ਨਵੀਂ ਦਿੱਲੀ : ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਵੱਲੋਂ ਪ੍ਰੈੱਸ ਕਾਨਫਰੰਸ ਕਰਕੇ ਰਾਹੁਲ ਗਾਂਧੀ ਅਤੇ ਹੋਰਾਂ, ਜੋ ਵੋਟ ਚੋਰੀ ਦੇ ਦੋਸ਼ ਲਗਾ ਰਹੇ ਹਨ, ਨੂੰ ਇੱਕ ਹਫਤੇ ਦੇ ਅੰਦਰ ਸਬੂਤ ਪੇਸ਼ ਕਰਨ ਜਾਂ ਮੁਆਫੀ ਮੰਗਣ ਲਈ ਕਹਿਣ ਤੋਂ ਇੱਕ ਦਿਨ ਬਾਅਦ ਇੰਡੀਆ ਬਲਾਕ ਨੇ ਸੋਮਵਾਰ ਇੱਥੇ ਪ੍ਰੈੱਸ ਕਾਨਫਰੰਸ ਕਰਕੇ ਚੋਣ ਕਮਿਸ਼ਨ ਦੇ ਕੰਮਕਾਜ ’ਤੇ ਤਿੱਖੇ ਸਵਾਲ ਉਠਾਏ।
ਕਾਂਗਰਸ ਦੇ ਗੌਰਵ ਗੋਗੋਈ ਨੇ ਦੋਸ਼ ਲਾਇਆ ਕਿ ਚੋਣ ਕਮਿਸ਼ਨ ਉਨ੍ਹਾਂ ਅਧਿਕਾਰੀਆਂ ਦੇ ਹੱਥਾਂ ਵਿੱਚ ਹੈ ਜਿਹੜੇ ਪੱਖਪਾਤ ਕਰ ਰਹੇ ਹਨ। ਚੋਣ ਕਮਿਸ਼ਨ ਆਪੋਜ਼ੀਸ਼ਨ ਵੱਲੋਂ ਲਾਏ ਕਿਸੇ ਦੋਸ਼ ਦੀ ਜਾਂਚ ਨਹੀਂ ਕਰ ਰਿਹਾ। ਤਿ੍ਰਣਮੂਲ ਕਾਂਗਰਸ ਦੀ ਸਾਂਸਦ ਮਹੁਆ ਮੋਇਤਰਾ ਨੇ ਕਿਹਾ ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਡੁਪਲੀਕੇਟ ਐਪਿਕ ਵੋਟਰ ਕਾਰਡਾਂ ਦਾ ਮੁੱਦਾ ਉਠਾਇਆ ਸੀ ਪਰ ਚੋਣ ਕਮਿਸ਼ਨ ਨੇ ਹਾਲੇ ਤੱਕ ਹੱਲ ਨਹੀਂ ਕੀਤਾ।
ਮੋਇਤਰਾ ਨੇ ਕਿਹਾ ਕਿ ਵੋਟਰ ਸੂਚੀਆਂ ਵਿੱਚ ਗੜਬੜੀਆਂ ਲਈ ਪਿਛਲੇ ਚੋਣ ਕਮਿਸ਼ਨਰਾਂ ਖਿਲਾਫ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਸੂਚੀਆਂ ਦੇ ਆਧਾਰ ’ਤੇ ਬਣੀ ਲੋਕ ਸਭਾ ਤੁਰੰਤ ਭੰਗ ਕੀਤੀ ਜਾਵੇ। ਡੀ ਐੱਮ ਕੇ ਦੇ ਤਿਰੁਚੀ ਸ਼ਿਵਾ ਨੇ ਕਿਹਾ ਕਿ ਹੁਕਮਰਾਨ ਪਾਰਟੀ ਸੰਸਦ ਵਿੱਚ ਚੋਣ ਸੂਚੀਆਂ ਵਿੱਚ ਸੁਧਾਈ ’ਤੇ ਬਹਿਸ ਕਿਉ ਨਹੀਂ ਹੋਣ ਦੇ ਰਹੀ। ਸੀ ਪੀ ਆਈ (ਐੱਮ) ਦੇ ਜੌਹਨ ਬਿ੍ਰਟਸ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ’ਤੇ ਵਰ੍ਹਦਿਆਂ ਕਿਹਾ ਕਿ ਉਨ੍ਹਾ ਮੁੱਖ ਚੋਣ ਕਮਿਸ਼ਨਰ ਹੋਣ ਦਾ ਹੱਕ ਗੁਆ ਲਿਆ ਹੈ। ਜਾਪਦਾ ਹੈ ਕਿ ਮੁੱਖ ਚੋਣ ਕਮਿਸ਼ਨਰ ਨੇ ਆਪੋਜ਼ੀਸ਼ਨ ਪਾਰਟੀਆਂ ਖਿਲਾਫ ਜੰਗ ਐਲਾਨ ਦਿੱਤੀ ਹੈ ਤੇ ਚੋਣ ਕਮਿਸ਼ਨ ਸਰਕਾਰ ਦੀ ਬੀ-ਟੀਮ ਬਣ ਗਿਆ ਹੈ।
