ਚੰਡੀਗੜ੍ਹ : ਇਸ ਸਾਲ ਦੇ ਅੰਤ ਤੱਕ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਜਲੰਧਰ ’ਚ ਕਾਂਗਰਸ ਨੂੰ ਜ਼ਬਰਦਸਤ ਝਟਕਾ ਦਿੰਦਿਆਂ ਨਗਰ ਨਿਗਮ ਦੇ ਡਿਪਟੀ ਮੇਅਰ ਹਰਸਿਮਰਨਜੀਤ ਸਿੰਘ ਬੰਟੀ ਤੇ ਪੰਜਾਬ ਮੰਡੀ ਬੋਰਡ ਦੇ ਡਾਇਰੈਕਟਰ ਬਲਜੀਤ ਸਿੰਘ ਪੂਪੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਦੋਵਾਂ ਆਗੂਆਂ ਨੂੰ ‘ਆਪ’ ਪੰਜਾਬ ਦੇ ਇੰਚਾਰਜ ਜਰਨੈਲ ਸਿੰਘ ਅਤੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਪਾਰਟੀ ਵਿੱਚ ਸ਼ਾਮਲ ਕੀਤਾ।
ਸੋਮਵਾਰ ਨੂੰ ਬੰਟੀ ਦੇ ਨਾਲ ਜਲੰਧਰ ਨਗਰ ਨਿਗਮ ਦੇ ਤਿੰਨ ਸਾਥੀ ਕੌਂਸਲਰ ਰੋਹਨ ਸਹਿਗਲ, ਮਿੰਟੂ ਗੁੱਜਰ ਅਤੇ ਰਜਿੰਦਰ ਕੁਮਾਰ ਮਿੰਟੂ ਵੀ ਚੰਡੀਗੜ੍ਹ ਪਾਰਟੀ ਹੈੱਡਕੁਆਰਟਰ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ। ਇਨ੍ਹਾਂ ਨਾਲ ਜਲੰਧਰ ਤੋਂ ਇੱਕ ਹੋਰ ਪ੍ਰਭਾਵਸ਼ਾਲੀ ਵਿਅਕਤੀ ਅਮਰਜੀਤ ਸਿੰਘ ਛਾਬੜਾ ਨੇ ਵੀ ‘ਆਪ’ ਦਾ ਪੱਲਾ ਫੜਿਆ।




