ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਸੋਮਵਾਰ ਇੰਡੀਆਜ਼ ਗੌਟ ਲੈਟੈਂਟ ਦੇ ਮੇਜ਼ਬਾਨ ਸਮਯ ਰੈਨਾ ਸਮੇਤ ਪੰਜ ਸੋਸ਼ਲ ਮੀਡੀਆ ਇਨਫਲੂਐਂਸਰਾਂ ਨੂੰ ਦਿਵਿਆਂਗ ਵਿਅਕਤੀਆਂ ਅਤੇ ਦੁਰਲੱਭ ਜੈਨੇਟਿਕ ਬਿਮਾਰੀਆਂ ਤੋਂ ਪੀੜਤ ਲੋਕਾਂ ਦਾ ਮਜ਼ਾਕ ਉਡਾਉਣ ਲਈ ਆਪਣੇ ਪੋਡਕਾਸਟ ਜਾਂ ਸ਼ੋਅ ’ਤੇ ਬਿਨਾਂ ਸ਼ਰਤ ਮੁਆਫੀ ਪ੍ਰਦਰਸ਼ਤ ਕਰਨ ਦਾ ਨਿਰਦੇਸ਼ ਦਿੱਤਾ ਹੈ।
ਜਸਟਿਸ ਸੂਰੀਆ ਕਾਂਤ ਅਤੇ ਜੋਏਮਲਿਆ ਬਾਗਚੀ ਦੀ ਬੈਂਚ ਨੇ ਕੇਂਦਰ ਨੂੰ ਦਿਵਿਆਂਗ, ਔਰਤਾਂ, ਬੱਚਿਆਂ ਅਤੇ ਸੀਨੀਅਰ ਨਾਗਰਿਕਾਂ ਦਾ ਅਪਮਾਨ ਕਰਨ ਜਾਂ ਮਜ਼ਾਕ ਉਡਾਉਣ ਵਾਲੇ ਭਾਸ਼ਣਾਂ ’ਤੇ ਰੋਕ ਲਗਾਉਣ ਲਈ ਦਿਸ਼ਾ-ਨਿਰਦੇਸ਼ ਬਣਾਉਣ ਲਈ ਕਿਹਾ। ਕੋਰਟ ਨੇ ਕਿਹਾ ਕਿ ਭਾਸ਼ਣ ਅਤੇ ਪ੍ਰਗਟਾਵੇ ਦੀ ਆਜ਼ਾਦੀ ਵਪਾਰਕ ਭਾਸ਼ਣ ’ਤੇ ਲਾਗੂ ਨਹੀਂ ਹੋ ਸਕਦੀ, ਜੋ ਕਿ ਦੂਜੇ ਭਾਈਚਾਰਿਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀ ਹੈ। ਉਸ ਨੇ ਕਿਹਾ ਕਿ ਅਦਾਲਤ ਬਾਅਦ ਵਿੱਚ ਸਮਯ ਰੈਨਾ ਸਮੇਤ ਸੋਸ਼ਲ ਮੀਡੀਆ ਇਨਫਲੂਐਂਸਰਾਂ ਦੁਆਰਾ ਦਿਵਿਆਂਗ ਵਿਅਕਤੀਆਂ ਦਾ ਅਪਮਾਨ ਕਰਨ ਲਈ ਜੁਰਮਾਨਾ ਲਗਾਉਣ ’ਤੇ ਵਿਚਾਰ ਕਰੇਗੀ। ਇਹ ਪੰਜੇ ਦਿਵਿਆਂਗਾਂ ਅਤੇ ਸਪਾਈਨਲ ਮਸਕੂਲਰ ਐਟਰੋਫੀ ਅਤੇ ਦਿ੍ਰਸ਼ਟੀਹੀਣਤਾ ਤੋਂ ਪੀੜਤ ਲੋਕਾਂ ਦਾ ਮਜ਼ਾਕ ਉਡਾਉਣ ਦੇ ਦੋਸ਼ੀ ਹਨ। ਸੋਨਾਲੀ ਠੱਕਰ ਉਰਫ ਸੋਨਾਲੀ ਆਦਿਤਿਆ ਦੇਸਾਈ ਨੂੰ ਛੱਡ ਕੇ, ਜਿਸ ਨੂੰ ਇਸ ਸ਼ਰਤ ’ਤੇ ਨਿੱਜੀ ਤੌਰ ’ਤੇ ਪੇਸ਼ ਹੋਣ ਤੋਂ ਛੋਟ ਦਿੱਤੀ ਗਈ ਸੀ ਕਿ ਉਸ ਦੇ ਪ੍ਰੋਗਰਾਮ ਵਿੱਚ ਬਿਨਾਂ ਸ਼ਰਤ ਮੁਆਫੀ ਦਾ ਪ੍ਰਸਾਰਨ ਕੀਤਾ ਜਾਵੇਗਾ, ਬਾਕੀ ਸੋਸ਼ਲ ਮੀਡੀਆ ਇਨਫਲੂਐਂਸਰ ਅਦਾਲਤ ਵਿੱਚ ਮੌਜੂਦ ਸਨ। ਬੈਂਚ ਨੇ ਅਟਾਰਨੀ ਜਨਰਲ ਆਰ ਵੈਂਕਟਾਰਮਨੀ ਨੂੰ ਕਿਹਾ ਕਿ ਸੋਸ਼ਲ ਮੀਡੀਆ ਨਿਯਮਾਂ ਲਈ ਦਿਸ਼ਾ-ਨਿਰਦੇਸ਼ ਇੱਕ ਘਟਨਾ ’ਤੇ ਕਾਹਲੀ ਨਾਲ ਕੀਤੀ ਗਈ ਪ੍ਰਤੀਕਿਰਿਆ ਨਹੀਂ ਹੋਣੀ ਚਾਹੀਦੀ, ਬਲਕਿ ਸਾਰੇ ਹਿੱਸੇਦਾਰਾਂ ਦੇ ਵਿਚਾਰਾਂ ਨੂੰ ਸ਼ਾਮਲ ਕਰਨ ਵਾਲੇ ਵਿਆਪਕ ਆਧਾਰਤ ਮਾਪਦੰਡਾਂ ’ਤੇ ਅਧਾਰਤ ਹੋਣੀ ਚਾਹੀਦੀ ਹੈ। ਸੁਪਰੀਮ ਕੋਰਟ ਨੇ ਸਮਯ ਰੈਨਾ ਨੂੰ ਉਸ ਦੇ ਮੁਆਫੀ ਮੰਗਣ ਵਾਲੇ ਹਲਫਨਾਮੇ ਲਈ ਵੀ ਝਾੜ ਪਾਈ ਅਤੇ ਕਿਹਾ ਕਿ ਉਸ ਨੇ ਸ਼ੁਰੂ ਵਿੱਚ ਆਪਣਾ ਬਚਾਅ ਕਰਨ ਅਤੇ ਆਪਣੇ ਆਪ ਨੂੰ ਨਿਰਦੋਸ਼ ਦਿਖਾਉਣ ਦੀ ਕੋਸ਼ਿਸ਼ ਕੀਤੀ।



