ਨਵੀਂ ਦਿੱਲੀ : ਮਾਹਰਾਂ ਦਾ ਕਹਿਣਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਧਮਕੀਆਂ ਅੱਗੇ ਝੁਕ ਕੇ ਜੇ ਭਾਰਤ ਨੇ ਰੂਸ ਤੋਂ ਕੱਚਾ ਤੇਲ ਖਰੀਦਣਾ ਬੰਦ ਕਰ ਦਿੱਤਾ ਤਾਂ ਇਸ ਦਾ ਸਾਲਾਨਾ ਤੇਲ ਦਰਾਮਦੀ ਬਿੱਲ 9 ਤੋਂ 11 ਅਰਬ ਡਾਲਰ ਤੱਕ ਵਧ ਸਕਦਾ ਹੈ। ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਤੇਲ ਖਪਤਕਾਰ ਤੇ ਦਰਾਮਦਕਾਰ ਹੈ। ਰੂਸ ਦੀ 2022 ਵਿੱਚ ਯੂਕਰੇਨ ਨਾਲ ਜੰਗ ਛਿੜਨ ਤੋਂ ਬਾਅਦ ਪੱਛਮੀ ਦੇਸ਼ ਉਸ ਤੋਂ ਤੇਲ ਨਹੀਂ ਲੈ ਰਹੇ ਤੇ ਭਾਰਤ ਸਸਤੇ ਭਾਅ ਲੈ ਰਿਹਾ ਹੈ। ਜੰਗ ਤੋਂ ਪਹਿਲਾਂ ਭਾਰਤ ਰੂਸ ਤੋਂ ਕੁਲ ਦਰਾਮਦਾਂ ਦਾ ਸਿਰਫ 0.2 ਫੀਸਦੀ ਤੇਲ ਹੀ ਖਰੀਦਦਾ ਸੀ, ਜਿਹੜਾ ਹੁਣ ਵਧ ਕੇ 35-40 ਫੀਸਦੀ ਤੱਕ ਹੋ ਚੁੱਕਾ ਹੈ। ਤੇਲ ਸਸਤਾ ਮਿਲਣ ਨਾਲ ਭਾਰਤ ਨੋਟਪਸਾਰਾ ਰੋਕਣ ਵਿੱਚ ਵੀ ਕਾਫੀ ਹੱਦ ਤੱਕ ਸਫਲ ਰਿਹਾ ਹੈ।
ਭਾਰਤ ਰੂਸ ਤੋਂ ਸਸਤਾ ਕੱਚਾ ਤੇਲ ਤਾਂ ਲੈਂਦਾ ਹੀ ਹੈ, ਉਸ ਨੂੰ ਸਾਫ ਕਰਕੇ ਹੋਰਨਾਂ ਦੇਸ਼ਾਂ ਨੂੰ ਭੇਜ ਕੇ ਵੀ ਮੁਨਾਫਾ ਕਮਾਉਦਾ ਹੈ। ਇਸੇ ਦੌਰਾਨ ਟਰੰਪ ਵੱਲੋਂ ਅਪ੍ਰੈਲ ਵਿੱਚ ਟੈਰਿਫ ਦੇ ਐਲਾਨ ਦੇ ਬਾਅਦ ਭਾਰਤ ਨੇ ਅਮਰੀਕਾ ਤੋਂ ਕੱਚੇ ਤੇਲ ਦੀ ਖਰੀਦ ਦੁੱਗਣੀ ਕਰ ਦਿੱਤੀ ਹੈ। ਅਪ੍ਰੈਲ-ਜੂਨ ਦੀ ਤਿਮਾਹੀ ’ਚ ਅਮਰੀਕਾ ਤੋਂ ਤੇਲ ਖਰੀਦ ਵਿੱਚ ਸਾਲਾਨਾ ਆਧਾਰ ’ਤੇ 114 ਫੀਸਦੀ ਦਾ ਵਾਧਾ ਹੋਇਆ।
2024 ਦੇ ਅਪ੍ਰੈਲ-ਜੂਨ ਵਿੱਚ ਭਾਰਤ ਨੇ ਅਮਰੀਕਾ ਤੋਂ ਕਰੀਬ 15 ਹਜ਼ਾਰ ਕਰੋੜ ਦਾ ਤੇਲ ਖਰੀਦਿਆ ਸੀ, ਜਦਕਿ 2025 ਦੀ ਅਪ੍ਰੈਲ-ਜੂਨ ਵਿੱਚ 32 ਹਜ਼ਾਰ ਕਰੋੜ ਰੁਪਏ ਦਾ ਖਰੀਦਿਆ।


