ਸਿਰੀ ਰਾਮ ਅਰਸ਼ ਨੂੰ ਨਮ ਅੱਖਾਂ ਨਾਲ ਵਿਦਾਇਗੀ

0
78

ਚੰਡੀਗੜ੍ਹ : ਨਾਮਵਰ ਗ਼ਜ਼ਲਗੋ, ਪੰਜਾਬੀ ਲੇਖਕ ਸਭਾ ਦੇ ਸਾਬਕਾ ਪ੍ਰਧਾਨ, ਪ੍ਰਗਤੀਸ਼ੀਲ ਲੇਖਕ ਸੰਘ ਦੇ ਸਰਪ੍ਰਸਤ, ਚੰਡੀਗੜ੍ਹ ਪੰਜਾਬੀ ਮੰਚ ਦੇ ਚੇਅਰਮੈਨ ਅਤੇ ਸੀ ਪੀ ਆਈ ਦੀ ਹੈੱਡਕੁਆਟਰ ਬਰਾਂਚ ਦੇ ਮੈਂਬਰ ਸਿਰੀ ਰਾਮ ਅਰਸ਼ ਨੂੰ ਸੋਮਵਾਰ ਬਲੌਂਗੀ ਵਿਖੇ ਉਹਨਾਂ ਦੇ ਸੈਂਕੜੇ ਮੁਹੱਬਤ ਕਰਨ ਵਾਲਿਆਂ ਨੇ ਨਮ ਅੱਖਾਂ ਨਾਲ ਅਗਨ ਸਪੁਰਦ ਕੀਤਾ। ਕੁੱਝ ਮਹੀਨਿਆਂ ਤੋਂ ਉਹ ਬਿਮਾਰ ਚਲੇ ਆ ਰਹੇ ਸਨ ਤੇ ਆਖਰੀ ਸਮੇਂ ਆਈ ਸੀ ਯੂ ਵਿਚ ਸਨ। ਉਨ੍ਹਾਂ ਦੇ ਦੋ ਲੜਕਿਆਂ, ਧੀ, ਨੂੰਹਾਂ ਅਤੇ ਪਰਵਾਰ ਨੇ ਜਿੱਥੇ ਦੇਖਭਾਲ ਕੀਤੀ, ਉਥੇ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਦੇ ਕਾਰਜਕਾਰਨੀ ਮੈਂਬਰ ਸ਼ਾਇਰ ਭੱਟੀ, ਜੋ ਅੱਜਕੱਲ੍ਹ ਵਿੰਦਰ ਮਾਝੀ ਹਨ, ਨੇ ਲਗਾਤਾਰ ਸੇਵਾ ਸੰਭਾਲ ਕੀਤੀ।
ਉਨ੍ਹਾਂ ਸਸਕਾਰ ਮੌਕੇ ਪੰਜਾਬੀ ਲੇਖਕ ਸਭਾ ਵੱਲੋਂ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ, ਜਨਰਲ ਸਕੱਤਰ ਭੂਪਿੰਦਰ ਮਲਿਕ, ਗੁਰਨਾਮ ਕੰਵਰ, ਬਲਕਾਰ ਸਿੱਧੂ ਤੇ ਪਾਲ ਅਜਨਬੀ ਨੇ ਲੋਈ ਪਾਈ, ਪ੍ਰਗਤੀਸ਼ੀਲ ਲੇਖਕ ਸੰਘ ਵੱਲੋਂ ਡਾ. ਸੁਖਦੇਵ ਸਿਰਸਾ, ਡਾ. ਲਾਭ ਸਿੰਘ ਖੀਵਾ ਅਤੇ ਗੁਰਨਾਮ ਕੰਵਰ ਨੇ ਉਨ੍ਹਾਂ ਦੀ ਦੇਹ ਉਤੇ ਲੋਈ ਅਰਪਿਤ ਕੀਤੀ, ਭਾਰਤੀ ਕਮਿਊਨਿਸਟ ਪਾਰਟੀ (ਸੀ ਪੀ ਆਈ) ਜਿਸ ਦੀ ਉਹ ਹੈੱਡਕੁਆਟਰ ਬਰਾਂਚ ਦੇ ਮੈਂਬਰ ਸਨ, ਵੱਲੋਂ ਸੂਬਾ ਸਕੱਤਰ ਸਾਥੀ ਬੰਤ ਸਿੰਘ ਬਰਾੜ, ਸਾਥੀ ਦੇਵੀ ਦਿਆਲ ਸ਼ਰਮਾ, ਪ੍ਰੀਤਮ ਹੰੁਦਲ, ਮਹਿੰਦਰਪਾਲ ਸਿੰਘ ਅਤੇ ਦਿਲਦਾਰ ਨੇ ਲਾਲ ਝੰਡਾ ਪਾਇਆ।
