ਗਿਆਨੇਸ਼ ਨੂੰ ਬਰਖਾਸਤ ਕਰੋ : ਖੱਬੀਆਂ ਪਾਰਟੀਆਂ

0
5

ਲੁਧਿਆਣਾ (ਐੱਮ ਐੱਸ ਭਾਟੀਆ)
ਦੇਸ਼ ਦੀਆਂ ਪੰਜ ਖੱਬੇ ਪੱਖੀ ਪਾਰਟੀਆਂ ਨੇ ਨਵੀਂ ਦਿੱਲੀ ‘ਚ ਇੱਕ ਸਾਂਝਾ ਬਿਆਨ ਜਾਰੀ ਕਰਦਿਆਂ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਤੁਰੰਤ ਅਹੁਦੇ ਤੋਂ ਹਟਾਉਣ ਅਤੇ ਭਾਰਤੀ ਚੋਣ ਕਮਿਸ਼ਨ ਦੀ ਸਾਖ ਤੇ ਸੁਤੰਤਰਤਾ ਬਹਾਲ ਕਰਨ ਦੀ ਪੁਰਜ਼ੋਰ ਮੰਗ ਕੀਤੀ ਹੈ। ਖੱਬੀਆਂ ਧਿਰਾਂ ਨੇ ਦੋਸ਼ ਲਾਇਆ ਕਿ ਚੋਣ ਕਮਿਸ਼ਨ ਦੀ ਸੁਤੰਤਰਤਾ ਅਤੇ ਨਿਰਪੱਖਤਾ ਨਾਲ ਗੰਭੀਰ ਸਮਝੌਤਾ ਕੀਤਾ ਗਿਆ ਹੈ।ਸਾਂਝੇ ਬਿਆਨ ਵਿੱਚ ‘ਇੰਡੀਅਨ ਐੱਕਸਪ੍ਰੈੱਸ’ ਦੀ 23 ਸਤੰਬਰ ਦੀ ਰਿਪੋਰਟ ਦਾ ਹਵਾਲਾ ਦਿੰਦਿਆਂ ਦੱਸਿਆ ਗਿਆ ਕਿ ਬਾਕੀ ਦੋ ਚੋਣ ਕਮਿਸ਼ਨਰਾਂ ਨੇ ਹੀ ਮੌਜੂਦਾ ਚੀਫ਼ ਇਲੈਕਸ਼ਨ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਕੰਮਕਾਜ ‘ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਦੋਵਾਂ ਕਮਿਸ਼ਨਰਾਂ ਨੇ ਘੱਟੋ-ਘੱਟ 14 ਮੌਕਿਆਂ ‘ਤੇ ਵੋਟਰ ਰਜਿਸਟ੍ਰੇਸ਼ਨ, ਨਾਂਅ ਕੱਟਣ, ਮੁੜ ਸ਼ਾਮਲ ਕਰਨ ਅਤੇ ‘ਵਿਸ਼ੇਸ਼ ਸੰਘਣੇ ਸੁਧਾਰ’ ਪ੍ਰਕਿਰਿਆ ਦੇ ਫੈਸਲਿਆਂ ‘ਤੇ ਆਪਣੀਆਂ ਲਿਖਤੀ ਅਸਹਿਮਤੀਆਂ ਤੇ ਇਤਰਾਜ਼ ਦਰਜ ਕਰਵਾਏ ਹਨ।ਇਸ ਤੋਂ ਇਲਾਵਾ ਉਨ੍ਹਾਂ ਦੀ ਸਹਿਮਤੀ ਤੋਂ ਬਿਨਾਂ ਹੀ ਕਈ ਅਹਿਮ ਫੈਸਲੇ ਲਏ ਗਏ ਹਨ।ਖੱਬੀਆਂ ਧਿਰਾਂ ਅਨੁਸਾਰ ਇਹ ਖੁਲਾਸੇ ਵਿਰੋਧੀ ਧਿਰਾਂ ਅਤੇ ਸਿਵਲ ਸੁਸਾਇਟੀ ਵੱਲੋਂ ਪਹਿਲਾਂ ਤੋਂ ਜਤਾਏ ਜਾ ਰਹੇ ਖਦਸ਼ਿਆਂ ਦੀ ਪੁਸ਼ਟੀ ਕਰਦੇ ਹਨ।ਵੋਟਰ ਡਾਟਾਬੇਸ ਦਾ ਕੇਂਦਰੀਕਰਨ ਕਰਕੇ ਰਾਜ ਅਤੇ ਹਲਕਾ ਪੱਧਰੀ ਸੰਵਿਧਾਨਕ ਅਧਿਕਾਰੀਆਂ ਦੇ ਅਧਿਕਾਰਾਂ ਨੂੰ ਸੀਮਤ ਕੀਤਾ ਜਾ ਰਿਹਾ ਹੈ।