ਪਟਿਆਲਾ
(ਰਜਿੰਦਰ ਸਿੰਘ ਥਿੰਦ)
ਪ੍ਰੈੱਸ ਕੌਂਸਲ ਆਫ ਇੰਡੀਆ ਦਾ ਸਾਬਕਾ ਮੈਂਬਰ ਅਤੇ ਸੀਨੀਅਰ ਪੱਤਰਕਾਰ ਬਲਵਿੰਦਰ ਜੰਮੂ ਸੋਮਵਾਰ ਇੰਡੀਅਨ ਜਰਨਲਿਸਟਸ ਯੂਨੀਅਨ (ਆਈ ਜੇ ਯੂ) ਦੇ ਪ੍ਰਧਾਨ ਚੁਣੇ ਗਏ ਜਦਕਿ ਆਂਧਰਾ ਪ੍ਰਦੇਸ਼ ਦੇ ਸੀਨੀਅਰ ਪੱਤਰਕਾਰ ਸ਼ਾਮ ਸੁੰਦਰ ਸਕੱਤਰ ਜਨਰਲ ਚੁਣੇ ਗਏ ।ਯੂਨੀਅਨ ਦੇ ਸੈਂਟਰਲ ਰਿਟਰਨਿੰਗ ਅਧਿਕਾਰੀ ਮਹੇਸ਼ ਕੁਮਾਰ ਸਿਨਹਾ ਨੇ ਇਹ ਜਾਣਕਾਰੀ ਦਿੱਤੀ ।ਇੰਡੀਅਨ ਜਰਨਲਿਸਟਸ ਯੂਨੀਅਨ ਦੇਸ਼ ਦੇ ਪੱਤਰਕਾਰਾਂ ਦੀ ਸਭ ਤੋਂ ਵੱਡੀ ਯੂਨੀਅਨ ਹੈ। ਪੰਜਾਬ ਲਈ ਇਹ ਮਾਣ ਵਾਲੀ ਗੱਲ ਹੈ ਕਿ ਦੇਸ਼ ਦੀ ਸਭ ਤੋਂ ਵੱਡੀ ਯੂਨੀਅਨ ਦੇ ਕਿਸੇ ਪੱਤਰਕਾਰ ਨੂੰ ਪਹਿਲੀ ਵਾਰ ਕੌਮੀ ਪੱਧਰ ’ਤੇ ਯੂਨੀਅਨ ਦਾ ਪ੍ਰਧਾਨ ਬਣਨ ਦਾ ਮੌਕਾ ਮਿਲਿਆ ਹੈ। ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਦੇ ਪ੍ਰਧਾਨ ਬਲਬੀਰ ਜੰਡੂ, ਕਾਰਜਕਾਰੀ ਪ੍ਰਧਾਨ ਜੈ ਸਿੰਘ ਛਿੱਬਰ, ਜਨਰਲ ਸਕੱਤਰ ਭੂਸ਼ਨ ਸੂਦ, ਸਕੱਤਰ ਸੰਤੋਖ ਗਿੱਲ, ਭੁਪਿੰਦਰ ਮਲਿਕ, ਦਵਿੰਦਰ ਸਿੰਘ ਭੰਗੂ, ਬਲਵਿੰਦਰ ਸਿਪਰੇ, ਜਸਬੀਰ ਸਿੰਘ ਮਮਦੋਟ, ਰਾਜਨ ਮਾਨ, ਡੀ ਪੀ ਧਵਨ, ਬਲਦੇਵ ਸ਼ਰਮਾ, ਜਸਵੰਤ ਸਿੰਘ, ਨਿਰਮਲ ਪੰਡੋਰੀ, ਬਲਵਿੰਦਰ ਸਿੰਘ ਭੰਗੂ, ਸਰਬਜੀਤ ਸਿੰਘ ਭੱਟੀ, ਸੁਖਨੈਬ ਸਿੱਧੂ ਤੇ ਹੋਰਨਾਂ ਨੇ ਬਲਵਿੰਦਰ ਜੰਮੂ ਦੀ ਨਿਯੁਕਤੀ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਬਲਵਿੰਦਰ ਜੰਮੂ ਦਾ ਜਨਮ ਪਿੰਡ ਗਰਰੌਲਾ (ਪਟਿਆਲਾ) ਵਿਖੇ ਹੋਇਆ। ਉਹ ਕਾਲਜ ਸਮੇਂ ਤੋਂ ਹੀ ਵਿਦਿਆਰਥੀ ਸਿਆਸਤ ਨਾਲ ਜੁੜ ਗਏ ਸਨ। ਸਾਲ 1977-78 ’ਚ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਵਿਚ ਸ਼ਾਮਲ ਹੋਏ ਅਤੇ ਪਟਿਆਲਾ ਤੋਂ ਪ੍ਰਧਾਨ ਬਣੇ।ਸਾਲ 1980-81 ’ਚ ਬਲਵਿੰਦਰ ਜੰਮੂ ਪਟਿਆਲਾ ਦੇ ਮੁਲਤਾਨੀ ਮੱਲ ਮੋਦੀ ਕਾਲਜ ’ਚ ਪੜ੍ਹਨ ਦੌਰਾਨ ਸਟੂਡੈਂਟ ਕੌਂਸਲ ਦੇ ਪ੍ਰਧਾਨ ਬਣੇ। ਉਨ੍ਹਾ ਨੂੰ 1985 ’ਚ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਦਾ ਸੂਬਾਈ ਪ੍ਰਧਾਨ ਬਣਾ ਦਿੱਤਾ ਗਿਆ। ਵਿਦਿਆਰਥੀ ਜੀਵਨ ਦੌਰਾਨ ਦਿੱਲੀ ਬੋਟ ਕਲੱਬ ਵਿਖੇ ਪ੍ਰਦਰਸ਼ਨ ਕਰਦੇ ਹੋਏ ਉਨ੍ਹਾ ਨੂੰ ਹਿਰਾਸਤ ਵਿਚ ਲਿਆ ਗਿਆ ਤੇ ਪੰਜ ਦਿਨਾਂ ਤੱਕ ਤਿਹਾੜ ਜੇਲ੍ਹ ਵਿਚ ਬੰਦ ਰਹੇ।
ਜੰਮੂ ਨੇ ਪੱਤਰਕਾਰੀ ਦਾ ਸਫ਼ਰ 1990 ’ਚ ‘ਨਵਾਂ ਜ਼ਮਾਨਾ’ ਵਿਚ ਬਤੌਰ ਸਬ-ਐਡੀਟਰ ਸ਼ੁਰੂ ਕੀਤਾ। ਉਹ 1993 ’ਚ ਪੰਜਾਬੀ ਟਿ੍ਰਬਿਊਨ ਨਾਲ ਜੁੜ ਗਏ ਅਤੇ ਵੱਖ-ਵੱਖ ਅਹੁਦਿਆਂ ’ਤੇ 27 ਵਰ੍ਹੇ ਕੰਮ ਕੀਤਾ। ਉਹ ਟਿ੍ਰਬਿਊਨ ਇੰਪਲਾਈਜ਼ ਯੂਨੀਅਨ ਦੇ ਵੀ ਤਿੰਨ ਵਾਰ ਜਨਰਲ ਸਕੱਤਰ ਰਹੇ।ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਬਾਨੀ ਮੈਂਬਰ ਹਨ ਅਤੇ ਮਈ 2022 ਤੱਕ ਯੂਨੀਅਨ ਦੇ ਸੂਬਾਈ ਪ੍ਰਧਾਨ ਰਹੇ। ਉਹ ‘ਚੰਡੀਗੜ੍ਹ ਪ੍ਰੈਸ ਕਲੱਬ’ ਦੇ ਦੋ ਵਾਰ ਮੀਤ ਪ੍ਰਧਾਨ, ਦੋ ਵਾਰ ਸੀਨੀਅਰ ਮੀਤ ਪ੍ਰਧਾਨ ਅਤੇ ਇੱਕ ਵਾਰ ਪ੍ਰਧਾਨ ਰਹਿ ਚੁੱਕੇ ਹਨ।





