ਦੋਸਤ ਇੰਡੀਆ ’ਤੇ 25% ਟੈਰਿਫ

0
71

ਰੂਸ ਤੋਂ ਤੇਲ ਲੈਣ ’ਤੇ 25 ਫੀਸਦੀ ਪੈਨਲਟੀ ਵੀ ਦੇਣੀ ਪਵੇਗੀ

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਐਲਾਨਿਆ ਕਿ ‘ਦੋਸਤ’ ਭਾਰਤ ਨੂੰ ਪਹਿਲੀ ਅਗਸਤ ਤੋਂ ਆਪਣੇ ਮਾਲ ’ਤੇ 25 ਫੀਸਦੀ ਟੈਰਿਫ ਦੇਣਾ ਪਵੇਗਾ। ਟਰੰਪ ਨੇ ਕਿਹਾਹਾਲਾਂਕਿ ਭਾਰਤ ਸਾਡਾ ਦੋਸਤ ਹੈ, ਪਰ ਅਸੀਂ ਬੀਤੇ ਸਾਲਾਂ ਵਿੱਚ ਮੁਕਾਬਲਤਨ ਥੋੜ੍ਹਾ ਵਪਾਰ ਕੀਤਾ ਹੈ, ਕਿਉਕਿ ਅਮਰੀਕੀ ਮਾਲ ’ਤੇ ਉਸ ਨੇ ਬਹੁਤ ਉੱਚੇ ਟੈਰਿਫ ਲਾ ਰੱਖੇ ਹਨ। ਇਸ ਤੋਂ ਇਲਾਵਾ ਉਸ ਨੇ ਬਹੁਤੇ ਹਥਿਆਰ ਰੂਸ ਤੋਂ ਖਰੀਦੇ ਹਨ। ਉਹ ਚੀਨ ਦੇ ਨਾਲ-ਨਾਲ ਰੂਸ ਤੋਂ ਤੇਲ ਦਾ ਸਭ ਤੋਂ ਵੱਡਾ ਖਰੀਦਦਾਰ ਹੈ, ਜਦਕਿ ਹਰ ਕੋਈ ਚਾਹੁੰਦਾ ਹੈ ਕਿ ਰੂਸ ਯੂਕਰੇਨ ਵਿੱਚ ਕਤਲੇਆਮ ਬੰਦ ਕਰੇ। ਇਹ ਗੱਲਾਂ ਚੰਗੀਆਂ ਨਹੀਂ! ਇਸ ਕਰਕੇ ਭਾਰਤ ਨੂੰ 25 ਫੀਸਦੀ ਟੈਰਿਫ ਤੋਂ ਇਲਾਵਾ ਰੂਸ ਤੋਂ ਤੇਲ ਖਰੀਦਣ ਕਰਕੇ 25 ਫੀਸਦੀ ਪੈਨਲਟੀ ਵੀ ਭਰਨੀ ਪਵੇਗੀ।
ਟਰੰਪ ਨੇ ਮੰਗਲਵਾਰ ਸਕਾਟਲੈਂਡ ਦੇ ਪੰਜ ਦਿਨਾਂ ਦੌਰੇ ਤੋਂ ਵਾਸ਼ਿੰਗਟਨ ਵਾਪਸ ਆਉਂਦੇ ਸਮੇਂ ਆਪਣੇ ਜਹਾਜ਼ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਭਾਰਤ ਤੋਂ ਆਉਣ ਵਾਲੀਆਂ ਵਸਤਾਂ ’ਤੇ 20 ਤੋਂ 25 ਫੀਸਦੀ ਤੱਕ ਟੈਕਸ ਲੱਗ ਸਕਦਾ ਹੈ, ਕਿਉਕਿ ਦੋਵਾਂ ਦੇਸ਼ਾਂ ਵਿਚਾਲੇ ਵਪਾਰ ਸਮਝੌਤਾ ਅਜੇ ਤੱਕ ਅੰਤਮ ਰੂਪ ਤੱਕ ਨਹੀਂ ਪਹੁੰਚਿਆ।
ਟਰੰਪ ਨੇ ਕਿਹਾ, ‘ਭਾਰਤ ਮੇਰਾ ਦੋਸਤ ਹੈ। ਉਨ੍ਹਾਂ ਮੇਰੀ ਬੇਨਤੀ ’ਤੇ ਪਾਕਿਸਤਾਨ ਨਾਲ ਜੰਗ ਖਤਮ ਕਰ ਦਿੱਤੀ। ਭਾਰਤ ਇੱਕ ਚੰਗਾ ਦੋਸਤ ਰਿਹਾ ਹੈ, ਪਰ ਭਾਰਤ ਨੇ ਲਗਭਗ ਕਿਸੇ ਵੀ ਹੋਰ ਦੇਸ਼ ਨਾਲੋਂ ਵੱਧ ਟੈਕਸ ਲਗਾਏ ਹਨ, ਤੁਸੀਂ ਅਜਿਹਾ ਨਹੀਂ ਕਰ ਸਕਦੇ।’