ਫਿਰਕੂ ਤਾਕਤਾਂ ਵਿਰੁੱਧ ਲੜਾਈ ਦਾ ਸੱਦਾ

0
96

ਸਵਰਨ ਸੋਹਲ ਤੇ ਹੋਰ ਕਮਿਊਨਿਸਟ ਸ਼ਹੀਦਾਂ ਦੀ ਯਾਦ ’ਚ ਸਮਾਗਮ
ਝਬਾਲ (ਨਵਾਂ ਜ਼ਮਾਨਾ ਸਰਵਿਸ)
ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਅੱਤਵਾਦੀਆਂ ਹੱਥੋਂ ਸ਼ਹੀਦ ਹੋਏ ਕਾਮਰੇਡ ਸਵਰਨ ਸਿੰਘ ਤੇ ਉਨ੍ਹਾ ਦੀ ਮਾਤਾ, ਪਤਨੀ ਤੇ ਧੀ, ਹੀਰਾ ਸਿੰਘ ਸੋਹਲ, ਕਾਮਰੇਡ ਇੰਦਰਜੀਤ ਕੁਮਾਰ ਸਰਾਂ ਅਤੇ ਕਸ਼ਮੀਰ ਸਿੰਘ ਸੋਹਲ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਵੀਰਵਾਰ ਇੱਕ ਰਾਜਨੀਤਕ ਸਮਾਗਮ ਆਯੋਜਿਤ ਕੀਤਾ ਗਿਆ।ਇਸ ਸਮਾਗਮ ਦੀ ਪ੍ਰਧਾਨਗੀ ਦਵਿੰਦਰ ਸੋਹਲ, ਮਨਜੀਤ ਸਿੰਘ ਢੰਡ ਤੇ ਸੁਰਿੰਦਰ ਸਿੰਘ ਬਿੱਲਾ ਨੇ ਕੀਤੀ। ਇਸ ਮੌਕੇ ਕਮਿਊਨਿਸਟ ਆਗੂ ਕਾਮਰੇਡ ਹਰਭਜਨ ਸਿੰਘ, ਰਾਜਿੰਦਰ ਪਾਲ ਕੌਰ, ਨਰਿੰਦਰ ਪਾਲ਼ੀ, ਨਰਿੰਦਰ ਕੌਰ ਸੋਹਲ ਤੇ ਸੁਖਚੈਨ ਸਿੰਘ, ਗੁਰਦਿਆਲ ਸਿੰਘ ਖਡੂਰ ਸਾਹਿਬ ਉਚੇਚੇ ਤੌਰ ’ਤੇ ਪਹੁੰਚੇ। ਕਮਿਊਨਿਸਟ ਵਰਕਰਾਂ ਦੇ ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਅੱਜ ਇੱਕ ਪਾਸੇ ਮਜ਼ਦੂਰਾਂ, ਕਿਸਾਨਾਂ ਸਮੇਤ ਸਮੁੱਚਾ ਮਿਹਨਤਕਸ਼ ਵਰਗ ਬੇਰੁਜ਼ਗਾਰੀ, ਮਹਿੰਗਾਈ ਤੇ ਭਿ੍ਰਸ਼ਟਾਚਾਰ ਦੀ ਚੱਕੀ ਵਿੱਚ ਪਿਸ ਰਿਹਾ ਹੈ, ਦੂਜੇ ਪਾਸੇ ਕੇਂਦਰ ਦੀ ਭਾਜਪਾ ਸਰਕਾਰ ਲੋਕਾਂ ਵਿੱਚ ਫਿਰਕੂ ਵੰਡੀਆਂ ਪਾ ਕੇ ਆਪਣੀ ਸਰਕਾਰ ਚਲਾ ਰਹੀ ਹੈ। ਮਿਹਨਤਕਸ਼ ਲੋਕਾਂ ਦੀ ਆਰਥਿਕ ਲੁੱਟ ਕਰਕੇ ਅਡਾਨੀ-ਅੰਬਾਨੀ ਦੇ ਘਰ ਭਰ ਰਹੀ ਹੈ। ਲੋਕਾਂ ਨੂੰ ਕਾਮਰੇਡ ਸਵਰਨ ਸਿੰਘ ਸੋਹਲ, ਇੰਦਰਜੀਤ ਸਰਾਂ ਅਤੇ ਕਸ਼ਮੀਰ ਸਿੰਘ ਦੇ ਜੀਵਨ ਤੋਂ ਸੇਧ ਲੈਂਦਿਆਂ ਬੇਰੁਜ਼ਗਾਰੀ, ਮਹਿੰਗਾਈ ਤੇ ਭਿ੍ਰਸ਼ਟਾਚਾਰ ਵਿਰੁੱਧ ਸੰਘਰਸ਼ਸ਼ੀਲ ਰਹਿਣ ਦੀ ਲੋੜ ਹੈ। ਪੰਜਾਬ ਦੇ ਕਾਲੇ ਦੌਰ ਵਿੱਚ ਸਾਡੀਆਂ ਸਰਕਾਰਾਂ ਤੇ ਫਿਰਕੂ ਆਗੂਆਂ ਨੇ ਪੰਜਾਬ ਨੂੰ ਬਲਦੀ ਅੱਗ ਵਿੱਚ ਝੋਕ ਦਿੱਤਾ, ਜਿਸ ’ਚ ਸਾਮਰਾਜ ਦੀ ਸ਼ਹਿ ਤੇ ਗੁਆਂਢੀ ਦੇਸ਼ ਨੇ ਬਹੁਤ ਭੈੜਾ ਰੋਲ਼ ਅਦਾ ਕੀਤਾ। ਇਸ ਨਾਲ ਪੰਜਾਬ ਦਾ ਨਾ ਪੂਰਾ ਹੋਣ ਵਾਲਾ ਨੁਕਸਾਨ ਹੋਇਆ। ਅੱਜ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਵਿੱਚ ਅਤੇ ਗੈਂਗਸਟਰਪੁਣੇ ਵਿੱਚ ਧੱਕ ਕੇ ਲੁੱਟਾਂ-ਖੋਹਾਂ, ਮਾਰ-ਧਾੜ, ਫ਼ਿਰੌਤੀਆਂ ਤੇ ਕਤਲੋਗਾਰਤ ਵੱਲ ਧੱਕਿਆ ਜਾ ਰਿਹਾ ਹੈ।ਆਮ ਲੋਕ ਦਹਿਸ਼ਤਜ਼ਦਾ ਦਿਸਦੇ ਹਨ। ਕਾਰੋਬਾਰੀਆਂ ਨੂੰ ਫ਼ਿਰੌਤੀਆਂ ਲਈ ਕਤਲ ਕੀਤਾ ਜਾ ਰਿਹਾ ਹੈ।ਉਹਨਾਂ ਕਿਹਾ ਕਿ ਭਾਰਤੀ ਕਮਿਊਨਿਸਟ ਪਾਰਟੀ ਦੀ ਸਥਾਪਨਾ ਦੀ ਸੌਵੀਂ ਵਰੇ੍ਹਗੰਢ ਵੀ ਇਸੇ ਸਾਲ ਹੈ ਅਤੇ ਕੌਮੀ ਮਹਾਂ ਸੰਮੇਲਨ ਵੀ 21 ਸਤੰਬਰ ਤੋਂ 25 ਸਤੰਬਰ ਤੱਕ ਚੰਡੀਗੜ੍ਹ ਵਿਖੇ ਹੋ ਰਿਹਾ, ਜਿਸ ਨੂੰ ਪੰਜਾਬ ਦੀ ਕਮਿਊਨਿਸਟ ਪਾਰਟੀ ਪੂਰੀ ਸ਼ਾਨੋ-ਸ਼ੌਕਤ ਨਾਲ ਨਿਭਾਵੇਗੀ।
ਇਸ ਮੌਕੇ ਸ਼ਮੂਲੀਅਤ ਕਰਨ ਵਾਲਿਆਂ ਵਿੱਚ ਗੁਰਬਿੰਦਰ ਸਿੰਘ ਸੋਹਲ, ਪੂਰਨ ਸਿੰਘ ਮਾੜੀਮੇਘਾ, ਗੁਰਪ੍ਰੀਤ ਸਿੰਘ ਗੰਡੀਵਿੰਡ, ਬਲਕਾਰ ਸਿੰਘ ਵਲਟੋਹਾ, ਕਸ਼ਮੀਰ ਸਿੰਘ ਛੀਨਾ, ਕੁਲਬੀਰ ਸਿੰਘ ਕਸੇਲ, ਹਰਬਿੰਦਰ ਸਿੰਘ ਕਸੇਲ, ਮੋਤਾ ਸਿੰਘ ਸੋਹਲ, ਬਲਵਿੰਦਰ ਸਿੰਘ ਮੂਸੇ, ਧਰਮ ਸਿੰਘ ਛਿਛਰੇਵਾਲ, ਗੁਲਜ਼ਾਰ ਸਿੰਘ ਕੋਟ, ਸੁਲੱਖਣ ਸਿੰਘ ਗੰਡੀਵਿੰਡ, ਸੁਰਜੀਤ ਸਿੰਘ ਠੱਠੀ, ਪਲਵਿੰਦਰ ਸਿੰਘ ਝਬਾਲ, ਅਸ਼ੋਕ ਸੋਹਲ, ਬਲਜੀਤ ਸਿੰਘ ਸੋਹਲ, ਤਰਲੋਕ ਸਿੰਘ ਪੱਧਰੀ ਤੇ ਸੈਣ ਸਮਾਜ ਦੇ ਆਗੂ ਭਾਈ ਸ਼ਮਸ਼ੇਰ ਸਿੰਘ ਸੁੱਗਾ ਵੀ ਹਾਜ਼ਰ ਸਨ।