ਫਿਰੋਜ਼ਪੁਰ : ਸਤਲੁਜ ਅਤੇ ਬਿਆਸ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧਣ ਕਾਰਨ ਹਰੀਕੇ ਹੈੱਡ ਤੋਂ ਹੇਠਲੇ ਪਾਸੇ ਪੈਂਦੇ ਇਲਾਕਿਆਂ ’ਚ ਹੜ੍ਹਾਂ ਵਰਗੀ ਸਥਿਤੀ ਬਣ ਗਈ ਹੈ। ਪਿੰਡ ਰਾਜੀ ਸਭਰਾ, ਗੱਟਾ ਬਾਦਸ਼ਾਹ, ਆਲੇਵਾਲਾ, ਫੱਤੇ ਵਾਲਾ, ਕੁਤਬਦੀਨ ਵਾਲਾ, ਕਾਲੇ ਕੇ ਹਿਠਾੜ, ਬੰਡਾਲਾ, ਧੀਰਾ ਘਾਰਾ, ਨਿਹਾਲਾ ਲਵੇਰਾ, ਟੱਲੀ ਗੁਲਾਮ, ਰੱਤੋ ਕੀਆਂ ਬਹਿਕਾਂ, ਮੁੱਠਿਆਂਵਾਲਾ ਸਮੇਤ ਕਈ ਪਿੰਡ ਪਾਣੀ ਦੀ ਮਾਰ ਹੇਠ ਆ ਗਏ ਹਨ। ਇਨ੍ਹਾਂ ਪਿੰਡਾਂ ’ਚ ਸੈਂਕੜੇ ਏਕੜ ਝੋਨੇ ਦੀ ਫਸਲ, ਸਬਜ਼ੀਆਂ ਅਤੇ ਪਸ਼ੂਆਂ ਦਾ ਚਾਰਾ ਪਾਣੀ ’ਚ ਡੁੱਬ ਗਿਆ ਹੈ। ਕਿਸਾਨਾਂ ਦਾ ਵੱਡਾ ਮਾਲੀ ਨੁਕਸਾਨ ਹੋਣ ਦਾ ਖਦਸ਼ਾ ਹੈ।
ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਨੁਕਸਾਨੀ ਗਈ ਫਸਲ ਦੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਉਨ੍ਹਾਂ ਨੂੰ ਤੁਰੰਤ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਨਹਿਰੀ ਵਿਭਾਗ ਅਤੇ ਸਰਕਾਰ ਤੋਂ ਇਹ ਵੀ ਮੰਗ ਕੀਤੀ ਹੈ ਕਿ ਜਿੰਨਾ ਪਾਣੀ ਹਰੀਕੇ ਹੈੱਡ ਤੋਂ ਛੱਡਿਆ ਜਾਂਦਾ ਹੈ, ਓਨਾ ਹੀ ਪਾਣੀ ਹੁਸੈਨੀਵਾਲਾ ਹੈੱਡ ਤੋਂ ਵੀ ਨਾਲ-ਨਾਲ ਛੱਡਿਆ ਜਾਵੇ, ਤਾਂ ਜੋ ਪਾਣੀ ਦਾ ਪੱਧਰ ਹੋਰ ਨਾ ਵਧੇ ਅਤੇ ਸਥਿਤੀ ਹੋਰ ਗੰਭੀਰ ਨਾ ਹੋਵੇ।





