ਨਵੀਂ ਦਿੱਲੀ : ਹੁਣ ਯਾਤਰੀਆਂ ਨੂੰ ਮਨਪਸੰਦ ਸੀਟਾਂ ਚੁਣਨ ਲਈ ਵਾਧੂ ਪੈਸੇ ਨਹੀਂ ਦੇਣੇ ਪੈਣਗੇ | ਕੇਂਦਰ ਸਰਕਾਰ ਨੇ ਏਅਰਲਾਈਨਾਂ ਨੂੰ ਘਰੇਲੂ ਉਡਾਣਾਂ ਵਿੱਚ 60 ਫੀਸਦੀ ਸੀਟਾਂ ‘ਤੇ ਯਾਤਰੀਆਂ ਤੋਂ ਵਾਧੂ ਚਾਰਜ ਨਾ ਵਸੂਲਣ ਦੇ ਨਿਰਦੇਸ਼ ਜਾਰੀ ਕੀਤੇ ਹਨ | ਬੁੱਧਵਾਰ ਨੂੰ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਕਿਹਾ ਕਿ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (ਡੀ ਜੀ ਸੀ ਏ) ਨੇ ਏਅਰਲਾਈਨਾਂ ਨੂੰ ਕਿਸੇ ਵੀ ਉਡਾਣ ਦੀਆਂ ਘੱਟੋ-ਘੱਟ 60 ਫੀਸਦੀ ਸੀਟਾਂ ਬਿਨਾਂ ਕਿਸੇ ਵਾਧੂ ਚਾਰਜ ਦੇ ਅਲਾਟ ਕਰਨ ਦੇ ਹੁਕਮ ਦਿੱਤੇ ਹਨ | ਇਸ ਤੋਂ ਇਲਾਵਾ ਏਅਰਲਾਈਨਾਂ ਨੂੰ ਕਿਹਾ ਗਿਆ ਹੈ ਕਿ ਇੱਕੋ ਪੀ ਐੱਨ ਆਰ (ਪਸੰਜਰ ਨੇਮ ਰਿਕਾਰਡ) ‘ਤੇ ਯਾਤਰਾ ਕਰਨ ਵਾਲਿਆਂ ਨੂੰ ਫਲਾਈਟ ਵਿੱਚ ਇਕੱਠੇ ਬਿਠਾਇਆ ਜਾਵੇ ਅਤੇ ਜੇ ਸੰਭਵ ਹੋਵੇ ਤਾਂ ਨੇੜਲੀਆਂ ਹੀ ਸੀਟਾਂ ਦਿੱਤੀਆਂ ਜਾਣ | ਇੱਕ ਏਅਰਲਾਈਨ ਅਧਿਕਾਰੀ ਮੁਤਾਬਕ ਹੁਣ ਤੱਕ 20 ਫੀਸਦੀ ਸੀਟਾਂ ਹੀ ਬਿਨਾਂ ਕਿਸੇ ਵਾਧੂ ਚਾਰਜ ਦੇ ਬੁੱਕ ਕੀਤੀਆਂ ਜਾ ਸਕਦੀਆਂ ਸਨ, ਜਦਕਿ ਬਾਕੀ ਸੀਟਾਂ ਲਈ ਭੁਗਤਾਨ ਕਰਨਾ ਪੈਂਦਾ ਸੀ | ਸ਼ਹਿਰੀ ਹਵਾਬਾਜ਼ੀ ਮੰਤਰੀ ਕੇ ਰਾਮਮੋਹਨ ਨਾਇਡੂ ਨੇ ਕਿਹਾ ਕਿ ਖੇਡਾਂ ਦੇ ਸਾਮਾਨ, ਸੰਗੀਤਕ ਸਾਜ਼ਾਂ ਤੇ ਪਾਲਤੂ ਜਾਨਵਰਾਂ ਨੂੰ ਲਿਜਾਣ ਲਈ ਸਪੱਸ਼ਟ, ਪਾਰਦਰਸ਼ੀ ਨਿਯਮ ਅਤੇ ਨੀਤੀਆਂ ਵੀ ਏਅਰਲਾਈਨਾਂ ਨੂੰ ਤਿਆਰ ਕਰਨੀਆਂ ਹੋਣਗੀਆਂ | ਜਹਾਜ਼ ਉੱਡਣ ਵਿੱਚ ਦੇਰੀ ਅਤੇ ਰੱਦ ਹੋਣ ਦੇ ਸਮੇਂ ਯਾਤਰੀਆਂ ਦੇ ਅਧਿਕਾਰਾਂ ਨੂੰ ਸਖਤੀ ਨਾਲ ਲਾਗੂ ਕਰਨਾ ਹੋਵੇਗਾ ਅਤੇ ਉਨ੍ਹਾਂ ਦੀ ਸਪੱਸ਼ਟ ਜਾਣਕਾਰੀ ਦੇਣੀ ਹੋਵੇਗੀ |



