ਜੋਗਾ : ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਬਾਨੀਆਂ ’ਚੋਂ ਇੱਕ ਉੱਘੇ ਸੁਤੰਤਰਤਾ ਸੈਨਾਨੀ ਜੰਗੀਰ ਸਿੰਘ ਜੋਗਾ ਦੀ ਬਰਸੀ ਉਨ੍ਹਾ ਦੇ ਪਿੰਡ ਜੋਗਾ ਵਿਖੇ ਉਨ੍ਹਾ ਦੇ ਪੁੱਤਰ ਡਾਕਟਰ ਗੁਰਦਰਸ਼ਨ ਸਿੰਘ ਜੋਗਾ ਅਤੇ ਉਨ੍ਹਾ ਦੀ ਧੀ ਅੰਮਿ੍ਰਤਪਾਲ ਕੌਰ ਦੇ ਉਪਰਾਲੇ ਨਾਲ ਮਨਾਈ ਗਈ। ਸੁਖਮਨੀ ਸਾਹਿਬ ਦੇ ਭੋਗ ਤੋਂ ਬਾਅਦ ਕੀਰਤਨ ਹੋਇਆ। ਝੰਡਾ ਲਹਿਰਾਉਣ ਤੋਂ ਬਾਅਦ ਸੰਬੋਧਨ ਦੌਰਾਨ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਜਨਰਲ ਸਕੱਤਰ ਪਿਰਥੀਪਾਲ ਸਿੰਘ ਮਾੜੀਮੇਘਾ ਨੇ ਕਿਹਾ ਕਿ ਜੋਗਾ ਜੀ ਇੱਕ ਮਹਾਨ ਦੇਸ਼ ਭਗਤ ਸਨ। ਉਨ੍ਹਾ ਆਖਰੀ ਸਾਹਾਂ ਤੱਕ ਹਿੰਦੁਸਤਾਨ ਦੀ ਵਸੋਂ ਦੀ ਖੁਸ਼ਹਾਲੀ ਵਾਸਤੇ ਲੋਕਾਂ ਨੂੰ ਲਾਮਬੰਦ ਕੀਤਾ। ਉਹ ਵਿਧਾਨ ਸਭਾ ਦੇ ਮੈਂਬਰ ਵੀ ਰਹੇ ਅਤੇ ਅਸੰਬਲੀ ਵਿੱਚ ਵੀ ਨਿਡਰ ਹੋ ਕੇ ਉਨ੍ਹਾ ਲੋਕ ਮਸਲੇ ਹੱਲ ਕਰਵਾਉਣ ਦੀ ਕੋਸ਼ਿਸ਼ ਕੀਤੀ। ਜੋਗਾ ਜੀ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੁੱਖ ਕਰਤਿਆਂ ਵਿੱਚੋਂ ਇੱਕ ਸਨ। ਦੇਸ਼ ਭਗਤ ਯਾਦਗਾਰ ਕਮੇਟੀ ਵਰਗੀ ਸੰਸਥਾ ਦੁਨੀਆ ਵਿੱਚ ਨਹੀਂ ਹੈ। ਇਸ ਸੰਸਥਾ ਨੂੰ ਅਗਾਂਹਵਧੂ ਧਿਰਾਂ ਚਲਾ ਰਹੀਆਂ ਹਨ। ਇਹ ਸੰਸਥਾ ਆਪਣੇ ਆਜ਼ਾਦੀ ਘੁਲਾਟੀਆਂ ਦਾ ਇਤਿਹਾਸ ਸਾਂਭਣ ਅਤੇ ਉਨ੍ਹਾਂ ਦੇ ਸੁਪਨਿਆਂ ਦਾ ਪ੍ਰਚਾਰ ਅਤੇ ਪਾਸਾਰ ਕਰਨ ਵਾਲੀ ਹੈ। ਮਾੜੀਮੇਘਾ ਨੇ ਕਿਹਾ ਹਰ ਸਾਲ ਗਦਰੀ ਦੇਸ਼ ਭਗਤਾਂ ਦੀ ਯਾਦ ’ਚ ਦੇਸ਼ ਭਗਤ ਯਾਦਗਾਰ ਕੰਪਲੈਕਸ ਜਲੰਧਰ ਵਿੱਚ ਮੇਲਾ ਗ਼ਦਰੀ ਬਾਬਿਆਂ ਦਾ ਲਗਦਾ ਹੈ। ਇਸ ਵਾਰ 34 ਵਾਂ ਮੇਲਾ ਗ਼ਦਰੀ ਬਾਬਿਆਂ ਦਾ 30-31 ਅਕਤੂਬਰ ਅਤੇ ਪਹਿਲੀ ਨਵੰਬਰ ਨੂੰ ਲੱਗ ਰਿਹਾ ਹੈ।