ਸੰਸਦ ਦੇ ਮੌਨਸੂਨ ਸੈਸ਼ਨ ਦਾ ਦੂਜਾ ਦਿਨ ਵੀ ਰੁੜ੍ਹਿਆ

0
74

ਨਵੀਂ ਦਿੱਲੀ : ਸੰਸਦ ਦੇ ਮੌਨਸੂਨ ਇਜਲਾਸ ਦਾ ਪਹਿਲਾ ਦਿਨ ਹੰਗਾਮਾਖੇਜ਼ ਰਹਿਣ ਮਗਰੋਂ ਮੰਗਲਵਾਰ ਦੂਜਾ ਦਿਨ ਵੀ ਹੰਗਾਮਾ ਭਰਪੂਰ ਰਿਹਾ, ਜਿਸ ਕਾਰਨ ਬਾਅਦ ਦੁਪਹਿਰ ਦੋ ਵਜੇ ਸੰਸਦ ਦੇ ਦੋਵੇਂ ਸਦਨਾਂ ਦੀ ਕਾਰਵਾਈ ਨੂੰ ਦਿਨ ਭਰ ਲਈ ਉਠਾ ਦਿੱਤਾ ਗਿਆ। ਉਪ ਰਾਸ਼ਟਰਪਤੀ ਜਗਦੀਪ ਧਨਖੜ ਵੱਲੋਂ ਖਰਾਬ ਸਿਹਤ ਦੇ ਹਵਾਲੇ ਨਾਲ ਸੋਮਵਾਰ ਦੇਰ ਰਾਤ ਦਿੱਤੇ ਅਸਤੀਫੇ ਮਗਰੋਂ ਰਾਜ ਸਭਾ ਦੀ ਕਾਰਵਾਈ ਡਿਪਟੀ ਚੇਅਰਮੈਨ ਵੱਲੋਂ ਚਲਾਈ ਗਈ।
ਦੋਵਾਂ ਸਦਨਾਂ ਦੀ ਕਾਰਵਾਈ ਜਿਵੇਂ ਹੀ ਸਵੇਰੇ 11 ਵਜੇ ਸ਼ੁਰੂ ਹੋਈ ਤਾਂ ਵਿਰੋਧੀ ਪਾਰਟੀਆਂ ਨੇ ਹਾਲੀਆ ਪਹਿਲਗਾਮ ਦਹਿਸ਼ਤੀ ਹਮਲੇ ਤੇ ਅਪ੍ਰੇਸ਼ਨ ਸਿੰਧੂਰ ਬਾਰੇ ਚਰਚਾ ਦੀ ਆਪਣੀ ਮੰਗ ਨੂੰ ਲੈ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਰੌਲਾ-ਰੱਪਾ ਬੰਦ ਨਾ ਹੋਇਆ ਤਾਂ ਦੋਵਾਂ ਸਦਨਾਂ ਦੀ ਕਾਰਵਾਈ ਪਹਿਲਾਂ 12 ਵਜੇ ਤੱਕ ਤੇ ਮਗਰੋਂ ਬਾਅਦ ਦੁਪਹਿਰ ਦੋ ਵਜੇ ਤੱਕ ਲਈ ਉਠਾ ਦਿੱਤੀ ਗਈ। ਇਸ ਤੋਂ ਬਾਅਦ ਜਦੋਂ 2 ਵਜੇ ਸੰਸਦ ਮੁੜ ਜੁੜੀ ਤਾਂ ਵੀ ਦੋਵੇਂ ਸਦਨਾਂ ਵਿੱਚ ਹੰਗਾਮਾ ਜਾਰੀ ਰਿਹਾ, ਜਿਸ ਕਾਰਨ ਦੋਵੇਂ ਸਦਨਾਂ ਨੂੰ ਦਿਨ ਭਰ ਲਈ ਉਠਾ ਦਿੱਤਾ ਗਿਆ। ਕਾਂਗਰਸ ਆਗੂ ਰਾਹੁਲ ਗਾਂਧੀ ਤੇ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਸਣੇ ਵਿਰੋਧੀ ਧਿਰਾਂ ਦੇ ਸੰਸਦ ਮੈਂਬਰਾਂ ਨੇ ਮੰਗਲਵਾਰ ਸੰਸਦ ਭਵਨ ਦੇ ਅਹਾਤੇ ਵਿਚ ਬਿਹਾਰ ’ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੁਧਾਈ ਖਿਲਾਫ ਪ੍ਰਦਰਸ਼ਨ ਕੀਤਾ। ਉਨ੍ਹਾਂ ਨਾਅਰੇਬਾਜ਼ੀ ਕਰਦਿਆਂ ਦੋਸ਼ ਲਗਾਇਆ ਕਿ ਚੋਣ ਕਮਿਸ਼ਨ ਦੀ ਇਹ ਕਾਰਵਾਈ ਚੋਣਾਂ ਵਿੱਚ ਚੋਰੀ ਕਰਨ ਦੇ ਬਰਾਬਰ ਹੈ। ਕਾਂਗਰਸ, ‘ਸਪਾ’, ਆਰ ਜੇ ਡੀ, ਟੀ ਐੱਮ ਸੀ, ਡੀ ਐੱਮ ਕੇ, ਜੇ ਐੱਮ ਐੱਮ ਸਮੇਤ ਕਈ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਪ੍ਰਦਰਸ਼ਨ ਵਿੱਚ ਹਿੱਸਾ ਲਿਆ। ਕਾਂਗਰਸ ਦੀ ਜਨਰਲ ਸਕੱਤਰ ਪਿ੍ਰਅੰਕਾ ਗਾਂਧੀ ਵਾਡਰਾ ਵੀ ਇਸ ਮੌਕੇ ਮੌਜੂਦ ਸੀ।