‘ਆਗਿਆਕਾਰੀ ਸੇਵਕ’ ਦੇਸ਼ ਦਾ ਅਪਮਾਨ ਕਰਵਾ ਰਿਹੈ : ਰਾਹੁਲ

0
3

ਨਵੀਂ ਦਿੱਲੀ (ਨ ਜ਼ ਸ)
ਰਾਹੁਲ ਗਾਂਧੀ ਨੇ ਖਾੜੀ ਵਿੱਚ ਅਮਰੀਕੀ ਹਮਲਿਆਂ ਵਿੱਚ ਤਿੰਨ ਭਾਰਤੀ ਮਲਾਹਾਂ ਦੇ ਮਾਰੇ ਜਾਣ ਤੋਂ ਬਾਅਦ ਅਮਰੀਕਾ ਦੇ ਬਿਆਨਾਂ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਐਤਵਾਰ ਤਿੱਖਾ ਹਮਲਾ ਕਰਦਿਆਂ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਇੱਕ ‘ਆਗਿਆਕਾਰੀ ਸੇਵਕ’ ਵਾਂਗ ਵਿਹਾਰ ਕਰਦੇ ਹਨ, ਜੋ ‘ਆਦੇਸ਼ਾਂ’ ਦੀ ਪਾਲਣਾ ਕਰਦਾ ਹੈ।
‘ਐੱਕਸ’ ‘ਤੇ ਹਿੰਦੀ ਵਿੱਚ ਇੱਕ ਪੋਸਟ ਵਿੱਚ ਰਾਹੁਲ ਨੇ ਕਿਹਾ ਕਿ ‘ਸਮਝੌਤਾਵਾਦੀ ਪ੍ਰਧਾਨ ਮੰਤਰੀ’ ਭਾਰਤ ਦੇ ਸਨਮਾਨ ਦੀ ਰੱਖਿਆ ਨਹੀਂ ਕਰੇਗਾ, ਕਿਉਂਕਿ ਉਹ ਉਨ੍ਹਾਂ ਲੋਕਾਂ ਪ੍ਰਤੀ ਵਫਾਦਾਰ ਹੈ, ਜੋ ਦੇਸ਼ ਦਾ ਅਪਮਾਨ ਕਰਦੇ ਹਨ।
ਰਾਹੁਲ ਦੀ ਇਹ ਟਿੱਪਣੀ ਅਮਰੀਕਾ ਦੇ ਉਸ ਬਿਆਨ ਤੋਂ ਇੱਕ ਦਿਨ ਬਾਅਦ ਆਈ ਹੈ, ਜਿਸ ਵਿੱਚ ਉਸ ਨੇ ਭਾਰਤ ਨੂੰ ਦੱਸਿਆ ਸੀ ਕਿ ਹਾਰਮੁਜ਼ ਜਲਡਮਰੂ ਵਿੱਚ ਉਸ ਦੀ ਨਾਕਾਬੰਦੀ ਦੀ ਕਿਸੇ ਵੀ ਉਲੰਘਣਾ ਅਤੇ ਈਰਾਨੀ ਤੇਲ ਦੀ ਗੈਰ-ਕਾਨੂੰਨੀ ਆਵਾਜਾਈ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਸ਼ੁੱਕਰਵਾਰ ਇੱਕ ਗੱਲਬਾਤ ਦੌਰਾਨ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਇਹ ਗੱਲ ਸਾਂਝੀ ਕੀਤੀ।
ਰਾਹੁਲ ਨੇ ਕਿਹਾ, ‘ਅਮਰੀਕੀ ਹਮਲਿਆਂ ਵਿੱਚ ਤਿੰਨ ਭਾਰਤੀ ਮਲਾਹਾਂ ਦੇ ਮਾਰੇ ਜਾਣ ਤੋਂ ਬਾਅਦ ਨਾ ਤਾਂ ਪਛਤਾਵਾ ਹੈ ਅਤੇ ਨਾ ਹੀ ਮੁਆਫੀ। ਇਸ ਦੇ ਉਲਟ ਅਮਰੀਕਾ ਹੁਕਮ ਜਾਰੀ ਕਰ ਰਿਹਾ ਹੈ।’ ਰਾਹੁਲ ਨੇ ਕਿਹਾ, ‘ਉਨ੍ਹਾਂ ਦੇ ਸ਼ਬਦ ਪੜ੍ਹੋ : ਅਮਰੀਕੀ ਫੌਜੀ ਹੁਕਮਾਂ ਦੀ ਤੁਰੰਤ ਪਾਲਣਾ ਕਰੋ। ਕੋਈ ਵੀ ਉਲੰਘਣਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ।’
