ਮੁੰਬਈ : ਆਈ ਟੀ ਸੇਵਾਵਾਂ ਮੁਹੱਈਆ ਕਰਾਉਣ ਵਾਲੀ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਟਾਟਾ ਕੰਸਲਟੈਂਸੀ ਸਰਵਸਿਜ਼ (ਟੀ ਸੀ ਐੱਸ) 2026 ਦੇ ਮਾਲੀ ਸਾਲ ਵਿੱਚ ਆਪਣੇ ਮੁਲਾਜ਼ਮਾਂ ਦੀ ਗਿਣਤੀ ਦੋ ਫੀਸਦੀ ਘਟਾਏਗੀ। ਖਬਰ ਏਜੰਸੀ ਰਾਇਟਰਜ਼ ਨੇ ਕੰਪਨੀ ਦੇ ਹਵਾਲੇ ਨਾਲ ਦੱਸਿਆ ਹੈ ਕਿ ਇਹ ਛਾਂਗਾ ਮੁੱਖ ਤੌਰ ’ਤੇ ਦਰਮਿਆਨੀ ਤੇ ਸੀਨੀਅਰ ਮੈਨੇਜਮੈਂਟ ਨੂੰ ਲੱਗੇਗਾ। ਕੰਪਨੀ ਆਰਟੀਫਿਸ਼ੀਅਲ ਇੰਟੈਲੀਜੈਂਸ (ਏ ਆਈ) ਤੇ ਨਵੀਂ ਟੈਕਨਾਲੋਜੀ ’ਤੇ ਪੈਸੇ ਖਰਚ ਰਹੀ ਹੈ ਤੇ ਇਸਦੇ ਨਤੀਜੇ ਵਜੋਂ ਲਗਪਗ 12200 ਨੌਕਰੀਆਂ ਖਤਮ ਹੋ ਜਾਣਗੀਆਂ।
ਟੀ ਸੀ ਐੱਸ ਨੇ 600 ਤੋਂ ਵੱਧ ਉਨ੍ਹਾਂ ਪੇਸ਼ੇਵਰਾਂ ਨੂੰ ਆਪਣੇ ਵਿੱਚ ਸਮੋਣ ਦੀ ਪ੍ਰਕਿਰਿਆ ਵੀ ਟਾਲ ਦਿੱਤੀ ਹੈ, ਜਿਹੜੇ ਹੋਰ ਕੰਪਨੀਆਂ ਛੱਡ ਕੇ ਇਸ ਵਿੱਚ ਸ਼ਾਮਲ ਹੋਣ ਵਾਲੇ ਸਨ। ਟੀ ਸੀ ਐੱਸ ਦੇ ਇਸ ਫੈਸਲੇ ਨੇ ਆਈ ਟੀ ਇੰਡਸਟਰੀ ਵਿੱਚ ਜ਼ਬਰਦਸਤ ਚਿੰਤਾ ਪੈਦਾ ਕਰ ਦਿੱਤੀ ਹੈ। ਜਿਹੜੇ ਪੇਸ਼ੇਵਰ ਹੋਰ ਕੰਪਨੀਆਂ ਛੱਡ ਕੇ ਟੀ ਸੀ ਐੱਸ ਵਿੱਚ ਗਏ ਸਨ, ਉਹ ਭਾਰੀ ਮਾਲੀ ਦਬਾਅ ਦਾ ਸਾਹਮਣਾ ਕਰ ਰਹੇ ਹਨ। ਨੇਸੈਂਟ ਇਨਫਰਮੇਸ਼ਨ ਟੈਕਨਾਲੋਜੀ ਇੰਪਲਾਈਜ਼ ਸੈਨੇਟ (ਨਾਈਟਸ) ਨੇ ਕੇਂਦਰੀ ਕਿਰਤ ਮੰਤਰੀ ਮਨਸੁਖ ਮਾਂਡਵੀਆ ਨੂੰ ਪੱਤਰ ਲਿਖ ਕੇ ਦਖਲ ਦੀ ਮੰਗ ਕੀਤੀ ਹੈ। ਉਸਨੇ ਕਿਹਾ ਹੈ ਕਿ ਦੇਸ਼ ਦੀ ਸਭ ਤੋਂ ਵੱਡੀ ਆਈ ਟੀ ਫਰਮ ਭਰੋਸੇ ਦੀ ਮੁਜਰਮਾਨਾ ਉਲੰਘਣਾ ਕਰ ਰਹੀ ਹੈ।




