ਬਿਹਾਰ ’ਚ ਸੁਧਾਈ ਪ੍ਰਕਿਰਿਆ ਵੋਟਰ-ਫਰੈਂਡਲੀ : ਸੁਪਰੀਮ ਕੋਰਟ

0
109

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਬੁੱਧਵਾਰ ਕਿਹਾ ਕਿ ਬਿਹਾਰ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੋਧ (ਐੱਸ ਆਈ ਆਰ) ਲਈ ਇੱਕ ਵੋਟਰ ਵੱਲੋਂ ਜਮ੍ਹਾਂ ਕਰਾਉਣ ਲਈ ਲੋੜੀਂਦੇ 11 ਦਸਤਾਵੇਜ਼ਾਂ ਦਾ ਵਿਕਲਪ ਵੋਟਰ-ਅਨੁਕੂਲ (ਵੋਟਰ ਫਰੈਂਡਲੀ) ਹੈ, ਜਦੋਂਕਿ ਪਹਿਲਾਂ ਕੀਤੀ ਗਈ ਸੰਖੇਪ ਸੁਧਾਈ ਵਿੱਚ ਸਿਰਫ 7 ਦਸਤਾਵੇਜ਼ ਸਨ।
ਚੋਣ ਕਮਿਸ਼ਨ ਦੇ ਬਿਹਾਰ ਵਿੱਚ ਐੱਸ ਆਈ ਆਰ ਕਰਵਾਉਣ ਦੇ 24 ਜੂਨ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਦੇ ਬੈਚ ’ਤੇ ਜਸਟਿਸ ਸੂਰੀਆ ਕਾਂਤ ਅਤੇ ਜਸਟਿਸ ਜੋਏਮਲਿਆ ਬਾਗਚੀ ਦੀ ਬੈਂਚ ਨੇ ਸੁਣਵਾਈ ਦੌਰਾਨ ਕਿਹਾ ਕਿ ਪਟੀਸ਼ਨਰਾਂ ਦੇ ਇਸ ਤਰਕ ਕਿ ‘ਆਧਾਰ’ ਨੂੰ ਨਾ ਮੰਨਣਾ ਇੱਕ ‘ਨਿਖੇੜਾਕਾਰੀ ਕਾਰਵਾਈ’ ਸੀ, ਦੇ ਬਾਵਜੂਦ ਜਾਪਦਾ ਹੈ ਕਿ ਇਸ ਸੰਬੰਧ ਵਿਚ ਦਿੱਤਾ ਗਿਆ ਵੱਡੀ ਗਿਣਤੀ ਦਸਤਾਵੇਜ਼ਾਂ ਦਾ ਵਿਕਲਪ ਅਸਲ ਵਿੱਚ ‘ਸ਼ਮੂਲੀਅਤਕਾਰੀ’ ਹੈ।
ਬੈਂਚ ਨੇ ਕਿਹਾ, ‘‘ਰਾਜ ਵਿੱਚ ਪਹਿਲਾਂ ਕੀਤੀ ਗਈ ਸੰਖੇਪ ਸੁਧਾਈ ਵਿੱਚ ਦਸਤਾਵੇਜ਼ਾਂ ਦੀ ਗਿਣਤੀ ਸੱਤ ਸੀ ਅਤੇ ਐੱਸ ਆਈ ਆਰ ਵਿੱਚ ਇਹ 11 ਹੈ, ਜੋ ਦਰਸਾਉਂਦਾ ਹੈ ਕਿ ਇਹ ਕਾਰਵਾਈ ਵੋਟਰ ਅਨੁਕੂਲ ਹੈ। ਅਸੀਂ ਤੁਹਾਡੇ ਇਸ ਤਰਕ ਨੂੰ ਸਮਝਦੇ ਹਾਂ ਕਿ ‘ਆਧਾਰ’ ਨੂੰ ਨਾ ਮੰਨਣਾ ਇੱਕ ਨਿਖੇੜਾਕਾਰੀ ਕਾਰਵਾਈ ਹੈ, ਪਰ ਵੱਡੀ ਗਿਣਤੀ ਦਸਤਾਵੇਜ਼ ਅਸਲ ਵਿੱਚ ਸ਼ਮੂਲੀਅਤਕਾਰੀ ਹਨ।’’
