ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਵੱਲੋਂ ਗਠਤ ਸਿਲੈਕਟ ਕਮੇਟੀ ਨੇ ਬੇਅਦਬੀ ਖਿਲਾਫ ਬਿੱਲ ਦੇ ਖਰੜੇ ’ਤੇ ਵੀਰਵਾਰ ਪਹਿਲੀ ਮੀਟਿੰਗ ਕੀਤੀ। ‘ਆਪ’ ਵਿਧਾਇਕ ਅਤੇ ਚੀਫ ਖ਼ਾਲਸਾ ਦੀਵਾਨ ਦੇ ਚੇਅਰਮੈਨ ਇੰਦਰਬੀਰ ਸਿੰਘ ਨਿੱਝਰ ਦੀ ਅਗਵਾਈ ਵਾਲੀ ਕਮੇਟੀ ਦੀ ਮੀਟਿੰਗ ਵਿੱਚ 15 ਮੈਂਬਰਾਂ ਵਿੱਚੋਂ 13 ਵਿਧਾਇਕ ਮੌਜੂਦ ਸਨ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੀ ਮੀਟਿੰਗ ਵਿੱਚ ਮੌਜੂਦ ਰਹੇ। ਮੀਟਿੰਗ ਤੋਂ ਬਾਅਦ ਨਿੱਝਰ ਨੇ ਕਿਹਾ ਕਿ ਅਗਲੀ ਮੀਟਿੰਗ ਮੰਗਲਵਾਰ ਨੂੰ ਹੋਵੇਗੀ। ਉਨ੍ਹਾ ਕਿਹਾ ਕਿ ਕਮੇਟੀ ਵੱਲੋਂ ਦੇਸ਼-ਵਿਦੇਸ਼ ’ਚ ਇਸ ਬਾਰੇ ਬਣੇ ਕਾਨੂੰਨਾਂ ਦੀ ਘੋਖ ਕੀਤੀ ਜਾਵੇਗੀ ਅਤੇ ਆਮ ਲੋਕਾਂ ਦੇ ਸੁਝਾਅ ਵੀ ਲਏ ਜਾਣਗੇ। ਨਿੱਝਰ ਨੇ ਕਿਹਾ ਕਿ ਉਹ ਹਰ ਹਫਤੇ ਮੀਟਿੰਗ ਕਰਨਗੇ। ਵਿਧਾਨ ਸਭਾ ਸਕੱਤਰੇਤ ਵਿੱਚ ਹੋਈ ਮੀਟਿੰਗ ਨਵੇਂ ਪੰਜਾਬ ਪਵਿੱਤਰ ਗ੍ਰੰਥਾਂ ਵਿਰੁੱਧ ਅਪਰਾਧ ਰੋਕਥਾਮ ਬਿੱਲ, 2025 ਦੇ ਉਪਬੰਧਾਂ ’ਤੇ ਜਨਤਾ ਦੇ ਨਾਲ-ਨਾਲ ਧਾਰਮਕ ਆਗੂਆਂ ਅਤੇ ਧਾਰਮਕ ਸੰਸਥਾਵਾਂ ਦੇ ਮੁਖੀਆਂ ਤੋਂ ਫੀਡਬੈਕ ਲੈਣ ਦੀਆਂ ਯੋਜਨਾਵਾਂ ਤਿਆਰ ਕਰਨ ਲਈ ਬੁਲਾਈ ਗਈ ਸੀ। ਕਮੇਟੀ ਵਿੱਚ ਕਾਂਗਰਸ ਦੇ ਦੋ ਵਿਧਾਇਕ ਤਿ੍ਰਪਤ ਰਾਜਿੰਦਰ ਸਿੰਘ ਬਾਜਵਾ ਅਤੇ ਬਲਵਿੰਦਰ ਸਿੰਘ, ਭਾਜਪਾ (ਜੰਗੀ ਲਾਲ ਮਹਾਜਨ) ਅਤੇ ਸ਼੍ਰੋਮਣੀ ਅਕਾਲੀ ਦਲ (ਮਨਪ੍ਰੀਤ ਸਿੰਘ ਇਆਲੀ) ਤੋਂ ਇੱਕ-ਇੱਕ ਮੈਂਬਰ ਸ਼ਾਮਲ ਹਨ। ਇਸ ਤੋਂ ਇਲਾਵਾ ਸੱਤਾਧਾਰੀ ‘ਆਪ’ ਦੇ ਦਸ ਮੈਂਬਰ ਅਜੈ ਗੁਪਤਾ, ਅਮਨਦੀਪ ਕੌਰ, ਇੰਦਰਜੀਤ ਕੌਰ ਮਾਨ, ਬਲਜਿੰਦਰ ਕੌਰ, ਨੀਨਾ ਮਿੱਤਲ, ਜਗਦੀਪ ਕੰਬੋਜ, ਬੁੱਧ ਰਾਮ, ਬ੍ਰਹਮ ਸ਼ੰਕਰ ਜਿੰਪਾ, ਮਦਨ ਬੱਗਾ ਅਤੇ ਮੁਹੰਮਦ ਜਮੀਲ ਉਰ ਰਹਿਮਾਨ ਹਨ।




