ਅਮਰੀਕਾ ਬੇਦਰਦ ਦੋਸਤ : ਥਰੂਰ

0
7

ਨਵੀਂ ਦਿੱਲੀ : ਕਾਂਗਰਸ ਦੇ ਸੀਨੀਅਰ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਓਮਾਨ ਤੱਟ ‘ਤੇ ਅਮਰੀਕੀ ਨੇਵੀ ਦੇ ਹਮਲੇ ਵਿੱਚ ਤਿੰਨ ਭਾਰਤੀ ਮਲਾਹਾਂ ਦੀ ਮੌਤ ‘ਤੇ ਅਮਰੀਕਾ ਦੇ ਅੜੀਅਲ ਰਵੱਈਏ ਦੀ ਤਿੱਖੀ ਨਿਖੇਧੀ ਕੀਤੀ ਹੈ। ਅਮਰੀਕਾ ਵੱਲੋਂ ਇਸ ਦੁਖਦਾਈ ਘਟਨਾ ‘ਤੇ ਕੋਈ ਵੀ ਅਫਸੋਸ ਜਾਂ ਹਮਦਰਦੀ ਜ਼ਾਹਰ ਨਾ ਕੀਤੇ ਜਾਣ ‘ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਥਰੂਰ ਨੇ ਉਸ ਨੂੰ ਇੱਕ ਬੇਦਰਦ ਦੋਸਤ ਕਰਾਰ ਦਿੱਤਾ ਹੈ। ਉਨ੍ਹਾ ਕਿਹਾ ਕਿ ਇੱਕ ਰਣਨੀਤਕ ਭਾਈਵਾਲ ਹੋਣ ਦੇ ਬਾਵਜੂਦ ਅਮਰੀਕਾ ਨੇ ਬੇਕਸੂਰ ਭਾਰਤੀਆਂ ਦੀ ਮੌਤ ‘ਤੇ ਅਫਸੋਸ ਤੱਕ ਪ੍ਰਗਟ ਕਰਨ ਤੋਂ ਇਨਕਾਰ ਕਰ ਦਿੱਤਾ।
ਉਨ੍ਹਾ ਸਵਾਲ ਚੁੱਕਿਆ ਕਿ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਵਪਾਰਕ ਜਹਾਜ਼ਾਂ ਨੂੰ ਰੋਕਣ ਲਈ ਸਿੱਧੀ ਮਿਜ਼ਾਈਲ ਦਾਗਣ ਦੀ ਬਜਾਏ ਅਹਿੰਸਕ ਤਰੀਕਿਆਂ ਦੀ ਵਰਤੋਂ ਕਿਉਂ ਨਹੀਂ ਕੀਤੀ ਗਈ? ਉਹ ਵੀ ਅਜਿਹੇ ਨਾਜ਼ੁਕ ਸਮੇਂ ਵਿੱਚ, ਜਦੋਂ ਈਰਾਨ ਨਾਲ ਚੱਲ ਰਹੀ ਜੰਗ ਅਤੇ ਹਾਰਮੁਜ਼ ਜਲਡਮਰੂ ਦੀ ਅਮਰੀਕੀ ਨਾਕਾਬੰਦੀ ਕਾਰਨ ਹਾਲਾਤ ਪਹਿਲਾਂ ਹੀ ਖਤਰੇ ਨਾਲ ਭਰੇ ਹੋਏ ਹਨ।
ਉਨ੍ਹਾ ‘ਐੱਕਸ’ ਉੱਤੇ ਸਵਾਲ ਕਰਦਿਆਂ ਲਿਖਿਆ, ‘ਇੱਕ ਦੋਸਤ ਅਤੇ ਰਣਨੀਤਕ ਭਾਈਵਾਲ ਏਨਾ ਬੇਦਰਦ ਕਿਵੇਂ ਹੋ ਸਕਦਾ ਹੈ? ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਪਾਰਕ ਜਹਾਜ਼ ਨੂੰ ਹੋਰ ਅਹਿੰਸਕ ਤਰੀਕਿਆਂ ਨਾਲ ਕਿਉਂ ਨਹੀਂ ਰੋਕਿਆ ਜਾ ਸਕਿਆ? ਕੀ ਨਿਰਦੋਸ਼ ਨਾਗਰਿਕਾਂ ਨੂੰ ਮਾਰਨ ਦੇ ਮਕਸਦ ਨਾਲ ਮਿਜ਼ਾਈਲਾਂ ਦਾਗੇ ਬਿਨਾਂ ਜਹਾਜ਼ ਦੇ ਸਿਸਟਮ ਜਾਂ ਇੰਜਣ ਨੂੰ ਜਾਮ ਕਰਨਾ ਸੰਭਵ ਨਹੀਂ ਸੀ? ਇਹ ਰਵੱਈਆ ਬਿਲਕੁਲ ਬਰਦਾਸ਼ਤ ਕਰਨ ਯੋਗ ਨਹੀਂ ਹੈ।’