ਬਿਆਨ ਵਿੱਚ ਗੋਆ ਦੀ ਮਿਸਾਲ ਦਿੰਦਿਆਂ ਦੱਸਿਆ ਗਿਆ ਕਿ ਉੱਥੇ ਸਾਫਟਵੇਅਰ ਦੀਆਂ ਰੋਕਾਂ ਕਾਰਨ ਚੋਣ ਰਜਿਸਟ੍ਰੇਸ਼ਨ ਅਧਿਕਾਰੀ 97 ਯੋਗ ਵੋਟਰਾਂ ਦੇ ਨਾਂਅ ਦਰਜ ਕਰਨ ਤੋਂ ਅਸਮਰੱਥ ਰਹੇ। ਖੱਬੀਆਂ ਧਿਰਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਤੁਰੰਤ ਅਹੁਦੇ ਤੋਂ ਹਟਾਇਆ ਜਾਵੇ, ਐੱਸ ਆਈ ਆਰ ਪ੍ਰਕਿਰਿਆ ‘ਤੇ ਰੋਕ ਲਗਾਈ ਜਾਵੇ ਅਤੇ ਵੋਟਰ ਸੂਚੀਆਂ ‘ਚੋਂ ਗਲਤ ਤਰੀਕੇ ਨਾਲ ਬਾਹਰ ਕੀਤੇ ਸਾਰੇ ਵੋਟਰਾਂ ਦੇ ਹੱਕ ਬਹਾਲ ਕੀਤੇ ਜਾਣ, ਚੋਣ ਕਮਿਸ਼ਨ ਦਾ ਸੁਤੰਤਰ ਅਤੇ ਲੋਕਤੰਤਰੀ ਕੰਮਕਾਜ ਬਹਾਲ ਕੀਤਾ ਜਾਵੇ, ਚੋਣ ਕਮਿਸ਼ਨਰਾਂ ਦੀ ਨਿਯੁਕਤੀ ਲਈ ਸੁਪਰੀਮ ਕੋਰਟ ਵੱਲੋਂ ਸੁਝਾਈ ਗਈ ਕਮੇਟੀ (ਜਿਸ ਵਿੱਚ ਪ੍ਰਧਾਨ ਮੰਤਰੀ, ਵਿਰੋਧੀ ਧਿਰ ਦਾ ਨੇਤਾ ਅਤੇ ਸੁਪਰੀਮ ਕੋਰਟ ਦੇ ਮੁੱਖ ਜੱਜ ਸ਼ਾਮਲ ਹੋਣ) ਵਾਲੀ ਪ੍ਰਣਾਲੀ ਲਾਗੂ ਕੀਤੀ ਜਾਵੇ।ਖੱਬੀਆਂ ਪਾਰਟੀਆਂ ਨੇ ਦੇਸ਼ ਭਰ ਵਿੱਚ ਆਪਣੇ ਕੇਡਰ ਨੂੰ 26 ਸਤੰਬਰ ਤੋਂ 2 ਅਕਤੂਬਰ ਤੱਕ ‘ਵਿਰੋਧ ਹਫ਼ਤਾ’ ਮਨਾਉਣ ਦਾ ਸੱਦਾ ਦਿੱਤਾ ਹੈ।ਇਸ ਦੌਰਾਨ 28 ਸਤੰਬਰ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ 2 ਅਕਤੂਬਰ ਨੂੰ ਮਹਾਤਮਾ ਗਾਂਧੀ ਦੇ ਜਨਮ ਦਿਹਾੜੇ ਨੂੰ ਸਮਰਪਤ ਪ੍ਰੋਗਰਾਮ ਉਲੀਕੇ ਜਾਣਗੇ, ਜਿਨ੍ਹਾਂ ਹਮੇਸ਼ਾ ਲੋਕਤੰਤਰ ਅਤੇ ਧਰਮ ਨਿਰਪੱਖਤਾ ਲਈ ਲੜਾਈ ਲੜੀ।ਪਾਰਟੀਆਂ ਨੇ ਸਾਰੀਆਂ ਗੈਰ-ਭਾਜਪਾ, ਧਰਮ ਨਿਰਪੱਖ ਤੇ ਲੋਕਤੰਤਰੀ ਧਿਰਾਂ ਅਤੇ ਆਮ ਸ਼ਹਿਰੀਆਂ ਨੂੰ ਇਸ ਅੰਦੋਲਨ ‘ਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।ਇਹ ਸਾਂਝਾ ਬਿਆਨ ਡੀ ਰਾਜਾ (ਜਨਰਲ ਸਕੱਤਰ, ਸੀ ਪੀ ਆਈ), ਐੱਮ ਏ ਬੇਬੀ (ਜਨਰਲ ਸਕੱਤਰ, ਸੀ ਪੀ ਆਈ ਐੱਮ), ਦੀਪਾਂਕਰ ਭੱਟਾਚਾਰੀਆ (ਜਨਰਲ ਸਕੱਤਰ, ਸੀ ਪੀ ਆਈ ਐੱਮ ਐੱਲ-ਲਿਬਰੇਸ਼ਨ), ਜੀ. ਦੇਵਰਾਜਨ (ਜਨਰਲ ਸਕੱਤਰ, ਏ ਆਈ ਐੱਫ ਬੀ) ਅਤੇ ਮਨੋਜ ਭੱਟਾਚਾਰੀਆ (ਜਨਰਲ ਸਕੱਤਰ, ਆਰ ਐੱਸ ਪੀ) ਵੱਲੋਂ ਜਾਰੀ ਕੀਤਾ ਗਿਆ ਹੈ।