ਚੋਣ ਕਮਿਸ਼ਨ ਖਿਲਾਫ ਸਾਡੇ ਕੋਲ 100 ਫੀਸਦੀ ਠੋਸ ਸਬੂਤ : ਰਾਹੁਲ

0
79

ਨਵੀਂ ਦਿੱਲੀ : ਕਾਂਗਰਸ ਕੋਲ 100 ਫੀਸਦੀ ਠੋਸ ਸਬੂਤ ਹਨ ਕਿ ਚੋਣ ਕਮਿਸ਼ਨ ਨੇ ਕਰਨਾਟਕ ਦੇ ਇੱਕ ਹਲਕੇ ਵਿੱਚ ਧੋਖਾਧੜੀ ਦੀ ਇਜਾਜ਼ਤ ਦਿੱਤੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਰਾਹੁਲ ਗਾਂਧੀ ਨੇ ਵੀਰਵਾਰ ਚੋਣ ਕਮਿਸ਼ਨ ਨੂੰ ਚੇਤਾਵਨੀ ਦਿੰਦਿਆਂ ਕੀਤਾ। ਉਨ੍ਹਾ ਕਿਹਾ, ‘‘ਉਹ (ਚੋਣ ਕਮਿਸ਼ਨ) ਇਸ ਤੋਂ ਬਚ ਨਹੀਂ ਸਕੇਗਾ, ਕਿਉਂਕਿ ਅਸੀਂ ਤੁਹਾਡੇ ਲਈ ਆਉਣ ਵਾਲੇ ਹਾਂ।’’ ਰਾਹੁਲ ਨੇ ਦੋਸ਼ ਲਾਇਆ ਕਿ ਚੋਣ ਕਮਿਸ਼ਨ ਭਾਰਤ ਦੇ ਚੋਣ ਕਮਿਸ਼ਨ ਵਜੋਂ ਆਪਣਾ ਕੰਮ ਨਹੀਂ ਕਰ ਰਿਹਾ ਹੈ। ਬਿਹਾਰ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੋਧ ਅਤੇ ਆਰ ਜੇ ਡੀ ਨੇਤਾ ਤੇਜਸਵੀ ਯਾਦਵ ਦੀਆਂ ਕਥਿਤ ਟਿੱਪਣੀਆਂ ਬਾਰੇ ਪੁੱਛੇ ਜਾਣ ’ਤੇ ਕਿ ਬਿਹਾਰ ਵਿਧਾਨ ਸਭਾ ਚੋਣਾਂ ਦਾ ਬਾਈਕਾਟ ਕਰਨ ਦਾ ਵਿਕਲਪ ਖੁੱਲ੍ਹਾ ਹੈ, ਰਾਹੁਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਦੀ ਪਾਰਟੀ ਕੋਲ ਕਰਨਾਟਕ ਦੀ ਇੱਕ ਸੀਟ ’ਤੇ ਚੋਣ ਕਮਿਸ਼ਨ ਵੱਲੋਂ ਧੋਖਾਧੜੀ ਦੀ ਇਜਾਜ਼ਤ ਦੇਣ ਦੇ 100 ਫੀਸਦੀ ਠੋਸ ਸਬੂਤ ਹਨ। ਰਾਹੁਲ ਨੇ ਸੰਸਦ ਭਵਨ ਦੇ ਅਹਾਤੇ ਵਿੱਚ ਪੱਤਰਕਾਰਾਂ ਨੂੰ ਕਿਹਾ, ‘‘ਮੈਂ ਚੋਣ ਕਮਿਸ਼ਨ ਨੂੰ ਇੱਕ ਸੰਦੇਸ਼ ਭੇਜਣਾ ਚਾਹੁੰਦਾ ਹਾਂ-ਜੇਕਰ ਤੁਸੀਂ ਸੋਚਦੇ ਹੋ ਕਿ ਤੁਸੀਂ ਇਸ ਤੋਂ ਬਚ ਜਾਓਗੇ, ਜੇਕਰ ਤੁਹਾਡੇ ਅਧਿਕਾਰੀ ਸੋਚਦੇ ਹਨ ਕਿ ਉਹ ਇਸ ਤੋਂ ਬਚ ਜਾਣਗੇ, ਤਾਂ ਤੁਸੀਂ ਗਲਤ ਹੋ, ਤੁਸੀਂ ਇਸ ਤੋਂ ਬਚ ਨਹੀਂ ਸਕੋਗੇ ਕਿਉਂਕਿ ਅਸੀਂ ਤੁਹਾਡੇ ਲਈ ਆਉਣ ਵਾਲੇ ਹਾਂ।’’