ਅੱਠ ਸਾਲਾਂ ਤੋਂ ਗੁੰਮ ਰਜਿਸਟਰ ਨਹੀਂ ਲੱਭਾ, 400 ਵਾਹਨਾਂ ਦੇ ਮਾਲਕ ਮੁਸੀਬਤ ’ਚ

0
88

ਸ਼ਾਹਕੋਟ (ਗਿਆਨ ਸੈਦਪੁਰੀ)
ਵੱਖ-ਵੱਖ ਵਾਹਨਾਂ ਦੇ ਰਜਿਸਟਰੇਸ਼ਨ ਨੰਬਰਾਂ ਵਾਲਾ ਇੱਕ ਰਜਿਸਟਰ ਗੁੰਮ ਹੋਣ ਤੋਂ 8 ਸਾਲ ਬਾਅਦ ਵੀ ਨਾ ਲੱਭਣ ਕਾਰਨ 400 ਵਾਹਨਾਂ ਦੀ ਆਨਲਾਈਨ ਰਜਿਸਟਰੇਸ਼ਨ ਨਾ ਹੋ ਸਕੇ ਤਾਂ ਵਾਹਨਾਂ ਦੇ ਮਾਲਕਾਂ ਦੀ ਖੱਜਲ-ਖੁਆਰੀ ਲਈ ਕੌਣ ਜ਼ਿੰਮੇਵਾਰ ਹੈੈ? ਸਬ ਡਵੀਜ਼ਨ ਸ਼ਾਹਕੋਟ ਵਿੱਚ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜੋ ਸਟੇਟ ਟ੍ਰਾਂਸਪੋਰਟ ਵਿਭਾਗ ਦੀ ਅਣਗਹਿਲੀ ਜਾਂ ਲਾਪ੍ਰਵਾਹੀ ਵੱਲ ਸੰਕੇਤ ਕਰਦਾ ਹੈ।
2013 ਵਿੱਚ ਵਾਹਨਾਂ ਦੀ ਰਜਿਸਟਰੇਸ਼ਨ ਵਗੈਰਾ ਦਾ ਕੰਮ ਸਬ ਡਵੀਜ਼ਨਾਂ ਤੋਂ ਜ਼ਿਲ੍ਹਾ ਸਦਰ ਮੁਕਾਮਾਂ ’ਤੇ ਸ਼ਿਫਟ ਕਰ ਦਿੱਤਾ ਗਿਆ ਸੀ। ਜ਼ਿਲ੍ਹਾ ਪੱਧਰ ਦੇ ਦਫਤਰਾਂ ਵਿੱਚ ਭੀੜ-ਭੜੱਕਾ ਵਧਣ ਦੇ ਮੱਦੇਨਜ਼ਰ ਇਹ ਕੰਮ 2017 ਵਿੱਚ ਫਿਰ ਸਬ ਡਵੀਜ਼ਨਾਂ ਨੂੰ ਸੌਂਪ ਦਿੱਤਾ ਗਿਆ ਸੀ.। ਰਿਜ਼ਨਲ ਟਰਾਂਸਪੋਰਟ ਦਫਤਰ ਜਲੰਧਰ ਵੱਲੋਂ ਰਿਕਾਰਡ ਸਬ ਡਵੀਜ਼ਨ ਸ਼ਾਹਕੋਟ ਨੂੰ ਵਾਪਸ ਦੇਣ ਮੌਕੇ ਇੱਕ ਰਜਿਸਟਰ ਗੁੰਮ ਪਾਇਆ ਗਿਆ। ਇਸ ਰਜਿਸਟਰ ਵਿੱਚ 400 ਵਾਹਨਾਂ ਦੇ ਰਜਿਸਟਰੇਸ਼ਨ ਨੰਬਰ ਦਰਜ ਹਨ। ਇਨ੍ਹਾਂ ਵਾਹਨਾਂ ਦੇ ਮਾਲਕ ਜਦੋਂ ਐੱਸ ਡੀ ਐੱਮ ਦਫਤਰ ਸ਼ਾਹਕੋਟ ਵਿਖੇ ਆਨਲਾਈਨ ਰਜਿਸਟਰੇਸ਼ਨ ਕਰਵਾਉਣ ਲਈ ਜਾਂਦੇ ਹਨ ਤਾਂ ਉਨ੍ਹਾਂ ਨੂੰ ਨਿਰਾਸ਼ ਮੁੜਨਾ ਪੈਂਦਾ ਹੈ। ਐੱਸ.