ਲੰਡਨ : ਭਾਰਤ ਅਤੇ ਬਰਤਾਨੀਆ ਨੇ ਵੀਰਵਾਰ ਇੱਕ ਇਤਿਹਾਸਕ ਮੁਕਤ ਵਪਾਰ ਸਮਝੌਤੇ (ਐੱਫ ਟੀ ਏ) ’ਤੇ ਦਸਤਖਤ ਕੀਤੇ, ਜਿਸ ਨਾਲ ਬਾਜ਼ਾਰ ਤੱਕ ਪਹੁੰਚ ਵਿੱਚ ਕਾਫੀ ਸੁਧਾਰ ਹੋਵੇਗਾ ਅਤੇ ਸਾਲਾਨਾ ਲੱਗਭੱਗ 34 ਅਰਬ ਡਾਲਰ ਦਾ ਦੁਵੱਲਾ ਵਪਾਰ ਵਧੇਗਾ। ਇਸ ਸੌਦੇ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾ ਦੇ ਬਰਤਾਨਵੀ ਹਮਰੁਤਬਾ ਕੀਰ ਸਟਾਰਮਰ ਦੀ ਮੌਜੂਦਗੀ ਵਿੱਚ ਰਸਮੀ ਰੂਪ ਦਿੱਤਾ ਗਿਆ। ਅਧਿਕਾਰੀਆਂ ਅਨੁਸਾਰ ਐੱਫ ਟੀ ਏ ਨਾਲ 99 ਫੀਸਦੀ ਭਾਰਤੀ ਬਰਾਮਦਾਂ ਨੂੰ ਟੈਕਸ ਤੋਂ ਲਾਭ ਮਿਲਣ ਦੀ ਉਮੀਦ ਹੈ ਅਤੇ ਇਸ ਨਾਲ ਬਿ੍ਰਟਿਸ਼ ਫਰਮਾਂ ਲਈ ਭਾਰਤ ਨੂੰ ਵਿਸਕੀ, ਕਾਰਾਂ ਅਤੇ ਹੋਰ ਉਤਪਾਦਾਂ ਦੀ ਬਰਾਮਦ ਕਰਨਾ ਆਸਾਨ ਹੋ ਜਾਵੇਗਾ, ਨਾਲ ਹੀ ਸਮੁੱਚੇ ਵਪਾਰਕ ਬਾਸਕੇਟ ਨੂੰ ਵੀ ਹੁਲਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਤਿੰਨ ਸਾਲਾਂ ਦੀ ਗੱਲਬਾਤ ਤੋਂ ਬਾਅਦ ਪੱਕੇ ਕੀਤੇ ਗਏ ਇਸ ਵਪਾਰਕ ਸੌਦੇ ਨਾਲ ਸਾਰੇ ਖੇਤਰਾਂ ਵਿੱਚ ਭਾਰਤੀ ਵਸਤੂਆਂ ਲਈ ਵਿਆਪਕ ਬਾਜ਼ਾਰ ਪਹੁੰਚ ਯਕੀਨੀ ਬਣਾਏ ਜਾਣ ਦੀ ਉਮੀਦ ਹੈ ਅਤੇ ਭਾਰਤ ਨੂੰ ਲੱਗਭੱਗ 99 ਫੀਸਦੀ ਟੈਕਸ ਲਾਈਨਾਂ (ਉਤਪਾਦ ਸ਼੍ਰੇਣੀਆਂ) ’ਤੇ ਟੈਕਸ ਖਤਮ ਹੋਣ ਨਾਲ ਲਾਭ ਮਿਲੇਗਾ, ਜੋ ਲੱਗਭੱਗ 100 ਫੀਸਦੀ ਵਪਾਰਕ ਮੁੱਲਾਂ ਨੂੰ ਕਵਰ ਕਰਦਾ ਹੈ।




