ਹੁਸ਼ਿਆਰਪੁਰ (ਬਲਵੀਰ ਸਿੰਘ ਸੈਣੀ/
ਓ ਪੀ ਰਾਣਾ)
ਜ਼ਿਲ੍ਹਾ ਹੁਸ਼ਿਆਰਪੁਰ ਦੇ ਅੱਡਾ ਮੰਡਿਆਲਾ ਵਿਖੇ ਐੱਚ ਪੀ ਗੈਸ ਟੈਂਕਰ ਅਤੇ ਮਹਿੰਦਰਾ ਪਿੱਕਅੱਪ ਗੱਡੀ ਦੀ ਟੱਕਰ ਦੌਰਾਨ ਵਾਪਰੇ ਅਗਨੀ ਕਾਂਡ ਦੇ ਮਾਮਲੇ ’ਚ ਪੁਲਸ ਨੇ 4 ਵਿਅਕਤੀਆਂ ਨੂੰ ਗਿ੍ਰਫਤਾਰ ਕਰ ਲਿਆ ਹੈ। ਇਹਨਾਂ ’ਚ ਡਰਾਈਵਰ ਅਤੇ ਗੈਸ ਚੋਰੀ ਦਾ ਧੰਦਾ ਚਲਾਉਣ ਵਾਲੇ 3 ਵਿਅਕਤੀ ਸ਼ਾਮਲ ਹਨ । ਐੱਸ ਐੱਸ ਪੀ ਸੰਦੀਪ ਮਲਿਕ ਨੇ ਐਤਵਾਰ ਪ੍ਰੈੱਸ ਕਾਨਫਰੰਸ ਵਿੱਚ ਦੱਸਿਆ ਕਿ ਡਰਾਈਵਰ ਵੱਲੋਂ ਇਹ ਜਾਣਦੇ ਹੋਏ ਕਿ ਟੈਂਕਰ ਵਿਚ ਮੌਜੂਦ ਜਲਣਸ਼ੀਲ ਪਦਾਰਥ ਨਾਲ ਆਮ ਲੋਕਾਂ ਦਾ ਜਾਨੀ-ਮਾਲੀ ਨੁਕਸਾਨ ਹੋ ਸਕਦਾ ਹੈ, ਟੈਂਕਰ ਨੂੰ ਤੰਗ ਲਿੰਕ ਰੋਡ ਵੱਲ ਲੈ ਕੇ ਜਾਣ ਕਰਕੇ ਇਹ ਹਾਦਸਾ ਵਾਪਰਿਆ। ਪੰਧੇਰ ਖੇੜੀ, ਥਾਣਾ ਮਲੌਦ, ਜ਼ਿਲ੍ਹਾ ਖੰਨਾ ਦਾ ਡਰਾਈਵਰ ਸੁਖਜੀਤ ਸੁਖਚੈਨ ਸਿੰਘ ਸੁੱਖਾ ਵਾਸੀ ਰਾਮ ਨਗਰ ਢੇਹਾ ਦੇ ਡੇਰੇ ’ਤੇ ਜਾ ਰਿਹਾ ਸੀ, ਕਿਉਕਿ ਸੁੱਖਾ ਗੈਸ ਪਲਾਂਟ ਵਿੱਚੋਂ ਆਉਦੇ ਟੈਂਕਰਾਂ ਦੇ ਡਰਾਈਵਰਾਂ ਨਾਲ ਮਿਲੀਭਗਤ ਕਰਕੇ ਟੈਂਕਰਾਂ ਵਿਚੋਂ ਗੈਰ-ਕਾਨੂੰਨੀ ਤਰੀਕੇ ਨਾਲ ਜੁਗਾੜੂ ਪਾਈਪ ਦੀ ਮਦਦ ਨਾਲ ਗੈਸ ਕੱਢ ਕੇ ਸਿਲੰਡਰਾਂ ਵਿੱਚ ਭਰ ਕੇ ਅੱਗੇ ਗਾਹਕਾਂ ਨੂੰ ਵੇਚਦਾ ਹੈ।
ਤਫਤੀਸ਼ ਦੌਰਾਨ ਸਾਹਮਣੇ ਆਇਆ ਕਿ ਅਵਤਾਰ ਸਿੰਘ ਉਰਫ ਮਤੀ ਵਾਸੀ ਜੰਡੀ ਥਾਣਾ ਬੁੱਲ੍ਹੋਵਾਲ, ਰਮੇਸ਼ ਕੁਮਾਰ ਅਤੇ ਰਾਜ ਕੁਮਾਰ ਵਾਸੀਆਨ ਲੰਮਾ ਪਿੰਡ, ਜਲੰਧਰ ਵੀ ਗੈਸ ਟੈਂਕਰਾਂ ਦੇ ਡਰਾਈਵਰਾਂ ਨਾਲ ਮਿਲੀਭੁਗਤ ਕਰਕੇ ਟੈਂਕਰਾਂ ਵਿੱਚੋਂ ਗੈਸ ਕੱਢ ਕੇ ਅੱਗੇ ਸਿਲੰਡਰਾਂ ਵਿੱਚ ਭਰ ਕੇ ਆਪਣੇ ਗਾਹਕਾਂ ਨੂੰ ਵੇਚਦੇ ਹਨ। ਉਹਨਾ ਦੱਸਿਆ ਕਿ ਮਹਿੰਦਰਾ ਜੀਪ ਦੇ ਡਰਾਈਵਰ ਦਾ ਹਾਲੇ ਤੱਕ ਕੁਝ ਵੀ ਪਤਾ ਨਹੀਂ ਲੱਗ ਸਕਿਆ। ਇਸੇ ਦੌਰਾਨ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਹੁਣ ਤੱਕ 7 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 13 ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਮਿ੍ਰਤਕਾਂ ਵਿਚ ਸੁਖਜੀਤ ਸਿੰਘ, ਬਲਵੰਤ ਰਾਏ, ਧਰਮਿੰਦਰ ਵਰਮਾ, ਮਨਜੀਤ ਸਿੰਘ, ਵਿਜੇ, ਜਸਵਿੰਦਰ ਕੌਰ ਅਤੇ ਅਰਾਧਨਾ ਵਰਮਾ ਸ਼ਾਮਲ ਹਨ, ਜਦੋਂ ਕਿ ਜ਼ਖਮੀਆਂ ਵਿੱਚ ਹਰਬੰਸ ਲਾਲ, ਅਮਰਜੀਤ ਕੌਰ, ਸੁਖਜੀਤ ਕੌਰ, ਜੋਤੀ, ਗੁਰਮੁਖ ਸਿੰਘ, ਹਰਪ੍ਰੀਤ ਕੌਰ, ਕੁਸੁਮ, ਭਗਵਾਨ ਦਾਸ, ਸੀਤਾ, ਅਜੈ, ਸੰਜੇ, ਰਾਘਵ ਅਤੇ ਪੂਜਾ ਸ਼ਾਮਲ ਹਨ। ਬਲਵੰਤ ਸਿੰਘ, ਸੁਮਨ ਅਤੇ ਲਾਲੀ ਵਰਮਾ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।





