ਮੋਬਾਇਲ ਸਾਈਬਰ ਅਪਰਾਧ ਦੀਆਂ ਕਈ ਕਿਸਮਾਂ ਹਨ। ਫਿਸ਼ਿੰਗ ਅਤੇ ਵਿਸ਼ਿੰਗ ਕਿਸਮ ਵਿੱਚ ਫਰਜ਼ੀ ਐੱਸ ਐੱਮ ਐੱਸ ਜਾਂ ਈਮੇਲ ਕਾਲ ਜ਼ਰੀਏ ਅਪਰਾਧੀ ਬੈਂਕ ਡਿਟੇਲਜ਼, ਪਾਸਵਰਡ ਜਾਂ ਓ ਟੀ ਪੀ ਦੀ ਜਾਣਕਾਰੀ ਹਾਸਲ ਕਰ ਲੈਂਦੇ ਹਨ। ਮਾਲਵੇਅਰ ਅਤੇ ਸਪਾਈਵੇਅਰ ਨਾਲ ਪਰਸਨਲ ਡਾਟਾ ਚੁਰਾ ਲੈਂਦੇ ਹਨ। ਰੈਨਸਮਵੇਅਰ ਨਾਲ ਮੋਬਾਇਲ ਦੇ ਡਾਟਾ ਨੂੰ ਲਾਕ ਕਰ ਦਿੰਦੇ ਹਨ ਅਤੇ ਖੋਲ੍ਹਣ ਲਈ ਫਿਰੌਤੀ (ਰੈਨਸਮ) ਦੀ ਮੰਗ ਕਰਦੇ ਹਨ। ਅਜਿਹੀ ਧੋਖਾਧੜੀ ਤੋਂ ਬਚਾਅ ਲਈ ਅਕਸਰ ਸਲਾਹ ਦਿੱਤੀ ਜਾਂਦੀ ਹੈ ਕਿ ਬੈਂਕ ਖਾਤਾ, ਪਿੰਨ ਜਾਂ ਓ ਟੀ ਪੀ ਕਿਸੇ ਨਾਲ ਸਾਂਝੇ ਨਾ ਕਰੋ। ਜੇ ਧੋਖਾਧੜੀ ਦਾ ਸ਼ਿਕਾਰ ਹੋ ਜਾਂਦੇ ਹੋ ਤਾਂ ਨੈਸ਼ਨਲ ਸਾਈਬਰ ਕ੍ਰਾਈਮ ਰਿਪੋਰਟਿੰਗ ਪੋਰਟਲ ‘ਤੇ ਸ਼ਿਕਾਇਤ ਕਰੋ ਜਾਂ ਹੈਲਪਲਾਈਨ ਨੰਬਰ 1930 ‘ਤੇ ਕਾਲ ਕਰੋ।
ਮੋਬਾਇਲ ਕੰਪਨੀਆਂ ਵੀ ਸੰਨ੍ਹ ਲੱਗਣੋਂ ਰੋਕਣ ਲਈ ਤਰ੍ਹਾਂ-ਤਰ੍ਹਾਂ ਦੇ ਸੁਰੱਖਿਆ ਉਪਾਅ ਕਰਦੀਆਂ ਰਹਿੰਦੀਆਂ ਹਨ, ਪਰ ਅਪਰਾਧੀ ਝਟ ਤੋੜ ਲੱਭ ਲੈਂਦੇ ਹਨ ਤੇ ਠੱਗੀ ਦਾ ਨਵਾਂ ਢੰਗ ਈਜਾਦ ਕਰ ਲੈਂਦੇ ਹਨ। ਅੱਜਕੱਲ੍ਹ ‘ਫਰੋਜ਼ਨ ਸਕ੍ਰੀਨ ਘੁਟਾਲਾ’ ਸਾਈਬਰ ਅਪਰਾਧੀਆਂ ਦੇ ਨਵੇਂ ਹਥਿਆਰ ਵਜੋਂ ਸਾਹਮਣੇ ਆਇਆ ਹੈ। ਇਸ ਵਿੱਚ ਪੀੜਤ ਨੂੰ ਕਿਸੇ ਅਣਜਾਣ ਜਾਂ ਖਤਰਨਾਕ ਲਿੰਕ ‘ਤੇ ਕਲਿੱਕ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ, ਜਿਸ ਤੋਂ ਬਾਅਦ ਮੋਬਾਇਲ ਸਕ੍ਰੀਨ ਫਰੀਜ਼ ਹੋ ਸਕਦੀ ਹੈ ਜਾਂ ਜਵਾਬ ਨਹੀਂ ਦੇ ਸਕਦੀ। ਇਸ ਅਚਾਨਕ ਅੜਿੱਕੇ ਦੀ ਵਰਤੋਂ ਘਬਰਾਹਟ ਪੈਦਾ ਕਰਨ ਅਤੇ ਪੀੜਤ ਨੂੰ ਵਿਸ਼ਵਾਸ ਦਿਵਾਉਣ ਲਈ ਕੀਤੀ ਜਾਂਦੀ ਹੈ ਕਿ ਫੋਨ ਜਾਂ ਯੂ ਪੀ ਆਈ ਖਾਤੇ ਵਿੱਚ ਕੁਝ ਗਲਤ ਹੋ ਗਿਆ ਹੈ। ਫਿਰ ਘੁਟਾਲੇਬਾਜ਼ ਪੀੜਤ ਨਾਲ ਸੰਪਰਕ ਕਰਦਾ ਹੈ, ਅਕਸਰ ਗਾਹਕ-ਸੁਰੱਖਿਆ ਪ੍ਰਤੀਨਿਧੀ ਜਾਂ ਤਕਨੀਕੀ ਸਹਾਇਤਾ ਕਾਰਜਕਾਰੀ ਵਜੋਂ ਪੇਸ਼ ਹੁੰਦਾ ਹੈ ਅਤੇ ਦਾਅਵਾ ਕਰਦਾ ਹੈ ਕਿ ਸਮੱਸਿਆ ਵਿਅਕਤੀ ਦੇ ਯੂ ਪੀ ਆਈ ਖਾਤੇ ਵਿੱਚ ਇੱਕ ਤਕਨੀਕੀ ਗਲਤੀ ਨਾਲ ਜੁੜੀ ਹੋਈ ਹੈ। ਪੀੜਤ ਨੂੰ ਬਾਅਦ ਵਿੱਚ ਇੱਕ ਐਪਲੀਕੇਸ਼ਨ ਡਾਊਨਲੋਡ ਅਤੇ ਇੰਸਟਾਲ ਕਰਨ ਲਈ ਮਨਾਉਂਦਾ ਹੈ, ਜਿਸ ਦਾ ਉਦੇਸ਼ ਕਥਿਤ ਤੌਰ ‘ਤੇ ਫੋਨ ਨੂੰ ‘ਅਨਫਰੀਜ਼’ ਕਰਨਾ ਹੁੰਦਾ ਹੈ। ਸਾਈਬਰ ਅਪਰਾਧੀ ਸੰਚਾਰ ਨੂੰ ਅਸਲੀ ਦਿਖਾਉਣ ਲਈ ਇੱਕ ਐੱਸ ਐੱਮ ਐੱਸ ਭੇਜਦਾ ਹੈ। ਇੱਕ ਵਾਰ ਜਦੋਂ ਪੀੜਤ ਐਪਲੀਕੇਸ਼ਨ ਨੂੰ ਸਥਾਪਤ ਕਰ ਲੈਂਦਾ ਹੈ ਅਤੇ ਇਸ ਨੂੰ ਮੰਗੀਆਂ ਗਈਆਂ ਇਜਾਜ਼ਤਾਂ ਦੇ ਦਿੰਦਾ ਹੈ, ਤਾਂ ਘੁਟਾਲੇਬਾਜ਼ ਡਿਵਾਈਸ ਦੀ ਸਕ੍ਰੀਨ, ਸੁਨੇਹਿਆਂ, ਸੂਚਨਾਵਾਂ ਅਤੇ ਹੋਰ ਸੰਵੇਦਨਸ਼ੀਲ ਜਾਣਕਾਰੀ ਤੱਕ ਪਹੁੰਚ ਪ੍ਰਾਪਤ ਕਰ ਲੈਂਦਾ ਹੈ।
ਇਸ ਧੋਖੇ ਤੋਂ ਬਚਾਅ ਦਾ ਵਕਤੀ ਉਪਾਅ ਤਾਂ ਇਹ ਹੀ ਹੈ ਕਿ ਲੋਕ ਅਣਜਾਣ ਲਿੰਕਾਂ ‘ਤੇ ਕਲਿੱਕ ਨਾ ਕਰਨ, ਗੈਰ-ਪ੍ਰਮਾਣਿਤ ਸਰੋਤਾਂ ਤੋਂ ਐਪਲੀਕੇਸ਼ਨਾਂ ਡਾਊਨਲੋਡ ਨਾ ਕਰਨ ਅਤੇ ਅਣਜਾਣ ਐਪਲੀਕੇਸ਼ਨਾਂ ਨੂੰ ਬੇਲੋੜੀਆਂ ਇਜਾਜ਼ਤਾਂ ਦੇਣ ਤੋਂ ਵੀ ਬਚਣ। ਓ ਟੀ ਪੀ, ਯੂ ਪੀ ਆਈ ਪਿੰਨ, ਸਕ੍ਰੀਨ-ਲਾਕ ਪਾਸਵਰਡ ਜਾਂ ਹੋਰ ਗੁਪਤ ਪ੍ਰਮਾਣ ਪੱਤਰ ਕਿਸੇ ਨਾਲ ਵੀ ਸਾਂਝੇ ਕਰਨ ਤੋਂ ਸਾਵਧਾਨ ਰਹਿਣ, ਖਾਸਕਰ ਉਨ੍ਹਾਂ ਤੋਂ, ਜਿਹੜੇ ਗਾਹਕ-ਸੁਰੱਖਿਆ ਪ੍ਰਤੀਨਿਧੀ ਹੋਣ ਦਾ ਦਾਅਵਾ ਕਰਦੇ ਹਨ।