ਸਮਾਜਵਾਦੀ ਪਾਰਟੀ ਦੇ ਰਾਮਗੋਪਾਲ ਯਾਦਵ ਨੇ ਕਿਹਾ ਕਿ ਉਨ੍ਹਾ ਦੀ ਪਾਰਟੀ ਨੇ ਹਲਫਨਾਮਾ ਦੇ ਕੇ ਸ਼ਿਕਾਇਤ ਕੀਤੀ ਕਿ 2022 ਵਿੱਚ ਯੂ ਪੀ ’ਚ 18 ਹਜ਼ਾਰ ਵੋਟਾਂ ਕੱਟੀਆਂ ਗਈਆਂ, ਪਰ ਕੋਈ ਕਾਰਵਾਈ ਨਹੀਂ ਹੋਈ। ਰਾਜਦ ਦੇ ਮਨੋਜ ਝਾਅ ਨੇ ਕਿਹਾਕੱਲ੍ਹ ਅਸੀਂ ਆਪਣੇ ਮੁੱਖ ਚੋਣ ਕਮਿਸ਼ਨਰ ਨੂੰ ਲੱਭ ਰਹੇ ਸੀ, ਪਰ ਨਵਾਂ ਭਾਜਪਾਈ ਬੁਲਾਰਾ ਲੱਭਿਆ। ਸ਼ਿਵ ਸੈਨਾ (ਯੂ ਬੀ ਟੀ) ਦੇ ਅਰਵਿੰਦ ਸਾਵੰਤ ਨੇ ਵੀ ਕਿਹਾ ਕਿ ਮੁੱਖ ਚੋਣ ਕਮਿਸ਼ਨਰ ਭਾਜਪਾ ਦੇ ਬੁਲਾਰੇ ਵਜੋਂ ਵਿਚਰੇ।
ਇਸ ਤੋਂ ਪਹਿਲਾਂ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਦੇ ਚੈਂਬਰ ਵਿੱਚ ਹੋਈ ਮੀਟਿੰਗ ’ਚ ਗਿਆਨੇਸ਼ ਕੁਮਾਰ ਨੂੰ ਹਟਵਾਉਣ ਦੇ ਮੁੱਦੇ ’ਤੇ ਚਰਚਾ ਕੀਤੀ ਗਈ। ਮੁੱਖ ਚੋਣ ਕਮਿਸ਼ਨਰ ਨੂੰ ‘ਸਾਬਤ ਹੋਏ ਦੁਰਵਿਹਾਰ ਜਾਂ ਅਯੋਗਤਾ’ ਦੇ ਆਧਾਰ ’ਤੇ ਹਟਾਇਆ ਜਾ ਸਕਦਾ ਹੈ। ਉਸ ਨੂੰ ਰਾਸ਼ਟਰਪਤੀ ਸੰਸਦ ਦੇ ਦੋਵਾਂ ਸਦਨਾਂ ਵੱਲੋਂ ਪਾਸ ਕੀਤੇ ਮਤੇ ਦੇ ਆਧਾਰ ’ਤੇ ਹਟਾ ਸਕਦਾ ਹੈ, ਪਰ ਵੋਟਿੰਗ ਵਿੱਚ ਦੋ-ਤਿਹਾਈ ਮੈਂਬਰ ਸ਼ਾਮਲ ਹੋਣ ਅਤੇ ਕੁੱਲ ਮੈਂਬਰਾਂ ਵਿੱਚੋਂ 50 ਫੀਸਦੀ ਤੋਂ ਵੱਧ ਦਾ ਸਮਰਥਨ ਪ੍ਰਾਪਤ ਹੋਵੇ। ਸੰਵਿਧਾਨ ਮੁੱਖ ਚੋਣ ਕਮਿਸ਼ਨਰ ਨੂੰ ਹਟਾਉਣ ਲਈ ‘ਮਹਾਂਦੋਸ਼’ ਸ਼ਬਦ ਦੀ ਵਰਤੋਂ ਨਹੀਂ ਕਰਦਾ। ਵਿਰੋਧੀ ਧਿਰ ਦੇ ਨੇਤਾਵਾਂ ਨੇ ਕਿਹਾ ਕਿ ਕੁਮਾਰ ਨੂੰ ਹਟਾਉਣ ਦਾ ਪ੍ਰਸਤਾਵ ਸ਼ੁਰੂਆਤੀ ਪੜਾਅ ’ਤੇ ਹੈ। ਆਗੂ ਇਸ ਤੱਥ ਤੋਂ ਜਾਣੂ ਹਨ ਕਿ ਉਨ੍ਹਾਂ ਕੋਲ ਲੋੜੀਂਦੇ ਅੰਕੜੇ ਨਹੀਂ ਹਨ।