ਉਨ੍ਹਾ ਦੇ ਚਲਾਣੇ ਉਤੇ ਕੇਂਦਰੀ ਪੰਜਾਬੀ ਲੇਖਕ ਸਭਾ ਤੇ ਪ੍ਰਗਤੀਸ਼ੀਲ ਲੇਖਕ ਸੰਘ ਸਮੇਤ ਚੰਡੀਗੜ੍ਹ ਅਤੇ ਮੁਹਾਲੀ ਦੇ ਮੁੱਖ ਅਹੁਦੇਦਾਰਾਂ ਤੇ ਨਾਮੀ ਸਾਹਿਤਕਾਰਾਂ ਡਾ. ਮਨਮੋਹਨ, ਡਾ. ਸਰਬਜੀਤ ਕੌਰ ਸੋਹਲ, ਸਾਥੀ ਬਲਵਿੰਦਰ ਉੱਤਮ, ਸ਼ਾਮ ਸਿੰਘ ਅੰਗਸੰਗ, ਡਾ. ਯੋਗਰਾਜ ਅੰਗਰੀਸ਼, ਬਲੀਜੀਤ, ਗੁਲ ਚੌਹਾਨ, ਡਾ. ਸ਼ਿੰਦਰ ਪਾਲ ਸਿੰਘ, ਗੁਰਦੇਵ ਚੌਹਾਨ ਤੇ ਹੋਰਨਾਂ ਨੇ ਦੁੱਖ ਜ਼ਾਹਰ ਕੀਤਾ ਹੈ। ਉਨ੍ਹਾਂ ਉਨ੍ਹਾ ਦੀ ਵਿਦਾਇਗੀ ਨੂੰ ਪੰਜਾਬੀ ਸਾਹਿਤ ਜਗਤ ਲਈ ਅਸਹਿ ਨੁਕਸਾਨ ਕਰਾਰ ਦਿੱਤਾ ਹੈ। ਲੁਧਿਆਣਾ ਵਿੱਚ 15 ਦਸੰਬਰ, 1934 ਨੂੰ ਜਨਮੇ ਸਿਰੀ ਰਾਮ ਅਰਸ਼ ਦੀਆਂ ਰਚਨਾਵਾਂ ਪੰਜਾਬੀ ਸਾਹਿਤ ਦਾ ਅਮੁੱਲ ਖਜ਼ਾਨਾ ਹਨ। ਇਨ੍ਹਾਂ ਵਿੱਚ ਰਬਾਬ, ਸਮੁੰਦਰ ਸੰਜਮ, ਸੰਖ ਤੇ ਸਿੱਪੀਆਂ, ਸਰਘੀਆਂ ਤੇ ਸਮੁੰਦਰ, ਕਿਰਨਾਂ ਦੀ ਬੁੱਕਲ, ਪੁਰਸਲਾਤ ਤੇ ਗ਼ਜ਼ਲ ਸਮੁੰਦਰ ਆਦਿ ਗ਼ਜ਼ਲ ਸੰਗ੍ਰਹਿਆਂ ਸਮੇਤ ਤੁਮ ਚੰਦਨ, ਅਗੰਮੀ ਨੂਰ, ਪੰਥ ਸਜਾਇਓ ਖਾਲਸਾ ਤੇ ਗੁਰੂ ਮਿਲਿਓ ਰਵਿਦਾਸ ਆਦਿ ਮਹਾਂਕਾਵਿ ਵਰਨਣਯੋਗ ਕਿਰਤਾਂ ਸ਼ਾਮਲ ਹਨ। ਉਨ੍ਹਾ ਦੀਆਂ ਸੰਵੇਦਨਸ਼ੀਲ ਅਤੇ ਸਮਾਜਕ ਸਰੋਕਾਰਾਂ ਨਾਲ ਭਰਪੂਰ ਗ਼ਜ਼ਲਾਂ ਨੇ ਸਮਾਜਕ ਅਸਮਾਨਤਾ, ਗਰੀਬੀ ਅਤੇ ਮਨੁੱਖੀ ਸੰਘਰਸ਼ ਵਰਗੇ ਵਿਸ਼ਿਆਂ ਨੂੰ ਗਹਿਰੀ ਸੋਚ ਅਤੇ ਸੁਹਜ ਨਾਲ ਪੇਸ਼ ਕੀਤਾ। ਉਨ੍ਹਾ ਦੀ ਸ਼ਾਇਰੀ ਵਿੱਚ ਮਾਨਵਤਾਵਾਦੀ ਸੁਨੇਹੇ ਅਤੇ ਸਮਾਜਿਕ ਜਾਗਰੂਕਤਾ ਨੇ ਪਾਠਕਾਂ ਦੇ ਦਿਲਾਂ ’ਤੇ ਗਹਿਰਾ ਅਸਰ ਕੀਤਾ। ਸ਼੍ਰੋਮਣੀ ਕਵੀ ਸਿਰੀ ਰਾਮ ਅਰਸ਼ ਦੇ ਚਹੇਤਿਆਂ ਨੇ ਉਨ੍ਹਾ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਨ੍ਹਾ ਦੀਆਂ ਰਚਨਾਵਾਂ ਪੰਜਾਬੀ ਸਾਹਿਤ ਦੀ ਅਮਰ ਵਿਰਾਸਤ ਹਨ ਅਤੇ ਉਹ ਸਾਹਿਤ ਪ੍ਰੇਮੀਆਂ ਦੇ ਦਿਲਾਂ ਵਿੱਚ ਸਦਾ ਜਿਉਂਦੇ ਰਹਿਣਗੇ।