ਪਹਿਲੀ ਨਵੰਬਰ ਰਾਤ ਨਾਟਕਾਂ ਭਰੀ ਹੋਵੇਗੀ। 30 ਅਕਤੂਬਰ ਨੂੰ ਪ੍ਰਦਰਸ਼ਨੀ ਦੇ ਉਦਘਾਟਨ ਤੋਂ ਬਾਅਦ ਸ਼ਾਮ ਨੂੰ ਪੁਸਤਕ ਪੰਡਾਲ ਲੱਗਣਗੇ ਤੇ ਜੰਮੂ-ਕਸ਼ਮੀਰ ਵਿੱਚ ਕੇਂਦਰ ਸਰਕਾਰ ਵੱਲੋਂ 25 ਕਿਤਾਬਾਂ ’ਤੇ ਲਾਈ ਪਾਬੰਦੀ ’ਤੇ ਵਿਚਾਰ-ਚਰਚਾ ਹੋਵੇਗੀ। 31 ਅਕਤੂਬਰ ਨੂੰ ਗਾਇਨ, ਪੇਂਟਿੰਗ, ਕੁਇੱਜ਼ ਅਤੇ ਭਾਸ਼ਣ ਮੁਕਾਬਲਿਆਂ ਤੋਂ ਬਾਅਦ ਵਿਚਾਰ-ਚਰਚਾ ਹੋਵੇਗੀ, ਜਿਸ ਵਿੱਚ ਉੱਘੇ ਵਿਦਵਾਨ ਪ੍ਰਭਾਤ ਪਟਨਾਇਕ ਅਤੇ ਡਾਕਟਰ ਸਵਰਾਜਬੀਰ ਮੁੱਖ ਵਕਤਾ ਹੋਣਗੇ। ਪਹਿਲੀ ਨਵੰਬਰ ਨੂੰ ਝੰਡਾ ਲਹਿਰਾਉਣ ਦੀ ਰਸਮ ਕਮੇਟੀ ਮੈਂਬਰ ਦਰਸ਼ਨ ਸਿੰਘ ਖਟਕੜ ਨਿਭਾਉਣਗੇ। ਦਿਨ ਦੀ ਵੱਡੀ ਸਟੇਜ ’ਤੇ ਮਹਾਨ ਵਿਦਵਾਨ ਮੁਹੰਮਦ ਯੂਸਫ ਤਾਰੀਗਾਮੀ ਤੇ ਡਾਕਟਰ ਨਵਸ਼ਰਨ ਦੇ ਲੈਕਚਰ ਅਤੇ ਸਾਰਾ ਦਿਨ ਗੀਤ-ਸੰਗੀਤ ਚੱਲੇਗਾ। ਇਸੇ ਤਰ੍ਹਾਂ ਸ਼ਾਮ ਨੂੰ ਬਾਬਾ ਜਵਾਲਾ ਸਿੰਘ ਹਾਲ ਵਿੱਚ ਵਿਚਾਰ-ਚਰਚਾ ਹੋਵੇਗੀ। ਰਾਤ ਨਾਟਕਾਂ ਭਰੀ ਹੋਵੇਗੀ ਤੇ ਸਰਘੀ ਵੇਲੇ ਮੇਲਾ ਸਮਾਪਤ ਹੋਵੇਗਾ। ਸਮਾਗਮ ਨੂੰ ਡਾਕਟਰ ਵਿਜੇ ਸਿੰਗਲਾ ਐੱਮ ਐੱਲ ਏ ਤੇ ਰਣ ਸਿੰਘ ਨੇ ਵੀ ਸੰਬੋਧਨ ਕੀਤਾ। ਪੰਜਾਬ ਇਸਤਰੀ ਸਭਾ ਦੀ ਸੂਬਾਈ ਸੀਨੀਅਰ ਮੀਤ ਪ੍ਰਧਾਨ ਰੁਪਿੰਦਰ ਕੌਰ ਮਾੜੀਮੇਘਾ, ਅੰਮਿ੍ਰਤਪਾਲ ਕੌਰ ਅਤੇ ਜੁਗਿੰਦਰ ਕੌਰ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ।