ਸੁਪਰੀਮ ਕੋਰਟ ਨੇ ਨੋਟ ਕੀਤਾ ਕਿ ਵੋਟਰਾਂ ਨੂੰ 11 ਦਸਤਾਵੇਜ਼ਾਂ ਦੀ ਸੂਚੀ ਵਿੱਚੋਂ ਕੋਈ ਵੀ ਇੱਕ ਦਸਤਾਵੇਜ਼ ਜਮ੍ਹਾਂ ਕਰਾਉਣ ਦੀ ਲੋੜ ਹੈ। ਪਟੀਸ਼ਨਰਾਂ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਅਭਿਸ਼ੇਕ ਮਨੂ ਸਿੰਘਵੀ ਨੇ ਅਸਹਿਮਤੀ ਪ੍ਰਗਟਾਈ ਅਤੇ ਕਿਹਾ ਕਿ ਦਸਤਾਵੇਜ਼ਾਂ ਦੀ ਗਿਣਤੀ ਜ਼ਿਆਦਾ ਹੋ ਸਕਦੀ ਹੈ, ਪਰ ਉਨ੍ਹਾਂ ਦਾ ਘੇਰਾ ਬਹੁਤ ਘੱਟ ਹੈ।
ਵੋਟਰਾਂ ਕੋਲ ਪਾਸਪੋਰਟ ਦੀ ਉਪਲੱਬਧਤਾ ਦੀ ਮਿਸਾਲ ਦਿੰਦਿਆਂ ਸਿੰਘਵੀ ਨੇ ਕਿਹਾ ਕਿ ਬਿਹਾਰ ਵਿੱਚ ਇਹ ਸਿਰਫ ਇੱਕ ਤੋਂ ਦੋ ਫੀਸਦੀ ਹੈ ਅਤੇ ਰਾਜ ਵਿੱਚ ਦਿੱਤੇ ਗਏ ਸਥਾਈ ਨਿਵਾਸੀ ਸਰਟੀਫਿਕੇਟਾਂ ਲਈ ਉਨ੍ਹਾਂ ਕੋਲ ਕੋਈ ਵਿਵਸਥਾ ਨਹੀਂ। ਉਨ੍ਹਾ ਕਿਹਾ, ‘ਜੇ ਅਸੀਂ ਬਿਹਾਰ ਵਿੱਚ ਆਬਾਦੀ ਕੋਲ ਦਸਤਾਵੇਜ਼ਾਂ ਦੀ ਉਪਲੱਬਧਤਾ ਨੂੰ ਦੇਖੀਏ ਤਾਂ ਇਹ ਆਖਿਆ ਜਾ ਸਕਦਾ ਹੈ ਕਿ ਕਵਰੇਜ ਬਹੁਤ ਘੱਟ ਹੈ।’ ਬੈਂਚ ਨੇ ਕਿਹਾ ਕਿ ਰਾਜ ਵਿੱਚ 36 ਲੱਖ ਪਾਸਪੋਰਟ ਧਾਰਕਾਂ ਦੀ ਕਵਰੇਜ ਚੰਗੀ ਜਾਪਦੀ ਹੈ। ਜਸਟਿਸ ਬਾਗਚੀ ਨੇ ਇਸ਼ਾਰਾ ਕੀਤਾ, ‘ਦਸਤਾਵੇਜ਼ਾਂ ਦੀ ਸੂਚੀ ਆਮ ਤੌਰ ’ਤੇ ਵੱਧ ਤੋਂ ਵੱਧ ਕਵਰੇਜ ਨੂੰ ਯਕੀਨੀ ਬਣਾਉਣ ਲਈ ਵੱਖ-ਵੱਖ ਸਰਕਾਰੀ ਵਿਭਾਗਾਂ ਤੋਂ ਫੀਡਬੈਕ ਲੈਣ ਤੋਂ ਬਾਅਦ ਤਿਆਰ ਕੀਤੀ ਜਾਂਦੀ ਹੈ।’
ਇਸ ਤੋਂ ਪਹਿਲਾਂ 12 ਅਗਸਤ ਨੂੰ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਵੋਟਰ ਸੂਚੀਆਂ ਵਿੱਚ ਨਾਗਰਿਕਾਂ ਜਾਂ ਗੈਰ-ਨਾਗਰਿਕਾਂ ਨੂੰ ਸ਼ਾਮਲ ਕਰਨਾ ਅਤੇ ਕੱਢਣਾ ਚੋਣ ਕਮਿਸ਼ਨ ਦੇ ਅਧਿਕਾਰ ਖੇਤਰ ਵਿੱਚ ਹੈ ਅਤੇ ਬੈਂਚ ਨੇ ਬਿਹਾਰ ਵਿੱਚ ਵੋਟਰ ਸੂਚੀਆਂ ਦੇ ਐੱਸ ਆਈ ਆਰ ਵਿੱਚ ਨਾਗਰਿਕਤਾ ਦੇ ਪੱਕੇ ਸਬੂਤ ਵਜੋਂ ਆਧਾਰ ਅਤੇ ਵੋਟਰ ਕਾਰਡ ਨੂੰ ਸਵੀਕਾਰ ਨਾ ਕਰਨ ਦੇ ਚੋਣ ਕਮਿਸ਼ਨ ਦੇ ਸਟੈਂਡ ਦਾ ਸਮਰਥਨ ਕੀਤਾ।