ਗ੍ਰੇਟਰ ਨੋਇਡਾ : ਕੌਮੀ ਰਾਜਧਾਨੀ ਖੇਤਰ ਗ੍ਰੇਟਰ ਨੋਇਡਾ ਵਿੱਚ ਪਤਨੀ ਨੂੰ 36 ਲੱਖ ਰੁਪਏ ਦਾਜ ਦੀ ਮੰਗ ਨੂੰ ਲੈ ਕੇ ਮਾਰਨ ਦੇ ਦੋਸ਼ ਵਿੱਚ ਫੜਿਆ ਵਿਅਕਤੀ ਭੱਜਣ ਦੀ ਕੋਸ਼ਿਸ਼ ’ਚ ਲੱਤ ’ਚ ਪੁਲਸ ਦੀ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ।
ਗੌਤਮ ਬੁੱਧ ਨਗਰ ਪੁਲਸ ਦੇ ਪੀ ਆਰ ਓ ਮੁਤਾਬਕ ਵਿਪਿਨ ਭਾਟੀ ਨੂੰ ਦੁਪਹਿਰ 1.30 ਵਜੇ ਦੇ ਕਰੀਬ ਡਾਕਟਰੀ ਜਾਂਚ ਲਈ ਲਿਜਾਇਆ ਜਾ ਰਿਹਾ ਸੀ, ਜਦੋਂ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਪੀੜਤ ਮਹਿਲਾ ਦੇ ਛੇ ਸਾਲਾ ਬੇਟੇ ਨੇ ਕਿਹਾ, ‘ਮੇਰੀ ਮੰਮੀ ਉਪਰ ਕੁਝ ਪਾਇਆ, ਫਿਰ ਉਸ ਨੂੰ ਥੱਪੜ ਮਾਰਿਆ ਤੇ ਲਾਈਟਰ ਨਾਲ ਅੱਗ ਲਾ ਦਿੱਤੀ।’ ਇਹ ਘਟਨਾ ਵੀਰਵਾਰ ਰਾਤ ਦੀ ਦੱਸੀ ਜਾਂਦੀ ਹੈ।
ਇਸ ਭਿਆਨਕ ਘਟਨਾ ਦੇ ਦੋ ਵੀਡੀਓ ਇੰਟਰਨੈੱਟ ’ਤੇ ਵਾਇਰਲ ਹੋ ਰਹੇ ਹਨ। ਇੱਕ ਵੀਡੀਓ ਵਿੱਚ ਇੱਕ ਆਦਮੀ ਅਤੇ ਇੱਕ ਔਰਤ ਪੀੜਤਾ ਨਾਲ ਕੁੱਟਮਾਰ ਕਰਦੇ ਅਤੇ ਉਸ ਨੂੰ ਵਾਲਾਂ ਤੋਂ ਫੜ ਕੇ ਘਰ ਤੋਂ ਬਾਹਰ ਖਿੱਚਦੇ ਦਿਖਾਈ ਦੇ ਰਹੇ ਹਨ। ਦੂਜੇ ਵੀਡੀਓ ਵਿੱਚ ਔਰਤ ਨੂੰ ਪੌੜੀਆਂ ਤੋਂ ਲੰਗੜਾ ਕੇ ਹੇਠਾਂ ਉਤਰਦੇ ਦੇਖਿਆ ਜਾ ਸਕਦਾ ਹੈ। ਪੁਲਸ ਨੇ ਦੱਸਿਆ ਕਿ ਪੀੜਤਾ ਦੀ ਵੱਡੀ ਭੈਣ ਕੰਚਨ, ਜਿਸ ਦਾ ਵਿਆਹ ਇੱਕੋ ਪਰਵਾਰ ਵਿੱਚ ਹੋਇਆ ਸੀ, ਨੇ ਗ੍ਰੇਟਰ ਨੋਇਡਾ ਦੇ ਕਾਸਨਾ ਪੁਲਸ ਸਟੇਸ਼ਨ ਅਧੀਨ ਪੈਂਦੇ ਸਿਰਸਾ ਪਿੰਡ ਵਿੱਚ ਵਾਪਰੀ ਘਟਨਾ ਦਾ ਵੀਡੀਓ ਬਣਾਇਆ ਸੀ। ਪੁਲਸ ਨੇ ਦੱਸਿਆ ਕਿ ਪੀੜਤਾ ਦੀ ਪਛਾਣ ਨਿੱਕੀ ਵਜੋਂ ਹੋਈ ਹੈ।
ਕੰਚਨ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਦਾਅਵਾ ਕੀਤਾ ਕਿ ਉਸ ਦੀ ਛੋਟੀ ਭੈਣ ਨੂੰ ਉਸ ਦੇ ਪਤੀ ਵਿਪਿਨ ਅਤੇ ਸਹੁਰਿਆਂ ਨੇ 36 ਲੱਖ ਰੁਪਏ ਦੀ ਦਾਜ ਦੀ ਮੰਗ ਪੂਰੀ ਨਾ ਕਰਨ ’ਤੇ ਮਾਰ ਦਿੱਤਾ। ਵਿਪਿਨ ਦੀ ਭਰਜਾਈ ਕੰਚਨ ਨੇ ਦਾਅਵਾ ਕੀਤਾ ਕਿ ਵੀਰਵਾਰ ਰਾਤ ਨੂੰ ਉਸ ਨੂੰ (ਨਿੱਕੀ) ਬੇਰਹਿਮੀ ਨਾਲ ਕੁੱਟਿਆ ਗਿਆ ਅਤੇ ਅੱਗ ਲਗਾ ਦਿੱਤੀ ਗਈ। ਉਸ ਨੇ ਕਿਹਾ, ‘ਪਿਛਲੇ ਕਈ ਦਿਨਾਂ ਤੋਂ ਸਾਨੂੰ ਦਾਜ ਲਈ ਕੁੱਟਿਆ ਅਤੇ ਤਸੀਹੇ ਦਿੱਤੇ ਜਾ ਰਹੇ ਸਨ। ਉਹ ਦਾਜ ਵਿੱਚ 36 ਲੱਖ ਰੁਪਏ ਦੀ ਮੰਗ ਕਰ ਰਹੇ ਸਨ। ਉਨ੍ਹਾਂ ਮੇਰੀ ਭੈਣ ਨੂੰ ਤਸੀਹੇ ਦਿੱਤੇ।’
ਕੰਚਨ ਨੇ ਆਪਣੇ ਭਤੀਜੇ ਨੂੰ ਬਾਹਾਂ ਵਿੱਚ ਫੜ ਕੇ ਰੋਂਦੇ ਹੋਏ ਕਿਹਾ, ‘ਉਨ੍ਹਾਂ ਉਸ ਦੀ ਗਰਦਨ ਅਤੇ ਸਿਰ ’ਤੇ ਵਾਰ ਕੀਤੇ ਅਤੇ ਉਸ ’ਤੇ ਤੇਜ਼ਾਬ ਸੁੱਟ ਦਿੱਤਾ। ਸਾਡੇ ਬੱਚੇ ਵੀ ਘਰ ਵਿੱਚ ਸਨ। ਮੈਂ ਕੁਝ ਨਹੀਂ ਕਰ ਸਕਦੀ ਸੀ। ਉਨ੍ਹਾਂ ਮੈਨੂੰ ਵੀ ਤਸੀਹੇ ਦਿੱਤੇ।’
ਏ ਡੀ ਸੀ ਪੀ ਗ੍ਰੇਟਰ ਨੋਇਡਾ ਸੁਧੀਰ ਕੁਮਾਰ ਨੇ ਕਿਹਾ, ‘21 ਅਗਸਤ ਨੂੰ ਸਾਨੂੰ ਫੋਰਟਿਸ ਹਸਪਤਾਲ ਤੋਂ ਇੱਕ ਫੋਨ ਆਇਆ, ਜਿਸ ਵਿੱਚ ਸਾਨੂੰ ਦੱਸਿਆ ਗਿਆ ਕਿ ਇੱਕ ਸੜੀ ਹੋਈ ਔਰਤ ਨੂੰ ਦਾਖਲ ਕਰਵਾਇਆ ਗਿਆ ਹੈ ਅਤੇ ਉਸ ਨੂੰ ਸਫਦਰਜੰਗ ਹਸਪਤਾਲ ਰੈਫਰ ਕੀਤਾ ਗਿਆ ਹੈ। ਪੁਲਸ ਤੁਰੰਤ ਸਫਦਰਜੰਗ ਹਸਪਤਾਲ ਲਈ ਰਵਾਨਾ ਹੋਈ, ਪਰ ਟੀਮ ਦੇ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਔਰਤ ਦੀ ਮੌਤ ਹੋ ਗਈ।’ ਕੰਚਨ ਨੇ ਕਿਹਾ ਕਿ ਉਸ ਦੇ ਸਹੁਰੇ ਚਾਹੁੰਦੇ ਸਨ ਕਿ ਉਸ ਦੀ ਭੈਣ ਘਰੋਂ ਚਲੀ ਜਾਵੇ ਤਾਂ ਜੋ ਵਿਪਿਨ ਮੁੜ ਵਿਆਹ ਕਰ ਸਕੇ। ਉਸ ਨੇ ਕਿਹਾ, ‘ਉਨ੍ਹਾਂ ਮੈਨੂੰ ਥੱਪੜ ਮਾਰਿਆ। ਮੈਂ ਜ਼ਖਮੀ ਹੋ ਗਈ… ਮੈਂ ਪੂਰਾ ਦਿਨ ਬੇਹੋਸ਼ ਰਹੀ।’ ਪੀੜਤਾ ਦੀ ਭੈਣ ਦੀ ਸ਼ਿਕਾਇਤ ਦੇ ਆਧਾਰ ’ਤੇ ਪੀੜਤਾ ਦੇ ਪਤੀ ਅਤੇ ਉਸ ਦੇ ਪਰਵਾਰ ਵਿਰੁੱਧ ਕਾਸਨਾ ਪੁਲਸ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ।’ ਨਿੱਕੀ ਤੇ ਵਿਪਿਨ ਦਾ ਵਿਆਹ 2016 ਵਿੱਚ ਹੋਇਆ ਸੀ ਅਤੇ ਉਨ੍ਹਾਂ ਦਾ ਇੱਕ ਪੁੱਤਰ ਹੈ।