ਡੀ.ਐੱਮ. ਦਫਤਰ ਵੱਲੋਂ ਰਿਕਾਰਡ ਉਪਲੱਬਧ ਨਾ ਹੋਣ ਦੀ ਮਜਬੂਰੀ ਦੱਸ ਕੇ ਵਾਹਨਾਂ ਵਾਲਿਆਂ ਨੂੰ ਵਾਪਸ ਮੋੜ ਦਿੱਤਾ ਜਾਂਦਾ ਹੈ।
ਸਾਬਕਾ ਸੈਨਿਕ ਸੁਰਜੀਤ ਸਿੰਘ ਨੇ ਦੱਸਿਆ ਕਿ ਉਸ ਕੋਲ ਇੱਕ ਮੋਟਰ ਸਾਈਕਲ ਹੀਰੋ ਹਾਂਡਾ ਡੀਲੈਕਸ ਹੈ, ਜਿਸ ਦਾ ਰਜਿਸਟਰੇਸ਼ਨ ਨੰਬਰ ਪੀ ਬੀ 67 ਬੀ 7606 ਹੈ ਅਤੇ ਇੱਕ ਮਾਰੂਤੀ ਸੁਜੂਕੀ ਆਲਟੋ ਕਾਰ ਹੈ, ਜਿਸ ਦਾ ਰਜਿਸਟਰੇਸ਼ਨ ਨੰਬਰ ਪੀ ਬੀ 67 ਬੀ 7607 ਹੈ। ਉਹ ਇਨ੍ਹਾਂ ਦੋਹਾਂ ਵਹੀਕਲਾਂ ਨੂੰ ਆਨਲਾਈਨ ਕਰਵਾਉਣ ਲਈ ਪਿਛਲੇ ਪੰਜ ਸਾਲ ਤੋਂ ਖੱਜਲ ਹੋ ਰਿਹਾ ਹੈ। ਉਸ ਅਨੁਸਾਰ ਹਰ ਵਾਰ ਉਸ ਨੂੰ ਇਹ ਕਹਿ ਕੇ ਵਾਪਸ ਮੋੜ ਦਿੱਤਾ ਜਾਂਦਾ ਹੈ ਕਿ ਉਨ੍ਹਾਂ ਦੀ ਰਜਿਸਟਰੇਸ਼ਨ ਵਾਲਾ ਰਜਿਸਟਰ ਨਹੀਂ ਮਿਲ ਰਿਹਾ, ਜੋ ਆਰ ਟੀ ਓ ਦਫਤਰ ਜਲੰਧਰ ਤੋਂ ਗੁੰਮ ਹੈ। ਸੁਰਜੀਤ ਸਿੰਘ ਨੇ ਦੱਸਿਆ ਕਿ ਨਾ ਉਹ ਇਨ੍ਹਾਂ ਵਹੀਕਲਾਂ ਨੂੰ ਵੇਚ ਸਕਦਾ ਹੈ ਤੇ ਨਾ ਇਨ੍ਹਾਂ ਦੀ ਆਰ ਸੀ ਦੀ ਮਿਆਦ ਵਧਾ ਸਕਦਾ ਹਾਂ। ਇਹੋ ਸਥਿਤੀ ਬਾਕੀ ਦੇ ਲੱਗਭੱਗ 400 ਵਹੀਕਲ ਮਾਲਕਾਂ ਦੀ ਹੈ। ਇਨ੍ਹਾਂ ਵਹੀਕਲਾਂ ਦੇ ਰਜਿਸਟਰੇਸ਼ਨ ਦੇ ਰਜਿਸਟਰ ਦਾ ਨੰਬਰ 20 ਹੈ ਅਤੇ ਇਸ ਵਿੱਚ 7601 ਤੋਂ 8000 ਤੱਕ ਨੰਬਰ ਦਰਜ ਹਨ। ਇਸ ਸੰਬੰਧ ਐੱਸ ਡੀ ਐੱਮ ਦਫਤਰ ਸ਼ਾਹਕੋਟ ਦੇ ਸੰਬੰਧਤ ਮੁਲਾਜ਼ਮ ਅੰਕਿਤ ਗੁਪਤਾ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਗੁੰਮ ਹੋਏ ਰਜਿਸਟਰ ਬਾਰੇ ਹੋਈ ਖਤੋ-ਖਤਾਬਤ ਸੰਬੰਧੀ ਜਾਣਕਾਰੀ ਦਿੱਤੀ। ਗੁਪਤਾ ਨੇ ਦੱਸਿਆ ਕਿ ਉਨ੍ਹਾਂ ਦੇ ਦਫਤਰ ਵੱਲੋਂ ਸਟੇਟ ਟਰਾਂਸਪੋਰਟ ਕਮਿਸ਼ਨਰ ਚੰਡੀਗੜ੍ਹ ਨੂੰ ਲਿਖਿਆ ਜਾ ਚੁੱਕਾ ਹੈ ਕਿ ਜੇਕਰ ਗੁੰਮ ਹੋਇਆ ਰਜਿਸਟਰ ਨਹੀਂ ਲੱਭਦਾ ਤਾਂ ਉਸ ਸੀਰੀਜ਼ ਦੇ ਨੰਬਰਾਂ ਨੂੰ ਵਾਹਨ ਪੋਰਟਲ ਵਿੱਚ ਆਨਲਾਈਨ ਕਰਨ ਸੰਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣ। ਅੰਕਿਤ ਗੁਪਤਾ ਨੇ ਕਿਹਾ ਕਿ ਉਹ ਦਿਸ਼ਾ-ਨਿਰਦੇਸ਼ਾਂ ਦੀ ਇੰਤਜ਼ਾਰ ਵਿੱਚ ਹਨ।
ਇਸ ਸੰਬੰਧ ਵਿੱਚ ਐੱਸ ਡੀ ਐੱਮ ਸ਼ਾਹਕੋਟ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਨ੍ਹਾਂ ਨੇ ਫੋਨ ਨਹੀਂ ਉਠਾਇਆ। ਸਟੇਟ ਟਰਾਂਸਪੋਰਟ ਕਮਿਸ਼ਨਰ ਦਫਤਰ ਚੰਡੀਗੜ੍ਹ ਦੇ ਟੈਲੀਫੋਨ ਨੰਬਰ 0172 4644866 ’ਤੇ ਸੰਪਰਕ ਕਰਨ ਦੀ ਵਾਰ-ਵਾਰ ਕੋਸ਼ਿਸ਼ ਕੀਤੀ ਗਈ, ਪਰ ਗੱਲ ਨਹੀਂ ਹੋ ਸਕੀ।
ਗੁੰਮ ਹੋਏ ਰਜਿਸਟਰ ਵਿੱਚ ਦਰਜ ਨੰਬਰਾਂ ਵਾਲੇ ਵਹੀਕਲਾਂ ਦੇ ਮਾਲਕਾਂ ਦੀ ਜ਼ੋਰਦਾਰ ਮੰਗ ਹੈ ਕਿ ਉਨ੍ਹਾਂ ਕੋਲ ਉਪਲੱਬਧ ਦਸਤਾਵੇਜ਼ਾਂ ਦੇ ਅਧਾਰ ’ਤੇ ਨਵਾਂ ਰਜਿਸਟਰ ਬਣਾ ਕੇ ਰਜਿਸਟਰੇਸ਼ਨ ਆਨਲਾਈਨ ਕੀਤੀ ਜਾਵੇ।