ਪਟਨਾ : ਐੱਨ ਡੀ ਏ ਦਾ ਹਿੱਸਾ ਤੇ ਸਾਬਕਾ ਕੇਂਦਰੀ ਮੰਤਰੀ ਉਪਿੰਦਰ ਕੁਸ਼ਵਾਹਾ ਨੇ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੂੰ ਐਤਵਾਰ ਸਲਾਹ ਦਿੱਤੀ ਕਿ ਉਹ ਜਨਤਾ ਦਲ (ਯੂ) ਦੀ ਪ੍ਰਧਾਨਗੀ ਛੱਡ ਦੇਣ, ਕਿਉਕਿ ਉਨ੍ਹਾ ਲਈ ਦੋਨੋਂ ਅਹੁਦੇ ਸੰਭਾਲਣੇ ਸੰਭਵ ਨਹੀਂ ਰਹੇ। ਅਜਿਹੀ ਸਲਾਹ ਦੇਣ ਵਾਲੇ ਕੁਸ਼ਵਾਹਾ ਹੁਕਮਰਾਨ ਗੱਠਜੋੜ ਦੇ ਪਹਿਲੇ ਆਗੂ ਹਨ। ਹਾਲਾਂਕਿ ਕੁਸ਼ਵਾਹਾ ਨੇ ਇਹ ਨਹੀਂ ਕਿਹਾ ਕਿ ਨਿਤਿਸ਼ ਪ੍ਰਧਾਨਗੀ ਬੇਟੇ ਨਿਸ਼ਾਂਤ ਕੁਮਾਰ ਹਵਾਲੇ ਕਰ ਦੇਣ, ਪਰ ਰਾਸ਼ਟਰੀ ਲੋਕ ਮੋਰਚਾ (ਆਰ ਐੱਲ ਐੱਮ) ਦੇ ਆਗੂ ਨੇ ‘ਐੱਕਸ’ ਉੱਤੇ ਨਿਸ਼ਾਂਤ ਨੂੰ ਜਨਮ ਦਿਨ ਮੁਬਾਰਕ ਕਹਿੰਦਿਆਂ ਲਿਖਿਆ, ‘ਖੁਸ਼ੀ ਦੇ ਇਸ ਮੌਕੇ ਨਿਸ਼ਾਂਤ ਨੂੰ ਜਨਮ ਦਿਨ ਦੀਆਂ ਦਿਲੀ ਮੁਬਾਰਕਾਂ, ਜਨਤਾ ਦਲ (ਯੂ) ਦੀ ਨਵੀਂ ਆਸ। ਇਸ ਮੌਕੇ ਮੈਂ ਮਾਣਯੋਗ ਸ੍ਰੀ ਨਿਤਿਸ਼ ਕੁਮਾਰ ਜੀ ਨੂੰ ਬੇਨਤੀ ਕਰਦਾ ਹਾਂ ਕਿ ਉਹ ਸੱਚ ਨੂੰ ਤਸਲੀਮ ਕਰਦਿਆਂ ਅਤੇ ਵਕਤ ਤੇ ਹਾਲਾਤ ਦੇ ਤਕਾਜ਼ੇ ਨੂੰ ਦੇਖਦਿਆਂ ਮੰਨ ਲੈਣ ਕਿ ਉਨ੍ਹਾ ਲਈ ਪਾਰਟੀ ਤੇ ਸਰਕਾਰ ਦੋਹਾਂ ਨੂੰ ਸੰਭਾਲਣਾ ਹੁਣ ਸੰਭਵ ਨਹੀਂ। ਸਰਕਾਰ ਚਲਾਉਣ ਦਾ ਉਨ੍ਹਾ ਦਾ ਤਜਰਬਾ ਕਾਫੀ ਫਾਇਦਾ ਦੇ ਰਿਹਾ ਹੈ, ਪਰ ਪਾਰਟੀ ਦੀ ਜ਼ਿੰਮੇਵਾਰੀ ਕਿਸੇ ਹੋਰ ਨੂੰ ਦੇਣ ਬਾਰੇ ਸੋਚਣ। ਫੈਸਲਾ ਕਰਨ ਵਿੱਚ ਦੇਰੀ ਪਾਰਟੀ ਲਈ ਬਹੁਤ ਨੁਕਸਾਨਦੇਹ ਸਾਬਤ ਹੋ ਸਕਦੀ ਹੈ, ਜਿਸ ਨੂੰ ਸ਼ਾਇਦ ਪੂਰਿਆ ਨਾ ਜਾ ਸਕੇ। ਪਾਰਟੀ ਦੇ ਆਗੂ ਸ਼ਾਇਦ ਉਨ੍ਹਾ ਨੂੰ ਇਹ ਨਾ ਦੱਸ ਸਕਣ ਤੇ ਜੇ ਕੁਝ ਦੱਸਣਾ ਚਾਹੁੰਦੇ ਹੋਣਗੇ ਤਾਂ ਉਹ ਉਨ੍ਹਾਂ ਕੋਲ ਸ਼ਾਇਦ ਨਾ ਪੁੱਜ ਸਕਣ।’ ਹਾਲਾਂਕਿ ਨਿਸ਼ਾਂਤ ਖੁੱਲ੍ਹ ਕੇ ਸਿਆਸਤ ਵਿੱਚ ਨਹੀਂ ਆਏ, ਪਰ ਇੱਕ ਵਾਰ ਉਨ੍ਹਾ ਕਿਹਾ ਸੀ ਕਿ ਪਾਰਟੀ ਕਾਰਕੁਨਾਂ ਨੂੰ ਪਾਰਟੀ ਨੂੰ ਏਨਾ ਮਜ਼ਬੂਤ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਦੀ ਗੱਲ ਮੰਨਵਾਈ ਜਾ ਸਕੇ। ਬਿਹਾਰ ਅਸੈਂਬਲੀ ਚੋਣਾਂ ਸਾਲ ਦੇ ਅੰਤ ਵਿੱਚ ਹਨ ਤੇ ਚਰਚਾ ਹੈ ਕਿ ਉਸ ਤੋਂ ਪਹਿਲਾਂ ਨਿਸ਼ਾਂਤ ਪਾਰਟੀ ਦੀ ਕਮਾਨ ਸੰਭਾਲਣਗੇ।


