ਇੱਕੋ ਪਿੰਡ ਦੇ ਮੁੰਡੇ-ਕੁੜੀ ਦੇ ਵਿਆਹ ’ਤੇ ਰੋਕ ਲਈ ਕਾਨੂੰਨ ਬਣਾਉਣ ਦੀ ਮੰਗ

0
124

ਫਰੀਦਕੋਟ : ਜ਼ਿਲ੍ਹਾ ਫਰੀਦਕੋਟ ਦੇ ਸਿਰਸੜੀ ਅਤੇ ਅਨੋਖਪੁਰਾ ਪਿੰਡਾਂ ਦੀਆਂ ਪੰਚਾਇਤਾਂ ਨੇ ਸਾਂਝੇ ਤੌਰ ’ਤੇ ਇੱਕ ਮਤਾ ਪਾਸ ਕਰਕੇ ਇੱਕੋ ਪਿੰਡ ਦੇ ਮੁੰਡੇ-ਕੁੜੀਆਂ ਦੇ ਵਿਆਹਾਂ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ। ਦੋਹਾਂ ਪਿੰਡਾਂ ਦੇ ਪੰਚਾਂ ਅਤੇ ਸਰਪੰਚਾਂ ਵੱਲੋਂ ਸਰਬਸੰਮਤੀ ਨਾਲ ਸਹੀਬੰਦ ਇਸ ਫੈਸਲੇ ਵਿੱਚ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਅਜਿਹੇ ਵਿਆਹਾਂ ਨੂੰ ਰੋਕਣ ਲਈ ਪੰਜਾਬ ਵਿਧਾਨ ਸਭਾ ਰਾਹੀਂ ਇੱਕ ਸਖਤ ਕਾਨੂੰਨ ਬਣਾਇਆ ਜਾਵੇ।
ਗ੍ਰਾਮ ਪੰਚਾਇਤ ਸਿਰਸੜੀ ਅਤੇ ਅਨੋਖਪੁਰਾ ਵੱਲੋਂ ਸਰਪੰਚ ਗਿਆਨ ਕੌਰ ਅਤੇ ਬਲਜੀਤ ਸਿੰਘ ਦੀ ਅਗਵਾਈ ਹੇਠ ਜਾਰੀ ਕੀਤੇ ਗਏ ਮਤੇ ਵਿੱਚ ਕਿਹਾ ਗਿਆ ਹੈ ਕਿ ਪਿੰਡ ਦੇ ਅੰਦਰ ਵਿਆਹ ਨਾ ਸਿਰਫ ਸਮਾਜੀ ਸਦਭਾਵਨਾ ਨੂੰ ਵਿਗਾੜ ਰਹੇ ਹਨ, ਸਗੋਂ ਪੇਂਡੂ ਖੇਤਰਾਂ ਵਿੱਚ ਹਿੰਸਕ ਝਗੜਿਆਂ ਅਤੇ ਇੱਥੋਂ ਤੱਕ ਕਿ ਕਤਲਾਂ ਦੇ ਵੀ ਕਾਰਨ ਬਣ ਰਹੇ ਹਨ। ਸਰਪੰਚ ਗਿਆਨ ਕੌਰ ਨੇ ਕਿਹਾ ਕਿ ਹਾਲ ਦੇ ਸਾਲਾਂ ਵਿੱਚ ਕਈ ਮਾਮਲੇ ਸਾਹਮਣੇ ਆਏ ਹਨ, ਜਿੱਥੇ ਪਿੰਡ ਦੇ ਅੰਦਰ ਵਿਆਹ ਪਰਵਾਰਕ ਝਗੜਿਆਂ, ਪਿੰਡ ਵਾਸੀਆਂ ਦੀਆਂ ਲੜਾਈਆਂ ਅਤੇ ਕਤਲਾਂ ਦਾ ਕਾਰਨ ਬਣੇ ਹਨ, ਜਿਸ ਨਾਲ ਪਿੰਡਾਂ ਦੀ ਸ਼ਾਂਤੀ ਭੰਗ ਹੋ ਰਹੀ ਹੈ। ਪਿੰਡ ਦੇ ਆਗੂਆਂ ਦਾ ਕਹਿਣਾ ਹੈ ਕਿ ਪਿੰਡ ਦੇ ਅੰਦਰ ਵਿਆਹਾਂ ’ਤੇ ਪਾਬੰਦੀ ਲਗਾਉਣ ਨਾਲ ਜਿੱਥੇ ਇਨ੍ਹਾਂ ਲੜਾਈਆਂ ਤੋਂ ਨਿਜਾਤ ਮਿਲੇਗੀ, ਉੱਥੇ ਹੀ ਭਾਈਚਾਰਕ ਸਾਂਝ ਵੀ ਬਣੀ ਰਹੇਗੀ। ਪੰਜਾਬ ਸਰਕਾਰ ਤੋਂ ਤੁਰੰਤ ਕਾਨੂੰਨੀ ਦਖਲ ਦੀ ਮੰਗ ਕਰਦੇ ਮਤੇ ਵਿੱਚ ਲਿਖਿਆ ਗਿਆ ਹੈ ਕਿ ਜੇ ਸੂਬਾ ਸਰਕਾਰ ਅਜਿਹੇ ਵਿਆਹਾਂ ’ਤੇ ਪਾਬੰਦੀ ਲਗਾਉਣ ਵਾਲਾ ਸਪੱਸ਼ਟ ਕਾਨੂੰਨ ਬਣਾਉਂਦੀ ਹੈ ਤਾਂ ਇਸ ਨਾਲ ਪਿੰਡਾਂ ਵਿੱਚ ਵਧ ਰਹੀ ਅਪਰਾਧ ਦਰ ਨੂੰ ਘਟਾਉਣ ਅਤੇ ਪੇਂਡੂ ਪੰਜਾਬ ਵਿੱਚ ਸਮਾਜੀ ਸਥਿਰਤਾ ਬਣਾਈ ਰੱਖਣ ਵਿੱਚ ਮਦਦ ਮਿਲੇਗੀ।