ਲੁਧਿਆਣਾ (ਐੱਮ ਐੱਸ ਭਾਟੀਆ)
ਦਸ ਕੇਂਦਰੀ ਟਰੇਡ ਯੂਨੀਅਨਾਂ ਤੇ ਸੰਯੁਕਤ ਕਿਸਾਨ ਮੋਰਚਾ ਵੱਲੋਂ ਸਾਂਝੇ ਤੌਰ ’ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਭਾਰਤ ’ਤੇ 25 ਫੀਸਦੀ ਟੈਰਿਫ ਲਗਾਉਣ ਅਤੇ ਰੂਸ ਨਾਲ ਤੇਲ ਵਪਾਰ ਸੌਦੇ ਲਈ ਦੰਡਕਾਰੀ ਟੈਕਸ ਲਗਾਉਣ ਦੀਆਂ ਹਾਲੀਆ ਧਮਕੀਆਂ ਦੀ ਸਖਤ ਨਿੰਦਾ ਕਰਦਿਆਂ ਅਤੇ ਭਾਰਤ- ਯੂ ਕੇ ਵਿਆਪਕ ਆਰਥਕ ਵਪਾਰ ਸਮਝੌਤੇ (ਸੀ ਈ ਟੀ ਏ) ਨੂੰ ਰੱਦ ਕਰਾਉਣ ਲਈ ਦੇਸ਼ ਭਰ ਵਿੱਚ ਰੋਸ ਪ੍ਰਦਰਸ਼ਨ ਕਰਨ ਦੇ ਸੱਦੇ ਦੇ ਹਿੱਸੇ ਵਜੋਂ ਬੁੱਧਵਾਰ ਕਚਹਿਰੀਆਂ ਦੇ ਸਾਹਮਣੇ ਏਟਕ, ਇੰਟਕ, ਸੀਟੂ, ਸੀ ਟੀ ਯੂ ਪੰਜਾਬ ਅਤੇ ਐੱਸ ਕੇ ਐੱਮ ਵੱਲੋਂ ਸਾਂਝੇ ਤੌਰ ਤੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਸਾੜਿਆ ਗਿਆ।
ਰੋਸ ਪ੍ਰਦਰਸ਼ਨ ਦੌਰਾਨ ਕੀਤੀ ਗਈ ਰੈਲੀ ਵਿੱਚ ਬੋਲਦਿਆਂ ਆਗੂਆਂ ਨੇ ਕਿਹਾ ਕਿ ਇਸ ਆਰਥਕ ਧੱਕੇਸ਼ਾਹੀ ਦਾ ਉਦੇਸ਼ ਭਾਰਤ ਨੂੰ ਰੂਸ ਨਾਲ ਇਸ ਦੇ ਵਪਾਰਕ ਸੰਬੰਧਾਂ ਦੇ ਖਿਲਾਫ ਧੌਂਸ ਦਿਖਾਉਣਾ ਹੈ। ਇਹ ਧਮਕੀ ਭਰਿਆ ਰਵੱਈਆ ਅਮਰੀਕੀ ਵਪਾਰ ਨੀਤੀਆਂ ਦੇ ਪਖੰਡ ਨੂੰ ਬੇਨਕਾਬ ਕਰਦਾ ਹੈ, ਜੋ ਅਮਰੀਕੀ ਕਾਰਪੋਰੇਸ਼ਨਾਂ ਲਈ ਖੁੱਲ੍ਹੇ ਬਾਜ਼ਾਰਾਂ ਦੀ ਮੰਗ ਕਰਦੀਆਂ ਹਨ, ਜਦੋਂ ਕਿ ਅਮਰੀਕਾ ਪ੍ਰਭੂਸੱਤਾ ਸੰਪੰਨ ਦੇਸ਼ਾਂ ਨੂੰ ਟੈਰਿਫ ਰੂਪੀ ਹਥਿਆਰ ਦੀ ਵਰਤੋਂ ਕਰਕੇ ਧਮਕਾ ਰਿਹਾ ਹੈ। ਆਗੂਆਂ ਕਿਹਾ ਕਿ ਭਾਰਤ ਸਰਕਾਰ ਦਾ ਇਨ੍ਹਾਂ ਖਤਰਿਆਂ ਪ੍ਰਤੀ ਡਰਪੋਕ ਜਿਹਾ ਰਵੱਈਆ ਅਖਤਿਆਰ ਕਰਨਾ ਚਿੰਤਾਜਨਕ ਹੈ, ਜੋ ਪੱਛਮੀ ਸਾਮਰਾਜੀ ਹਿੱਤਾਂ ਪ੍ਰਤੀ ਇਸ ਦੀ ਵਧਦੀ ਅਧੀਨਗੀ ਨੂੰ ਦਰਸਾਉਂਦਾ ਹੈ। ਇਹ ਆਤਮ ਸਮਰਪਣ ਹਾਲ ਹੀ ਵਿੱਚ ਦਸਤਖਤ ਕੀਤੇ ਗਏ ਭਾਰਤ- ਯੂ ਕੇ ਵਿਆਪਕ ਆਰਥਕ ਵਪਾਰ ਸਮਝੌਤੇ (ਸੀ ਈ ਟੀ ਏ) ਵਿੱਚ ਵੀ ਸਪੱਸ਼ਟ ਦਿਖਾਈ ਦਿੰਦਾ ਹੈ, ਇੱਕ ਅਜਿਹਾ ਸੌਦਾ, ਜੋ ਵਿਦੇਸ਼ੀ ਕਾਰਪੋਰੇਟ ਮੁਨਾਫਿਆਂ ਦੀ ਵੇਦੀ ’ਤੇ ਭਾਰਤ ਦੇ ਕਿਸਾਨਾਂ, ਮਜ਼ਦੂਰਾਂ ਅਤੇ ਆਰਥਕ ਆਜ਼ਾਦੀ ਦੇ ਹਿੱਤਾਂ ਦੀ ਬਲੀ ਦਿੰਦਾ ਹੈ।
ਵਿਰੋਧ ਪ੍ਰਦਰਸ਼ਨ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਐੱਮ ਐੱਸ ਭਾਟੀਆ, ਸੁਖਮਿੰਦਰ ਸਿੰਘ ਲੋਟੇ, ਪਰਮਜੀਤ ਸਿੰਘ , ਡੀ ਪੀ ਮੌੜ, ਹਰਬੰਸ ਸਿੰਘ, ਡਾ ਗੁਲਜ਼ਾਰ ਪੰਧੇਰ, ਜਗਦੀਸ਼ ਚੰਦ, ਰਾਮ ਲਾਲ, ਵਿਜੇ ਕੁਮਾਰ, ਚਮਨ ਲਾਲ, ਬਲਰਾਮ ਸਿੰਘ, ਅਜੀਤ ਕੁਮਾਰ, ਚਮਕੌਰ ਸਿੰਘ ਬਰਮੀ, ਪ੍ਰਵੀਨ ਕੁਮਾਰ, ਹਰਬੰਸ ਸਿੰਘ, ਕਾਮੇਸ਼ਵਰ ਯਾਦਵ , ਅਵਤਾਰ ਛਿੱਬਰ, ਸਤਨਾਮ ਸਿੰਘ, ਦਾਨ ਸਿੰਘ ਤੇ ਰਵਿੰਦਰ ਕੁਮਾਰ ਆਦਿ ਸ਼ਾਮਲ ਸਨ।