ਰਾਹੁਲ ਨੇ ਕਿਹਾ, ‘ਇੱਕ ਪ੍ਰਭੂਸੱਤਾ ਸੰਪੰਨ ਦੇਸ਼ ਅਜਿਹੀ ਭਾਸ਼ਾ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ, ਪਰ ਸਾਡਾ ਸਮਝੌਤਾਵਾਦੀ ਪ੍ਰਧਾਨ ਮੰਤਰੀ? ਚੁੱਪ। ਉਹ ਇੱਕ ਆਗਿਆਕਾਰੀ ਸੇਵਕ ਵਾਂਗ ਸੁਣਦਾ ਹੈ ਅਤੇ ਹੁਕਮਾਂ ਦੀ ਪਾਲਣਾ ਕਰਦਾ ਹੈ। ਸਮਝੌਤਾ ਕਰਨ ਵਾਲਾ ਪ੍ਰਧਾਨ ਮੰਤਰੀ ਦੇਸ਼ ਦੇ ਸਨਮਾਨ ਦੀ ਰੱਖਿਆ ਨਹੀਂ ਕਰੇਗਾ, ਕਿਉਂਕਿ ਉਹ ਉਨ੍ਹਾਂ ਲੋਕਾਂ ਪ੍ਰਤੀ ਵਫਾਦਾਰ ਹੈ, ਜੋ ਦੇਸ਼ ਦਾ ਅਪਮਾਨ ਕਰਦੇ ਹਨ।’
ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਟੌਮੀ ਪਿਗੌਟ ਨੇ ਕਿਹਾ ਸੀ ਕਿ ਰੂਬੀਓ ਨੇ ਜੈਸ਼ੰਕਰ ਨੂੰ ਕਿਹਾ ਕਿ ਸਾਰੇ ਵਪਾਰਕ ਜਹਾਜ਼ਾਂ ਨੂੰ ਖੇਤਰ ਵਿੱਚ ਸ਼ਾਂਤੀ ਅਤੇ ਸੁਰੱਖਿਆ ਨੂੰ ਬਣਾਈ ਰੱਖਣ ਦੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ ਹਾਰਮੁਜ਼ ਜਲਡਮਰੂ ਵਿੱਚ ਅਮਰੀਕੀ ਫੌਜਾਂ ਦੇ ਨਿਰਦੇਸ਼ਾਂ ਦੀ ਤੁਰੰਤ ਪਾਲਣਾ ਕਰਨੀ ਚਾਹੀਦੀ ਹੈ। ਅਮਰੀਕੀ ਨਾਕਾਬੰਦੀ ਦੀ ਉਲੰਘਣਾ ਅਤੇ ਈਰਾਨੀ ਤੇਲ ਦੀ ਗੈਰ-ਕਾਨੂੰਨੀ ਆਵਾਜਾਈ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਸ ਹਫਤੇ ਓਮਾਨ ਤੱਟ ‘ਤੇ ਭਾਰਤੀ ਚਾਲਕ ਦਲ ਦੇ ਤਿੰਨ ਜਹਾਜ਼ਾਂ ‘ਤੇ ਹਮਲਾ ਹੋਇਆ, ਜਿਸ ਵਿੱਚੋਂ ਇੱਕ ‘ਚ ਤਿੰਨ ਭਾਰਤੀ ਮਲਾਹਾਂ ਦੀ ਮੌਤ ਹੋ ਗਈ ਸੀ। ਜੈਸ਼ੰਕਰ ਨੇ ਬਾਅਦ ਵਿੱਚ ਭਾਰਤ ਦਾ ਸਖ਼ਤ ਵਿਰੋਧ ਦਰਜ ਕਰਵਾਉਣ ਲਈ ਰੂਬੀਓ ਨੂੰ ਫੋਨ ਕੀਤਾ, ਇਹ ਕਹਿੰਦੇ ਹੋਏ ਕਿ ਵਪਾਰਕ ਜਹਾਜ਼ਰਾਨੀ ਵਿਰੁੱਧ ਅਜਿਹੀਆਂ ਘਾਤਕ ਕਾਰਵਾਈਆਂ ਜਾਇਜ਼ ਨਹੀਂ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤੀ ਜਹਾਜ਼ਾਂ ‘ਤੇ ਡਰੋਨ ਹਮਲੇ ਕਰਨ ਦਾ ਦੋਸ਼ ਈਰਾਨ ‘ਤੇ ਮੜ੍ਹਿਆ ਸੀ, ਜਦੋਂ ਕਿ ਈਰਾਨ ਨੇ ਇਸ ਦੋਸ਼ ਨੂੰ ਜ਼ੋਰਦਾਰ ਢੰਗ ਨਾਲ ਰੱਦ ਕਰ ਦਿੱਤਾ ਸੀ।