ਕਮਿਊਨਿਸਟ ਪਾਰਟੀਆਂ ਫਾਸ਼ੀ ਤਾਕਤਾਂ ਦਾ ਟਾਕਰਾ ਕਰਨ ਲਈ ਇੱਕ ਮੰਚ ’ਤੇ ਇਕੱਠੀਆਂ ਹੋਣ : ਬੰਤ ਬਰਾੜ

0
73

ਮੋਗਾ (ਇਕਬਾਲ ਸਿੰਘ ਖਹਿਰਾ)
ਭਾਰਤੀ ਕਮਿਊਨਿਸਟ ਪਾਰਟੀ ਦੇ 25ਵੇਂ ਮਹਾਂ-ਸੰਮੇਲਨ ਦੀ ਕਾਮਯਾਬੀ ਲਈ ਪੰਜਾਬ ਸੂਬੇ ਦਾ ਹਰ ਪਾਰਟੀ ਵਰਕਰ, ਆਗੂ ਅਤੇ ਪਾਰਟੀ ਹਮਦਰਦ ਪੂਰੀ ਤਨਦੇਹੀ, ਲਗਨ ਅਤੇ ਸਖ਼ਤ ਮਿਹਨਤ ਨਾਲ ਲੱਗਿਆ ਹੋਇਆ ਹੈ।ਇਸ ਮਹਾਂ-ਸੰਮੇਲਨ ਨੂੰ ਸਫ਼ਲ ਬਣਾਉਣ ਲਈ ਪੰਜਾਬ ਭਰ ਵਿੱਚ ਮੀਟਿੰਗਾਂ ਅਤੇ ਕੈਂਪ ਲਗਾਏ ਜਾ ਰਹੇ ਹਨ। ਇਸੇ ਲੜੀ ਤਹਿਤ ਇਸ ਸੰਮੇਲਨ ਵਿੱਚ ਵੱਡੀ ਗਿਣਤੀ ਵਿੱਚ ਆ ਰਹੇ ਡੈਲੀਗੇਟਾਂ ਨੂੰ ਹਰ ਤਰ੍ਹਾਂ ਦੀ ਸੁਵਿਧਾ ਦੇਣ ਲਈ ਸਥਾਨਕ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਭਵਨ ਵਿਖੇ ਪਾਰਟੀ ਵਲੰਟੀਅਰਜ਼ ਦਾ ਇਕ ਟ੍ਰੇਨਿੰਗ ਕੈਂਪ ਲਗਾਇਆ ਗਿਆ। ਇਸ ਵਲੰਟੀਅਰ ਕੈਂਪ ਨੂੰ ਵਿਸ਼ੇਸ਼ ਤੌਰ ਤੇ ਸੰਬੋਧਨ ਕਰਨ ਲਈ ਪਹੁੰਚੇ ਸੀ ਪੀ ਆਈ ਦੇ ਸੂਬਾ ਸਕੱਤਰ ਬੰਤ ਸਿੰਘ ਬਰਾੜ ਨੇ ਕਿਹਾ ਕਿ ਹਰ ਚੰਗੇ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਨੌਜਵਾਨਾਂ ਦਾ ਵਿਸ਼ੇਸ਼ ਯੋਗਦਾਨ ਹੁੰਦਾ ਹੈ। ਕਾਮਰੇਡ ਬਰਾੜ ਨੇ ਕਿਹਾ ਕਿ ਪਾਰਟੀ ਦੇ ਕੌਮੀ ਮਹਾਂ-ਸੰਮੇਲਨ ਨੂੰ ਕਾਮਯਾਬ ਬਣਾਉਣ ਲਈ ਪਾਰਟੀ ਦੇ ਨੌਜਵਾਨ ਵਰਗ ਦਾ ਅਹਿਮ ਯੋਗਦਾਨ ਰਹੇਗਾ।ਉਹਨਾ ਕੌਮਾਂਤਰੀ ਸਥਿਤੀ ’ਤੇ ਗੱਲਬਾਤ ਕਰਦਿਆਂ ਕਿਹਾ ਕਿ ਜਿਸ ਦੌਰ ਵਿੱਚ ਅਸੀਂ ਪਾਰਟੀ ਦਾ ਮਹਾਂ-ਸੰਮੇਲਨ ਕਰਨ ਜਾ ਰਹੇ ਹਾਂ, ਉਸ ਦੌਰ ਵਿੱਚ ਕੌਮਾਂਤਰੀ ਪੱਧਰ ’ਤੇ ਆਰਥਿਕ ਲੁੱਟ ਲਈ ਸਰਮਾਏਦਾਰ ਕਾਰਪੋਰੇਟ ਘਰਾਣਿਆਂ ਅਤੇ ਅਮਰੀਕਾ ਵੱਲੋਂ ਇੱਕ ਵੱਡਾ ਜ਼ੁਲਮ ਢਾਹਿਆ ਜਾ ਰਿਹਾ ਹੈ। ਆਰਥਿਕ ਲੁੱਟ ਲਈ ਜੰਗਾਂ ਲਾਈਆਂ ਜਾ ਰਹੀਆਂ ਹਨ। ਔਰਤਾਂ, ਬੱਚਿਆਂ ਅਤੇ ਆਮ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਜਾ ਰਿਹਾ ਹੈ। ਫਲਸਤੀਨ ਵਿੱਚ ਲਗਾਤਾਰ ਲੱਗੀ ਜੰਗ ਦੌਰਾਨ 60 ਹਜ਼ਾਰ ਤੋਂ ਵੱਧ ਔਰਤਾਂ ਅਤੇ ਬੱਚਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ, ਜੋ ਕਿ ਵੱਡਾ ਮਨੁੱਖੀ ਘਾਣ ਹੈ। ਉਹਨਾ ਕਿਹਾ ਕਿ ਅਮਰੀਕਾ ਦਾ ਰਾਸ਼ਟਰਪਤੀ ਡੋਨਾਰਡ ਟਰੰਪ ਦੁਨੀਆ ਦੀ ਆਰਥਿਕਤਾ ’ਤੇ ਕਬਜ਼ਾ ਕਰਨ ਦੀ ਨੀਅਤ ਨਾਲ ਤਬਾਹੀ ਕਰ ਰਿਹਾ ਹੈ, ਜਿਸ ਖ਼ਿਲਾਫ਼ ਦੁਨੀਆ ਭਰ ਦੇ ਇਨਸਾਫਪਸੰਦ ਲੋਕਾਂ ਨੂੰ ਇੱਕ ਮੰਚ ’ਤੇ ਇਕੱਠਾ ਹੋਣਾ ਚਾਹੀਦਾ ਹੈ।
ਕਾਮਰੇਡ ਬਰਾੜ ਨੇ ਕੇਂਦਰ ਵਿੱਚ ਮੋਦੀ ਦੀ ਅਗਵਾਈ ਵਾਲੀ ਬੀ ਜੇ ਪੀ ਦੀ ਸਰਕਾਰ ਬਾਰੇ ਬੋਲਦਿਆਂ ਕਿਹਾ ਕਿ ਮੋਦੀ ਦੀ ਹਕੂਮਤ ਵੀ ਕਾਰਪੋਰੇਟ ਸੈਕਟਰ ਦੇ ਇਸ਼ਾਰੇ ’ਤੇ ਦੇਸ਼ ਵਿੱਚ ਫਾਸ਼ੀਵਾਦੀ ਮਾਹੌਲ ਸਿਰਜ ਕੇ ਲੋਕਾਂ ਖਿਲਾਫ਼ ਜ਼ੁਲਮ ਕਰ ਰਹੀ ਹੈ। ਕੇਂਦਰ ਸਰਕਾਰ ਵੱਲੋਂ ਸੰਵਿਧਾਨ ’ਤੇ ਹਮਲਾ ਕਰਕੇ ਉਸ ਨੂੰ ਬਦਲਣ ਦੀ ਕੋਝੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਮਿਊਨਿਸਟ ਏਕਤਾ ਬਾਰੇ ਬੋਲਦਿਆਂ ਉਹਨਾ ਕਿਹਾ ਕਿ ਸੀ ਪੀ ਆਈ ਦਾ ਕੌਮੀ ਮਹਾਂ-ਸੰਮੇਲਨ ਇਸ ਗੱਲ ਦਾ ਸੱਦਾ ਦੇ ਰਿਹਾ ਹੈ ਕਿ ਦੇਸ਼ ਪੱਧਰ ’ਤੇ ਕਮਿਊਨਿਸਟ ਮੌਜੂਦਾ ਫਾਸ਼ੀਵਾਦੀ ਤਾਕਤਾਂ ਦਾ ਟਾਕਰਾ ਕਰਨ ਲਈ ਇੱਕ ਪਲੇਟਫਾਰਮ ’ਤੇ ਇਕੱਠੇ ਹੋਣ। ਕਮਿਊਨਿਸਟ ਪਾਰਟੀਆਂ ਨੂੰ ਇੱਕ ਪਲੇਟਫਾਰਮ ’ਤੇ ਇਕੱਠਾ ਕਰਨ ਦਾ ਸੀ ਪੀ ਆਈ ਪਹਿਲਾਂ ਦੀ ਤਰ੍ਹਾਂ ਇਸ ਵਾਰ ਵੀ ਆਪਣਾ ਅਗਾਂਹਵਧੂ ਯਤਨ ਜਾਰੀ ਰੱਖੇਗੀ।
ਇਸ ਮੌਕੇ ਕਾਮਰੇਡ ਜਗਰੂਪ, ਕੁਲਦੀਪ ਭੋਲਾ, ਹੰਸ ਰਾਜ ਗੋਲਡਨ, ਸੁਖਜਿੰਦਰ ਮਹੇਸਰੀ, ਸੁਰਿੰਦਰ ਢੰਡੀਆਂ, ਪਰਮਜੀਤ ਢਾਬਾਂ, ਕਰਮਵੀਰ ਕੌਰ ਬੱਧਨੀ, ਸੁਖਵਿੰਦਰ ਮਲੋਟ, ਰਮਨ ਧਰਮੂ ਵਾਲਾ, ਗੁਰਜੀਤ ਕੌਰ ਸਰਦੂਲਗੜ੍ਹ ਅਤੇ ਰਾਹੁਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਵੀ ਸੰਬੋਧਨ ਕੀਤਾ।