ਐਡਵੈਂਚਰ ਕਰਦੀ ਜਾਨ ਗੁਆ ਬੈਠੀ ਮੁਟਿਆਰ

0
4

ਸਾਓ ਪਾਅਲੋ (ਨ ਜ਼ ਸ)
ਅੱਜਕੱਲ੍ਹ ਸੋਸ਼ਲ ਮੀਡੀਆ ‘ਤੇ ਰੀਲਾਂ ਅਤੇ ਵੀਡੀਓਜ਼ ਦੇਖ ਕੇ ਲੋਕ ਅਕਸਰ ‘ਖਤਰਿਆਂ ਦੇ ਖਿਡਾਰੀ’ ਬਣਨ ਨਿਕਲ ਪੈਂਦੇ ਹਨ, ਜੋ ਕਿ ਕਈ ਵਾਰ ਜਾਨਲੇਵਾ ਸਾਬਤ ਹੁੰਦਾ ਹੈ। ਤਾਜ਼ਾ ਮਾਮਲਾ ਬ੍ਰਾਜ਼ੀਲ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਐਡਵੈਂਚਰ ਕੰਪਨੀ ਦੀ ਘੋਰ ਲਾਪਰਵਾਹੀ ਕਾਰਨ 24 ਸਾਲ ਦੀ ਮੁਟਿਆਰ ਦੀ ਬੰਜੀ ਜੰਪਿੰਗ ਦੌਰਾਨ ਮੌਤ ਹੋ ਗਈ।
ਇਹ ਹਾਦਸਾ ਸਾਓ ਪਾਓਲੋ ਰਾਜ ਦੇ ਲੀਮੇਈਰਾ ਅਤੇ ਕੋਰਡੇਈਰੋਪੋਲਿਸ ਸ਼ਹਿਰਾਂ ਨੂੰ ਜੋੜਨ ਵਾਲੇ ‘ਪੋਂਟੇ ਡੋ ਐਸਕੇਲੇਟੋ’ ਪੁਲ ‘ਤੇ ਹੋਇਆ। ਇਹ ਪੁਲ ਹਾਲ ਹੀ ਦੇ ਦਿਨਾਂ ਵਿੱਚ ਐਡਵੈਂਚਰ ਦੇ ਸ਼ੌਕੀਨਾਂ ਅਤੇ ਸੈਲਾਨੀਆਂ ਲਈ ਇੱਕ ਪਸੰਦੀਦਾ ਸਪਾਟ ਬਣ ਗਿਆ ਸੀ, ਪਰ ਇਸ ਥਾਂ ‘ਤੇ ਸਰਕਾਰ ਜਾਂ ਕਿਸੇ ਅਧਿਕਾਰਤ ਸੰਸਥਾ ਦੀ ਕੋਈ ਨਿਗਰਾਨੀ ਜਾਂ ਸੁਰੱਖਿਆ ਨਿਯਮ ਲਾਗੂ ਨਹੀਂ ਸਨ।
ਮਾਰੀਆ ਐਡੁਆਰਡਾ ਰੌਡਰਿਗਜ਼ ਡੀ ਫ੍ਰੀਟਾਸ ਨੇ ਇਸ ਖਤਰਨਾਕ ਬੰਜੀ ਜੰਪ ਅਤੇ ਉਸ ਦੀ ਵੀਡੀਓ ਸ਼ੂਟ ਕਰਵਾਉਣ ਲਈ ‘ਐਂਟਰੇ ਕੋਰਡਾਸ’ ਨਾਂਅ ਦੀ ਪ੍ਰਾਈਵੇਟ ਕੰਪਨੀ ਨੂੰ ਕਰੀਬ 290 ਡਾਲਰ ਦਿੱਤੇ ਸਨ। ਉਹ ਇਸ ਵੀਡੀਓ ਨੂੰ ਆਪਣੀਆਂ ਯਾਦਾਂ ਵਿੱਚ ਸਮੇਟਣਾ ਚਾਹੁੰਦੀ ਸੀ।
ਚਸ਼ਮਦੀਦਾਂ ਮੁਤਾਬਕ ਮੁਟਿਆਰ ਤੋਂ ਪਹਿਲਾਂ ਤਿੰਨ ਹੋਰ ਲੋਕਾਂ ਨੇ ਉੱਥੋਂ ਜੰਪ ਮਾਰਿਆ ਸੀ, ਜੋ ਸੁਰੱਖਿਅਤ ਰਹੇ, ਪਰ ਜਿਵੇਂ ਹੀ ਕੁੜੀ ਦੀ ਵਾਰੀ ਆਈ, ਉੱਥੇ ਮੌਜੂਦ ਸਟਾਫ ਮੈਂਬਰਾਂ ਨੇ ਸੁਰੱਖਿਆ ਨਿਯਮਾਂ ਨੂੰ ਪੂਰੀ ਤਰ੍ਹਾਂ ਛਿੱਕੇ ਟੰਗ ਦਿੱਤਾ। ਉਹ ਮੁਟਿਆਰ ਨੂੰ 35 ਮੀਟਰ ਦੀ ਉਚਾਈ ਤੋਂ ਕੁੱਦਣ ਦਾ ਇਸ਼ਾਰਾ ਕਰਨ ਜਾਂ ਹੇਠਾਂ ਧੱਕਣ ਤੋਂ ਪਹਿਲਾਂ ਇਹ ਚੈੱਕ ਕਰਨਾ ਭੁੱਲ ਗਏ ਕਿ ਉਸ ਦੀ ਸੁਰੱਖਿਆ ਰੱਸੀ ਠੀਕ ਤਰ੍ਹਾਂ ਬੰਨ੍ਹੀ ਹੈ ਜਾਂ ਨਹੀਂ। ਜਿਵੇਂ ਹੀ ਮੁਟਿਆਰ ਨੇ ਪੁਲ ਤੋਂ ਹੇਠਾਂ ਛਾਲ ਮਾਰੀ, ਉੱਥੇ ਮੌਜੂਦ ਲੋਕਾਂ ਨੂੰ ਤੁਰੰਤ ਪਤਾ ਲੱਗ ਗਿਆ ਕਿ ਉਸ ਦੇ ਪੈਰਾਂ ਜਾਂ ਸਰੀਰ ਨਾਲ ਕੋਈ ਰੱਸੀ ਬੰਨ੍ਹੀ ਹੋਈ ਨਹੀਂ ਸੀ। ਕੁੜੀ ਸਿੱਧੀ ਹੇਠਾਂ ਜਾ ਡਿੱਗੀ ਤੇ ਦਮ ਤੋੜ ਗਈ। ਗਲਤੀ ਦਾ ਅਹਿਸਾਸ ਹੁੰਦੇ ਹੀ ਇੰਸਟ੍ਰਕਟਰ ਅਤੇ ਸਟਾਫ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਪੁਲਸ ਨੇ ਨਾਕਾਮ ਬਣਾ ਦਿੱਤੀ। ਮਾਮਲੇ ਵਿੱਚ ਹੁਣ ਤੱਕ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।
ਹਾਦਸੇ ਤੋਂ ਪਹਿਲਾਂ ਮਾਰੀਆ ਨੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪੋਸਟ ਪਾ ਕੇ ਲਿਖਿਆ ਸੀ : ‘ਆਖਰ ਕਿਹੜੇ ਪਾਗਲ ਇਨਸਾਨ ਨੇ ਮੈਨੂੰ ਪੁਲ ਤੋਂ ਛਾਲ ਲਾਉਣ ਲਈ ਆਉਣ ਦਿੱਤਾ।’ ਮਾਰੀਆ ਦਾ ਮੰਗੇਤਰ ਵੀ ਮੌਕੇ ‘ਤੇ ਮੌਜੂਦ ਸੀ। ਮਾਰੀਆ ਦੀ ਮੌਤ ਤੋਂ ਬਾਅਦ ਉਸ ਦੀ ਤਬੀਅਤ ਵਿਗੜ ਗਈ।
ਕੀ ਹੁੰਦੀ ਹੈ ਬੰਜੀ ਜੰਪਿੰਗ : ਇਸ ਵਿੱਚ ਵਿਅਕਤੀ ਨੇ ਪੁਲ, ਟਾਵਰ, ਕ੍ਰੇਨ ਜਾਂ ਚੱਟਾਨ ਤੋਂ ਇੱਕ ਖਾਸ ਤਰ੍ਹਾਂ ਦੀ ਇਲਾਸਟਿਕ ਰੱਸੀ ਬੰਨ੍ਹ ਕੇ ਛਾਲ ਮਾਰਨੀ ਹੁੰਦੀ ਹੈ। ਛਾਲ ਮਾਰਨ ਦੇ ਬਾਅਦ ਵਿਅਕਤੀ ਕੁਝ ਸਕਿੰਟ ਹੇਠਾਂ ਜਾਂਦਾ ਹੈ ਅਤੇ ਜਿਵੇਂ ਹੀ ਰੱਸੀ ਪੂਰੀ ਤਰ੍ਹਾਂ ਖਿੱਚੀ ਜਾਂਦੀ ਹੈ, ਉਹ ਉਸ ਨੂੰ ਉੱਪਰ ਵੱਲ ਖਿੱਚਦੀ ਹੈ। ਹੇਠਾਂ-ਉੱਪਰ ਉੱਛਲਣ ਦਾ ਅਨੁਭਵ ਬੰਜੀ ਜੰਪਿੰਗ ਨੂੰ ਰੋਮਾਂਚਕ ਬਣਾਉਂਦਾ ਹੈ। ਇਸ ਲਈ ਸਭ ਤੋਂ ਪਹਿਲਾਂ ਵਿਅਕਤੀ ਦਾ ਭਾਰ ਤੋਲਿਆ ਜਾਂਦਾ ਹੈ ਤੇ ਉਸੇ ਹਿਸਾਬ ਨਾਲ ਜਾਨਦਾਰ ਰੱਸੀ ਬੰਨ੍ਹੀ ਜਾਂਦੀ ਹੈ।