ਵਾਸ਼ਿੰਗਟਨ : ਟਰੰਪ ਪ੍ਰਸ਼ਾਸਨ ਨੇ ਵਿਦੇਸ਼ੀ ਵਿਦਿਆਰਥੀਆਂ ਤੇ ਮੀਡੀਆ ਕਰਮੀਆਂ ਲਈ ਵੀਜ਼ੇ ਦੀ ਮਿਆਦ ਸੀਮਤ ਕਰਨ ਦੀ ਤਜਵੀਜ਼ ਰੱਖੀ ਹੈ। ਗ੍ਰਹਿ ਸੁਰੱਖਿਆ ਵਿਭਾਗ ਨੇ ਕਿਹਾ ਹੈ ਕਿ ਜੇ ਪ੍ਰਸਤਾਵਤ ਨੇਮ ਨੂੰ ਅੰਤਮ ਰੂਪ ਦਿੱਤਾ ਜਾਂਦਾ ਹੈ ਤਾਂ ਵਿਦੇਸ਼ੀ ਵਿਦਿਆਰਥੀਆਂ ਸਣੇ ਕੁਝ ਵੀਜ਼ਾਧਾਰਕਾਂ ਲਈ ਅਮਰੀਕਾ ’ਚ ਰਹਿਣ ਲਈ ਮਿਆਦ (ਸਮਾਂ ਹੱਦ) ਸੀਮਤ ਹੋ ਜਾਵੇਗੀ।
ਸਾਲ 1978 ਤੋਂ ਵਿਦੇਸ਼ੀ ਵਿਦਿਆਰਥੀਆਂ ਨੂੰ ‘ਐੱਫ’ ਵੀਜ਼ਾ ਤਹਿਤ ਅਣਮਿਥੇ ਸਮੇਂ ਲਈ ਅਮਰੀਕਾ ’ਚ ਐਂਟਰੀ ਦਿੱਤੀ ਜਾਂਦੀ ਰਹੀ ਹੈ।
ਗ੍ਰਹਿ ਵਿਭਾਗ ਨੇ ਕਿਹਾ ਕਿ ਹੋਰ ਵੀਜ਼ਿਆਂ ਦੇ ਉਲਟ ‘ਐੱਫ’ ਵੀਜ਼ਾ ਹੋਲਡਰਾਂ ਨੂੰ ਬਿਨਾਂ ਕਿਸੇ ਵਾਧੂ ਜਾਂਚ-ਪੜਤਾਲ ਦੇ ਅਣਮਿਥੇ ਸਮੇਂ ਲਈ ਅਮਰੀਕਾ ’ਚ ਰਹਿਣ ਦੀ ਆਗਿਆ ਹੁੰਦੀ ਹੈ। ਲੰਮੇ ਸਮੇਂ ਤੋਂ ਪਿਛਲੇ ਪ੍ਰਸ਼ਾਸਨਾਂ ਨੇ ਵਿਦੇਸ਼ੀ ਵਿਦਿਆਰਥੀਆਂ ਅਤੇ ਹੋਰ ਵੀਜ਼ਾ ਹੋਲਡਰਾਂ ਨੂੰ ਅਮਰੀਕਾ ’ਚ ਲਗਭਗ ਅਣਮਿਥੇ ਸਮੇਂ ਲਈ ਰਹਿਣ ਦੀ ਆਗਿਆ ਦਿੱਤੀ ਹੈ, ਜਿਸ ਨਾਲ ਸੁਰੱਖਿਆ ਜੋਖਮ ਪੈਦਾ ਹੋਇਆ ਹੈ। ਟੈਕਸ ਅਦਾ ਕਰਨ ਵਾਲਿਆਂ ਨੂੰ ਭਾਰੀ ਹਾਨੀ ਹੋਈ ਹੈ ਅਤੇ ਅਮਰੀਕੀ ਨਾਗਰਿਕਾਂ ਨੂੰ ਨੁਕਸਾਨ ਹੋਇਆ ਹੈ। ਨਵਾਂ ਨੇਮ ਕੁਝ ਵੀਜ਼ਾ ਧਾਰਕਾਂ ਦੀ ਅਮਰੀਕਾ ’ਚ ਰਹਿਣ ਦੀ ਮਿਆਦ ਸੀਮਤ ਕਰਕੇ ਇਸ ਦੁਰਵਰਤੋਂ ਨੂੰ ਹਮੇਸ਼ਾ ਲਈ ਖਤਮ ਕਰ ਦੇਵੇਗਾ। ਵਿਦੇਸ਼ੀ ਮੀਡੀਆ ਕਰਮੀ ਪੰਜ ਸਾਲ ਲਈ ਜਾਰੀ ਕੀਤੇ ‘ਆਈ’ ਵੀਜ਼ਾ ਤਹਿਤ ਅਮਰੀਕਾ ’ਚ ਕੰਮ ਕਰ ਸਕਦੇ ਹਨ, ਜਿਸ ਨੂੰ ਕਈ ਵਾਰ ਵਧਾਇਆ ਜਾ ਸਕਦਾ ਹੈ। ਹਾਲਾਂਕਿ ਨਵੇਂ ਨਿਯਮ ਤਹਿਤ ਮੁੱਢਲੀ ਮਿਆਦ 240 ਦਿਨਾਂ ਤੱਕ ਤੈਅ ਕੀਤੀ ਜਾਵੇਗੀ।




