ਸ੍ਰੀਨਗਰ : ਸਪਾਈਸਜੈੱਟ ਏਅਰਲਾਈਨ ਨੇ ਇੱਕ ਯਾਤਰੀ ਵੱਲੋਂ ਸ੍ਰੀਨਗਰ ਹਵਾਈ ਅੱਡੇ ’ਤੇ ਉਸ ਦੇ ਚਾਰ ਮੁਲਾਜ਼ਮਾਂ ’ਤੇ ਹਮਲਾ ਕੀਤੇ ਜਾਣ ਦਾ ਦਾਅਵਾ ਕੀਤਾ ਹੈ। ਏਅਰਲਾਈਨ ਦੇ ਤਰਜਮਾਨ ਨੇ ਕਿਹਾ ਕਿ ਇਹ ਘਟਨਾ 26 ਜੁਲਾਈ ਦੀ ਹੈ, ਜਦੋਂ ਯਾਤਰੀ ਨੇ ਸ੍ਰੀਨਗਰ ਤੋਂ ਦਿੱਲੀ ਜਾ ਰਹੀ ਉਡਾਣ ਦੌਰਾਨ ਗੇਟ ’ਤੇ ਸਪਾਈਸਜੈੱਟ ਦੇ ਚਾਰ ਮੁਲਾਜ਼ਮਾਂ ’ਤੇ ਮੁੱਕਿਆਂ ਨਾਲ ਹਮਲਾ ਕੀਤਾ। ਉਹ ਲਗਾਤਾਰ ਠੁੱਡੇ ਮਾਰਦਾ ਰਿਹਾ ਤੇ ਉਸ ਨੇ ਹਮਲੇ ਲਈ ਕਿਊ ਸਟੈਂਡ ਵੀ ਵਰਤਿਆ, ਜਿਸ ਕਰਕੇ ਸਾਡੇ ਸਟਾਫ ਮੈਂਬਰਾਂ ਦੀ ਰੀੜ੍ਹ ਦੀ ਹੱਡੀ ਵਿੱਚ ਫਰੈਕਚਰ ਤੇ ਜਬਾੜੇ੍ਹ ’ਤੇ ਗੰਭੀਰ ਸੱਟਾਂ ਲੱਗੀਆਂ ਹਨ। ਤਰਜਮਾਨ ਨੇ ਦਾਅਵਾ ਕੀਤਾ ਕਿ ਸਪਾਈਸਜੈੱਟ ਦਾ ਇਕ ਮੁਲਾਜ਼ਮ ਬੇਸੁੱਧ ਹੋ ਕੇ ਜ਼ਮੀਨ ਉੱਤੇ ਡਿੱਗ ਪਿਆ, ਪਰ ਯਾਤਰੀ ਇਸ ਮੁਲਾਜ਼ਮ ਨੂੰ ਲਗਾਤਾਰ ਠੁੱਡੇ ਮਾਰਦਾ ਰਿਹਾ। ਤਰਜਮਾਨ ਨੇ ਕਿਹਾ, ‘ਇਕ ਹੋਰ ਸਟਾਫ ਮੈਂਬਰ, ਜਿਸ ਦੇ ਜਬਾੜ੍ਹੇ ’ਤੇ ਯਾਤਰੀ ਨੇ ਜ਼ੋਰ ਦੀ ਠੁੱਡ ਮਾਰਿਆ, ਦੇ ਨੱਕ ਤੇ ਮੂੰਹ ’ਚੋਂ ਖੂਨ ਵਗ ਰਿਹਾ ਸੀ। ਇਹ ਸਟਾਫ ਮੈਂਬਰ ਬੇਸੁਧ ਹੋ ਕੇ ਡਿੱਗੇ ਆਪਣੇ ਸਾਥੀ ਦੀ ਮਦਦ ਲਈ ਹੇਠਾਂ ਝੁਕਿਆ ਸੀ। ਇਨ੍ਹਾਂ ਜ਼ਖਮੀ ਮੁਲਾਜ਼ਮਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀਆਂ ਗੰਭੀਰ ਸੱਟਾਂ ਦਾ ਇਲਾਜ ਕੀਤਾ ਜਾ ਰਿਹਾ ਹੈ।’
ਏਅਰਲਾਈਨਜ਼ ਨੇ ਦੱਸਿਆ ਕਿ ਯਾਤਰੀ, ਜੋ ਇੱਕ ਫੌਜੀ ਅਧਿਕਾਰੀ ਹੈ, ਕੁੱਲ 16 ਕਿੱਲੋ ਵਜ਼ਨ ਦੇ ਦੋ ਕੈਬਿਨ ਬੈਗੇਜ ਲੈ ਕੇ ਜਾ ਰਿਹਾ ਸੀ, ਜੋ ਕਿ 7 ਕਿੱਲੋ ਦੀ ਨਿਰਧਾਰਤ ਹੱਦ ਨਾਲੋਂ ਦੁੱਗਣੇ ਤੋਂ ਵੀ ਵੱਧ ਸੀ। ਜਦੋਂ ਨਿਮਰਤਾ ਨਾਲ ਵਾਧੂ ਸਾਮਾਨ ਬਾਰੇ ਦੱਸਿਆ ਗਿਆ ਅਤੇ ਲਾਗੂ ਖਰਚੇ ਦਾ ਭੁਗਤਾਨ ਕਰਨ ਲਈ ਕਿਹਾ ਗਿਆ, ਤਾਂ ਯਾਤਰੀ ਨੇ ਇਨਕਾਰ ਕਰ ਦਿੱਤਾ ਅਤੇ ਬੋਰਡਿੰਗ ਪ੍ਰਕਿਰਿਆ ਨੂੰ ਪੂਰਾ ਕੀਤੇ ਬਿਨਾਂ ਜ਼ਬਰਦਸਤੀ ਏਅਰੋਬਿ੍ਰਜ ਵਿੱਚ ਦਾਖਲ ਹੋ ਗਿਆ, ਜੋ ਕਿ ਹਵਾਬਾਜ਼ੀ ਸੁਰੱਖਿਆ ਪ੍ਰੋਟੋਕੋਲ ਦੀ ਸਪੱਸ਼ਟ ਉਲੰਘਣਾ ਹੈ। ਉਸ ਨੂੰ ਸੀ ਆਈ ਐੱਸ ਐੱਫ ਦੇ ਇੱਕ ਅਧਿਕਾਰੀ ਵੱਲੋਂ ਗੇਟ ਤੱਕ ਵਾਪਸ ਲਿਜਾਇਆ ਗਿਆ। ਗੇਟ ’ਤੇ ਪਹੁੰਚ ਕੇ ਯਾਤਰੀ ਹੋਰ ਵੀ ਹਮਲਾਵਰ ਹੋ ਗਿਆ ਅਤੇ ਉਸ ਨੇ ਸਪਾਈਸਜੈੱਟ ਦੇ ਗਰਾਊਂਡ ਸਟਾਫ ਦੇ ਚਾਰ ਮੈਂਬਰਾਂ ’ਤੇ ਸਰੀਰਕ ਹਮਲਾ ਕੀਤਾ। ਏਅਰਲਾਈਨ ਨੇ ਸਥਾਨਕ ਪੁਲਸ ਕੋਲ ਐੱਫ ਆਈ ਆਰ ਦਰਜ ਕੀਤੀ ਹੈ ਅਤੇ ਨਾਗਰਿਕ ਹਵਾਬਾਜ਼ੀ ਨਿਯਮਾਂ ਅਨੁਸਾਰ ਯਾਤਰੀ ਨੂੰ ਨੋ-ਫਲਾਈ ਸੂਚੀ ਵਿੱਚ ਰੱਖਣ ਦਾ ਅਮਲ ਸ਼ੁਰੂ ਕਰ ਦਿੱਤਾ ਹੈ। ਸਪਾਈਸਜੈੱਟ ਨੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੂੰ ਪੱਤਰ ਲਿਖ ਕੇ ਆਪਣੇ ਸਟਾਫ ’ਤੇ ਹੋਏ ਹਮਲੇ ਬਾਰੇ ਜਾਣੂ ਕਰਵਾਇਆ ਹੈ ਅਤੇ ਯਾਤਰੀ ਵਿਰੁੱਧ ਢੁਕਵੀਂ ਕਾਰਵਾਈ ਦੀ ਬੇਨਤੀ ਕੀਤੀ ਹੈ।





