰੇ | ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਆਮ ਆਦਮੀ ਪਾਰਟੀ ਨੂੰ ਭਾਜਪਾ ਦੀ ‘ਬੀ ਟੀਮ’ ਗਰਦਾਨਦਿਆਂ ਦੋਸ਼ ਲਾਇਆ ਕਿ ਜਿੱਥੇ ਵੀ ਕਾਂਗਰਸ ਮਜ਼ਬੂਤ ਹੁੰਦੀ ਦਿਖਾਈ ਦਿੰਦੀ ਹੈ, ‘ਆਪ’ ਉੱਥੇ ਹੀ ਸੰਨ੍ਹ ਲਗਾਉਂਦੀ ਹੈ | ‘ਆਪ’ ਕਾਂਗਰਸ ਦੇ ਵੋਟ ਬੈਂਕ ਵਿੱਚ ਸੰਨ੍ਹ ਲਗਾ ਕੇ ਭਾਜਪਾ ਦੀ ਜਿੱਤ ਦਾ ਰਸਤਾ ਸਾਫ ਕਰਦੀ ਹੈ | ਚਰਨਜੀਤ ਸਿੰਘ ਚੰਨੀ ਦਾ ਭਾਸ਼ਣ ਸ਼ੁਰੂ ਹੋਣ ਤੋਂ ਪਹਿਲਾਂ ਇਕੱਠ ਨੇ ਉਨ੍ਹਾ ਦਾ 15 ਸੈਕੰਡ ਤੋਂ ਵੀ ਵੱਧ ਸਮਾਂ ਤਾੜੀਆਂ ਵਜਾ ਕੇ ਸਵਾਗਤ ਕੀਤਾ, ਜਿਸ ਨਾਲ ਉਨ੍ਹਾ ਦੇ ਚਿਹਰੇ ‘ਤੇ ਮੁਸਕਰਾਹਟ ਆ ਗਈ | ਚੰਨੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਿੱਤ ਦਾ ਸ਼ਰਾਬੀ ਗਰਦਾਨਿਆ | ਉਨਾ ਕਿਹਾ ਕਿ ਕੋਈ ਵੀ ਵਿਅਕਤੀ ਆਪਣਾ ਬੱਚਾ ਉਸ ਨੂੰ ਨਹੀਂ ਸੌਂਪੇਗਾ, ਪਰ ਲੋਕਾਂ ਨੇ ਤਾਂ ਪੰਜਾਬ ਹੀ ਉਸ ਦੇ ਹਵਾਲੇ ਕਰ ਦਿੱਤਾ | ਅਸੈਂਬਲੀ ਵਿੱਚ ਕਾਂਗਰਸ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਦੋਸ਼ ਲਾਇਆ ਕਿ ਪੰਜਾਬ ਦੇ ਲੋਕਾਂ ਨੇ ਵੱਡਾ ਭਰੋਸਾ ਪ੍ਰਗਟ ਕਰਕੇ ਆਮ ਆਦਮੀ ਪਾਰਟੀ ਨੂੰ ਸੱਤਾ ਦੀ ਵਾਗਡੋਰ ਸੌਂਪੀ ਸੀ, ਪਰ ਪਾਰਟੀ ਨੇ ਲੋਕਾਂ ਦੇ ਇਸ ਭਰੋਸੇ ਨੂੰ ਬੁਰੀ ਤਰ੍ਹਾਂ ਤੋੜਿਆ ਹੈ | ਪੰਜਾਬ ਕਾਂਗਰਸ ਦੇ ਪ੍ਰਧਾਨ ਪਰਗਟ ਸਿੰਘ ਨੇ ਕਿਹਾ ਕਿ ਪੰਜਾਬ ਪੁਲਸ ਨੇ ਸੂਬੇ ਨੂੰ ਪੁਲਸ ਸਟੇਟ ਬਣਾ ਦਿਤਾ ਹੈ ਅਤੇ ‘ਆਪ’ ਨੇ ਪੰਜਾਬ ਵਿੱਚ ਜੰਗਲ ਰਾਜ ਬਣਾਇਆ ਹੈ | ਪੰਜਾਬ ਕਾਂਗਰਸ ਦੇ ਇੰਚਾਰਜ ਸਚਿਨ ਪਾਇਲਟ ਨੇ ਕਿਹਾ ਕਿ ਪੰਜਾਬ ਦੇ ਲੋਕ ਵੋਟ ਚੋਰਾਂ ਦੀ ਸਰਕਾਰ ਨਹੀਂ ਚਾਹੁੰਦੇ | ਮੰਚ ਸੰਚਾਲਨ ਸਾਬਕਾ ਮੰਤਰੀ ਵਿਜੇਇੰਦਰ ਸਿੰਗਲਾ ਨੇ ਕੀਤਾ¢