ਸੁਲਤਾਨਪੁਰ ਲੋਧੀ (ਬਲਵੀਰ ਸ਼ਾਲ੍ਹਾਪੁਰੀ) : ਬਿਆਸ ਦਰਿਆ ਦੇ ਵਧੇ ਪਾਣੀ ਕਾਰਨ ਸੁਲਤਾਨਪੁਰ ਲੋਧੀ ਤੇ ਢਿਲਵਾਂ ਦੇ ਪ੍ਰਭਾਵਤ ਮੰਡ ਖੇਤਰ ਵਿੱਚ ਰਾਹਤ ਕਾਰਜ ਵਰ੍ਹਦੇ ਮੀਂਹ ਵਿਚ ਵੀ ਨਿਰੰਤਰ ਜਾਰੀ ਹਨ। ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਪਿਛਲੇ 2 ਦਿਨ ਤੋਂ ਹੋ ਰਹੀ ਭਾਰੀ ਵਰਖਾ ਦੇ ਬਾਵਜੂਦ ਰਾਹਤ ਕੰਮਾਂ ਵਿੱਚ ਲੱਗੀਆਂ ਟੀਮਾਂ ਵੱਲੋਂ ਸੇਵਾ ਭਾਵਨਾ ਨਾਲ ਕੰਮ ਕੀਤਾ ਜਾ ਰਿਹਾ ਹੈ। ਐੱਸ ਡੀ ਆਰ ਐੱਫ ਦੀਆਂ ਟੀਮਾਂ ਵੱਲੋਂ ਸੋਮਵਾਰ ਬਾਊਪੁਰ ਪਿੰਡ ਵਿੱਚੋਂ ਪਾਣੀ ਨਾਲ ਘਿਰੇ ਜਗਤ ਸਿੰਘ ਦੇ ਪੂਰੇ ਪਰਵਾਰ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਉਨ੍ਹਾ ਦੱਸਿਆ ਕਿ ਰਾਹਤ ਕੰਮਾਂ ਤਹਿਤ ਵਿਸ਼ੇਸ਼ ਕਰਕੇ ਰਾਸ਼ਨ ਦੀ ਸਪਲਾਈ, ਬਿਮਾਰੀਆਂ ਤੋਂ ਬਚਾਅ ਲਈ ਦਵਾਈਆਂ ਤੇ ਪਸ਼ੂ ਧਨ ਲਈ ਸਾਈਲੇਜ ਦੀ ਸਪਲਾਈ ਖਰਾਬ ਮੌਸਮ ਦੇ ਮੱਦੇਨਜ਼ਰ ਹੋਰ ਅਸਰਦਾਰ ਢੰਗ ਨਾਲ ਕਰਨ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ। ਇਸ ਤੋਂ ਇਲਾਵਾ ਬਰਸਾਤੀ ਮੌਸਮ ਵਿਚ ਪਸ਼ੂ ਧਨ ਦੀ ਸਿਹਤ ਸੰਭਾਲ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਵੈਟਰਨਰੀ ਡਾਕਟਰਾਂ ਦੀਆਂ ਟੀਮਾਂ ਵੱਲੋਂ ਕਿਸ਼ਤੀਆਂ ਰਾਹੀਂ ਪ੍ਰਭਾਵਤ ਲੋਕਾਂ ਤੱਕ ਪਹੁੰਚ ਕਰਕੇ ਪਸ਼ੂ ਧਨ ਦੀ ਜਾਂਚ ਕੀਤੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮੁਸਤੈਦ ਰਹਿਣ ਤੇ ਕਿਸੇ ਅਫ਼ਵਾਹ ਉਪਰ ਯਕੀਨ ਨਾ ਕਰਨ। ਲੋੜ ਪੈਣ ਵੇਲੇ ਕਿਸੇ ਸਹਾਇਤਾ ਲਈ ਲੋਕ ਜ਼ਿਲ੍ਹਾ ਪੱਧਰੀ ਕੰਟਰੋਲ ਰੂਮ ਨੰਬਰ 01822-231990, ਸੁਲਤਾਨਪੁਰ ਲੋਧੀ ਸਬ-ਡਵੀਜ਼ਨ ਦੇ ਹੜ੍ਹ ਰੋਕੂ ਕੰਟਰੋਲ ਰੂਮ 01828-222169 ਤੇ ਭੁਲੱਥ ਸਬ-ਡਵੀਜ਼ਨ ਦੇ ਪ੍ਰਭਾਵਤ ਖੇਤਰਾਂ ਲਈ ਹੈੱਲਪਲਾਇਨ 01822-271829 ਉਪਰ ਸੰਪਰਕ ਕਰਨ।





