ਸੂਰਤ ਸਿੰਘ ਧਰਮਕੋਟ ਵੱਲੋਂ ਪਾਰਟੀ ਕਾਂਗਰਸ ਲਈ 22 ਹਜ਼ਾਰ ਦਾ ਹੋਰ ਸਹਿਯੋਗ

0
85

ਸ਼ਾਹਕੋਟ (ਗਿਆਨ ਸੈਦਪੁਰੀ)-ਭਾਰਤੀ ਕਮਿਊਨਿਸਟ ਪਾਰਟੀ ਦਾ ਮਹਾਂ-ਸੰਮੇਲਨ ਜਿਵੇਂ-ਜਿਵੇਂ ਨੇੜੇ ਆ ਰਿਹਾ ਹੈ, ਉਵੇਂ-ਉਵੇਂ ਕਮਿਊਨਿਸਟ ਹਲਕਿਆਂ ਅੰਦਰ ਉਤਸ਼ਾਹ ਦੂਣ-ਸਵਾਇਆ ਹੁੰਦਾ ਨਜ਼ਰ ਆ ਰਿਹਾ ਹੈ। 21 ਤੋਂ 25 ਸਤੰਬਰ ਤੱਕ ਚੰਡੀਗੜ੍ਹ ਵਿੱਚ ਹੋ ਰਹੇ ਮਹਾਂ-ਸੰਮੇਲਨ ਦੀ ਸ਼ੁਰੂਆਤ 21 ਸਤੰਬਰ ਨੂੰ ਮੁਹਾਲੀ ਵਿੱਚ ਕੀਤੀ ਜਾਣ ਵਾਲੀ ਵੱਡੀ ਰੈਲੀ ਨਾਲ ਹੋਵੇਗੀ।
ਰੈਲੀ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਕਮਿਊਨਿਸਟ ਕਾਰਕੁੰਨ ਜ਼ੋਰ-ਸ਼ੋਰ ਨਾਲ ਪ੍ਰਚਾਰ ਵਿੱਚ ਲੱਗੇ ਹੋਏ ਹਨ। ਪਾਰਟੀ ਕਾਂਗਰਸ ਦੀ ਸਫ਼ਲਤਾ ਲਈ ਫੰਡ ਇਕੱਠਾ ਕਰਨ ਦੀ ਲਗਾਤਾਰਤਾ ਬਰਕਰਾਰ ਹੈ। ਇਸ ਸੰਬੰਧ ਵਿੱਚ ਧਰਮਕੋਟ ਹਲਕੇ ਵਿੱਚੋਂ ਉਤਸ਼ਾਹਜਨਕ ਹੁੰਗਾਰਾ ਮਿਲ ਰਿਹਾ ਹੈ। ਇਸੇ ਸਿਲਸਿਲੇ ਤਹਿਤ ਮਾਸਟਰ ਮਹਿੰਦਰ ਸਿੰਘ ਧਾਲੀਵਾਲ ਅਤੇ ਮਾਸਟਰ ਭਜਨ ਸਿੰਘ ਭਿੰਡਰ ਸਾਬਕਾ ਪ੍ਰਧਾਨ ਗੌਰਮਿੰਟ ਟੀਚਰ ਯੂਨੀਅਨ ਪੰਜਾਬ ਵੱਲੋਂ ਗਿਆਰਾਂ-ਗਿਆਰਾਂ ਹਜ਼ਾਰ ਰੁਪਏ ਕੁਲ ਹਿੰਦ ਕਿਸਾਨ ਸਭਾ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਕਾਮਰੇਡ ਸੂਰਤ ਸਿੰਘ ਧਰਮਕੋਟ ਨੂੰ ਸੌਂਪੇ ਗਏ। ਇਸ ਮੌਕੇ ਸਾਥੀ ਹਰਦਿਆਲ ਸਿੰਘ ਘਾਲੀ ਅਤੇ ਸਾਥੀ ਗੁਰਮੇਲ ਸਿੰਘ ਰੱਜੀਵਾਲ ਮੌਜੂਦ ਸਨ।